ਥਿੰਦ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਦੇਸ਼ ਭਗਤ ਯੂਨੀਵਰਸਿਟੀ ਨਾਲ ਜੁੜੀ ਸਫਲ ਵਿੱਦਿਅਕ ਯਾਤਰਾ
ਮੰਡੀ ਗੋਬਿੰਦਗੜ੍ਹ, 16 ਨਵੰਬਰ,ਬੋਲੇ ਪੰਜਾਬ ਬਿਊਰੋ;
ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਅਧੀਨ ਕਾਰਜਸ਼ੀਲ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਇੱਕ ਹੋਰ ਵਿੱਦਿਅਕ ਮੀਲ ਪੱਥਰ ਸਥਾਪਤ ਕੀਤਾ ਹੈ। ਕਾਲਜ ਦੀ ਪੋਸਟ ਗ੍ਰੈਜੂਏਟ ਵਿਦਿਆਰਥਣ ਡਾ. ਦੀਆ ਵੀਰ ਕੌਰ ਥਿੰਦ ਨੇ ਐਮਡੀਐਸ ਪਹਿਲੇ ਸਾਲ ਦੀਆਂ ਪ੍ਰੀਖਿਆਵਾਂ ਵਿੱਚ ਯੂਨੀਵਰਸਿਟੀ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ।
ਡਾ. ਦੀਆ ਨੇ ਇਹ ਮਾਣਮੱਤੀ ਪ੍ਰਾਪਤੀ ਕਨਜ਼ਰਵੇਟਿਵ ਡੈਂਟਿਸਟਰੀ ਅਤੇ ਐਂਡੋਡੋਂਟਿਕਸ ਵਿਭਾਗ ਦੀ ਵਿਦਿਆਰਥਣ ਵਜੋਂ ਵਿਭਾਗ ਦੇ ਮੁਖੀ ਅਤੇ ਖੋਜ ਕਾਰਜਾਂ ਦੇ ਡੀਨ ਪ੍ਰੋ. (ਡਾ.) ਹਰਪ੍ਰੀਤ ਸਿੰਘ ਦੀ ਮਾਹਿਰ ਅਗਵਾਈ ਅਤੇ ਸੁਚੱਜੇ ਮਾਰਗਦਰਸ਼ਨ ਹੇਠ ਹਾਸਲ ਕੀਤੀ ਹੈ। ਉਨ੍ਹਾਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਲਗਨ, ਵਿੱਦਿਅਕ ਯੋਗਤਾ ਅਤੇ ਮਿਆਰੀ ਦੰਦ ਚਿਕਿਤਸਾ ਸਿੱਖਿਆ ਤੇ ਕਿੱਤਾਮੁਖੀ ਸਿਖਲਾਈ ਪ੍ਰਤੀ ਸੰਸਥਾ ਦੀ ਵਚਨਬੱਧਤਾ ਦਾ ਪ੍ਰਗਟਾਵਾ ਕਰਦੀ ਹੈ।
ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਡੀਬੀਯੂ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ ਹਰਸ਼ ਸਦਾਵਰਤੀ ਨੇ ਡਾ. ਦੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਮਾਰਗਦਰਸ਼ਕ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿੱਦਿਅਕ ਉੱਤਮਤਾ, ਮਿਆਰੀ ਸਿੱਖਿਆ ਅਤੇ ਖੋਜ ਕਾਰਜ ਯੂਨੀਵਰਸਿਟੀ ਦੀਆਂ ਮੁੱਖ ਤਰਜੀਹਾਂ ਹਨ। ਉਨ੍ਹਾਂ ਨੇ ਦੁਹਰਾਇਆ ਕਿ ਡੀਬੀਯੂ ਵਿਦਿਆਰਥੀਆਂ ਨੂੰ ਅਜਿਹਾ ਸੁਖਾਵਾਂ ਅਤੇ ਗਿਆਨ ਭਰਪੂਰ ਵਿੱਦਿਅਕ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜੋ ਉਨ੍ਹਾਂ ਨੂੰ ਬਿਹਤਰ ਕਾਰਗੁਜ਼ਾਰੀ ਦਿਖਾਉਣ ਅਤੇ ਨਵੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕਰਦਾ ਹੈ।
ਇਸ ਪ੍ਰਾਪਤੀ ਨੂੰ ਹੋਰ ਵੀ ਵਿਸ਼ੇਸ਼ ਬਣਾਉਣ ਵਾਲੀ ਗੱਲ ਇਹ ਹੈ ਕਿ ਡਾ. ਦੀਆ ਦੇ ਪਰਿਵਾਰ ਦਾ ਦੇਸ਼ ਭਗਤ ਡੈਂਟਲ ਕਾਲਜ ਨਾਲ ਲੰਮੇ ਸਮੇਂ ਤੋਂ ਗੂੜ੍ਹਾ ਸਬੰਧ ਰਿਹਾ ਹੈ। ਉਨ੍ਹਾਂ ਦੀ ਵੱਡੀ ਭੈਣ ਡਾ. ਬਿਰਸੁਖਮਨ ਕੌਰ ਥਿੰਦ ਵੀ ਇਸੇ ਸੰਸਥਾ ਦੀ ਪੁਰਾਣੀ ਵਿਦਿਆਰਥਣ ਹੈ, ਜਿਸ ਨੇ ਪੀਰੀਓਡੌਂਟਿਕਸ ਵਿੱਚ ਐਮਡੀਐਸ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦੀ ਮਾਤਾ ਡਾ. ਗੁਰਿੰਦਰ ਕੌਰ ਥਿੰਦ ਨੇ ਵੀ 56 ਸਾਲ ਦੀ ਉਮਰ ਵਿੱਚ ਇਸੇ ਕਾਲਜ ਤੋਂ ਪ੍ਰੋਸਥੋਡੌਂਟਿਕਸ ਵਿੱਚ ਐਮਡੀਐਸ ਦੀ ਪੜ੍ਹਾਈ ਪੂਰੀ ਕੀਤੀ ਸੀ। ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਇਸ ਸੰਸਥਾ ਨਾਲ ਜੁੜੀ ਵਿੱਦਿਅਕ ਯਾਤਰਾ ਇਸ ਦੇ ਵਿੱਦਿਅਕ ਮਿਆਰ, ਸਿੱਖਿਆ ਦੇ ਮਾਹੌਲ ਅਤੇ ਕਿੱਤਾਮੁਖੀ ਸਿਖਲਾਈ ਪ੍ਰਤੀ ਉਨ੍ਹਾਂ ਦੇ ਅਟੁੱਟ ਭਰੋਸੇ ਨੂੰ ਦਰਸਾਉਂਦੀ ਹੈ।
ਇਸ ਪ੍ਰਾਪਤੀ ਦੀ ਯੂਨੀਵਰਸਿਟੀ ਪਰਿਵਾਰ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਸਫਲਤਾ ਵਿਦਿਆਰਥਣ, ਉਨ੍ਹਾਂ ਦੇ ਮਾਰਗਦਰਸ਼ਕ, ਪਰਿਵਾਰ ਅਤੇ ਸੰਸਥਾ ਦੇ ਸਾਂਝੇ ਯਤਨਾਂ ਦਾ ਪ੍ਰਮਾਣ ਹੈ, ਜੋ ਵਿੱਦਿਅਕ ਉੱਤਮਤਾ ਅਤੇ ਕਿੱਤਾਮੁਖੀ ਮੁਹਾਰਤ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।












