ਕੁਰਸੀ ਦੀ ਭੁੱਖ ’ਚ ਜ਼ਮੀਰ ਦਫ਼ਨ ਕਰ ਰਹੇ ਸਿਆਸੀ ਆਗੂ; ਪੰਜਾਬ ਦੇ ਹਿੱਤਾਂ ਨਾਲੋਂ ਨਿੱਜੀ ਸਵਾਰਥ ਹੋਏ ਭਾਰੂ: ਗੁਰਚਰਨ ਸਿੰਘ ਗੁਰਾਇਆ

ਨੈਸ਼ਨਲ ਪੰਜਾਬ

ਆਗੂਆਂ ਦੀਆਂ ਸਿਆਸੀ ਪਲਟੀਆਂ ਅਤੇ ਦੋਗਲੇ ਕਿਰਦਾਰ ’ਤੇ ਚੁੱਕੇ ਸਵਾਲ; ਆਪਣੇ ਆਗੂ ਦੀ ਹਰ ਗ਼ਲਤੀ ਨੂੰ ਜਾਇਜ਼ ਠਹਿਰਾਉਣ ਵਾਲੇ ਸਮਰਥਕ ਵੀ ਸਿਆਸੀ ਨਿਘਾਰ ਲਈ ਜ਼ਿੰਮੇਵਾਰ

ਨਵੀਂ ਦਿੱਲੀ 17 ਨਵੰਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਜਰਮਨੀ ਰਹਿ ਰਹੇ ਜਲਾਵਤਨੀ ਸਿੰਘ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪੰਜਾਬ ਦੀ ਮੌਜੂਦਾ ਸਿਆਸਤ ਵਿੱਚ ਕੁਰਸੀ ਦੀ ਲਾਲਸਾ, ਸਿਧਾਂਤਾਂ ਤੋਂ ਮੁਕਰਨ ਅਤੇ ਨਿੱਜੀ ਸਵਾਰਥਾਂ ਨੂੰ ਲੈ ਕੇ ਸਿਆਸੀ ਆਗੂਆਂ ਦੇ ਕਿਰਦਾਰ ’ਤੇ ਤਿੱਖੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਕਮੇਡੀ ਦੇ ਦੌਰ ਦਾ ਉਹ ਵਿਅੰਗ, ਜਿਸ ਵਿੱਚ ਉਹ ਕਹਿੰਦੇ ਸਨ ਕਿ ਰੱਬ ਮਨੁੱਖ ਨੂੰ ਧਰਤੀ ’ਤੇ ਭੇਜਣ ਸਮੇਂ ਉਸ ਅੰਦਰ ਜ਼ਮੀਰ ਨਾਂ ਦਾ ਪੁਰਜ਼ਾ ਪਾਉਂਦਾ ਸੀ, ਪਰ ਹੁਣ ਸਿਆਸੀ ਆਗੂਆਂ ਨੂੰ ਬਿਨਾਂ ਜ਼ਮੀਰ ਤੋਂ ਹੀ ਭੇਜਿਆ ਜਾ ਰਿਹਾ ਹੈ, ਅੱਜ ਉਨ੍ਹਾਂ ਸਮੇਤ ਸੱਤਾ ਦੀ ਦੌੜ ਵਿੱਚ ਲੱਗੇ ਹਰ ਆਗੂ ਲਈ ਸਵਾਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਮੰਚਾਂ ਤੋਂ ਜ਼ਮੀਰ ਅਤੇ ਸਿਧਾਂਤਾਂ ਦੀਆਂ ਗੱਲਾਂ ਕਰਨਾ ਸੌਖਾ ਹੈ, ਪਰ ਸੱਤਾ, ਅਹੁਦੇ ਅਤੇ ਨਿੱਜੀ ਲਾਭ ਸਾਹਮਣੇ ਉਨ੍ਹਾਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣਾ ਹੀ ਅਸਲ ਪਰਖ ਹੈ। ਪੰਜਾਬ ਦੀ ਸਿਆਸਤ ਵਿੱਚ ਅਕਸਰ ਲੋਕ ਸੇਵਾ ਦੇ ਦਾਅਵਿਆਂ ਉੱਤੇ ਕੁਰਸੀ ਦੀ ਲਾਲਸਾ ਭਾਰੂ ਪੈ ਜਾਂਦੀ ਹੈ ਅਤੇ ਕੱਲ੍ਹ ਜਿਨ੍ਹਾਂ ਆਗੂਆਂ ਜਾਂ ਪਾਰਟੀਆਂ ਨੂੰ ਪੰਜਾਬ ਤੇ ਪੰਥ ਦੇ ਹਿੱਤਾਂ ਦੇ ਵਿਰੋਧੀ ਦੱਸਿਆ ਜਾਂਦਾ ਸੀ, ਅੱਜ ਸਿਆਸੀ ਲਾਭ ਲਈ ਉਨ੍ਹਾਂ ਦੀਆਂ ਸਿਫ਼ਤਾਂ ਕੀਤੀਆਂ ਜਾਂਦੀਆਂ ਹਨ ਜਾਂ ਉਨ੍ਹਾਂ ਦੇ ਝੰਡੇ ਹੇਠ ਨਵੀਂ ਸਿਆਸੀ ਪਾਰੀ ਸ਼ੁਰੂ ਕਰ ਲਈ ਜਾਂਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਹਰ ਸਿਆਸੀ ਪਲਟੀ ਦਾ ਰੁਖ਼ ਅਹੁਦੇ, ਟਿਕਟ ਜਾਂ ਸੱਤਾ ਦੀ ਹਿੱਸੇਦਾਰੀ ਵੱਲ ਹੀ ਹੋਵੇ ਤਾਂ ਇਸ ਨੂੰ ਵਿਚਾਰਧਾਰਕ ਤਬਦੀਲੀ ਕਿਵੇਂ ਮੰਨਿਆ ਜਾ ਸਕਦਾ ਹੈ? ਉਨ੍ਹਾਂ ਕਿਹਾ ਕਿ ਵਿਚਾਰ ਬਦਲਣਾ ਜਾਂ ਆਪਣੀ ਗ਼ਲਤੀ ਮੰਨ ਕੇ ਰਾਹ ਸੁਧਾਰਨਾ ਗ਼ਲਤ ਨਹੀਂ, ਪਰ ਅਜਿਹੀ ਤਬਦੀਲੀ ਦੀ ਸੱਚਾਈ ਆਗੂ ਦੇ ਅਮਲਾਂ ਤੋਂ ਹੀ ਪਰਖੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਸਵਾਰਥ ਇਸ ਹੱਦ ਤੱਕ ਭਾਰੂ ਹੋ ਗਿਆ ਹੈ ਕਿ ਮਤਲਬ ਵੇਲੇ ਗਧੇ ਨੂੰ ਵੀ ਪਿਉ ਬਣਾਇਆ ਜਾਂਦਾ ਹੈ ਅਤੇ ਮਤਲਬ ਨਿਕਲਣ ਮਗਰੋਂ ਪਿਉ ਨੂੰ ਵੀ ਗਧਾ ਆਖ ਦਿੱਤਾ ਜਾਂਦਾ ਹੈ। ਜਦੋਂ ਲੋਕਾਂ ਦੀ ਸੇਵਾ ਦੀ ਥਾਂ ਨਿੱਜੀ ਲਾਭ ਸਿਆਸਤ ਦਾ ਮਕਸਦ ਬਣ ਜਾਵੇ ਤਾਂ ਵਾਅਦਿਆਂ ਦਾ ਭਾਰ ਆਮ ਲੋਕ ਚੁੱਕਦੇ ਹਨ, ਜਦਕਿ ਸਿਆਸੀ ਸੌਦਿਆਂ ਦੇ ਲਾਭ ਆਗੂ ਲੈ ਜਾਂਦੇ ਹਨ। ਗੁਰਾਇਆ ਨੇ ਇਸ ਨਿਘਾਰ ਲਈ ਉਨ੍ਹਾਂ ਸਮਰਥਕਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ, ਜੋ ਆਪਣੇ ਆਗੂ ਦੀ ਹਰ ਪਲਟੀ ਅਤੇ ਗ਼ਲਤੀ ਨੂੰ ਜਾਇਜ਼ ਸਾਬਤ ਕਰਨ ਲਈ ਨਵੀਆਂ ਦਲੀਲਾਂ ਘੜ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਦਾ ਉਹੀ ਕੰਮ ਗ਼ਲਤ ਅਤੇ ਆਪਣੇ ਆਗੂ ਦਾ ਉਹੀ ਕੰਮ ਸਹੀ ਮੰਨਿਆ ਜਾਵੇ ਤਾਂ ਇਹ ਸਿਆਸੀ ਵਫ਼ਾਦਾਰੀ ਨਹੀਂ, ਸਗੋਂ ਆਪਣੀ ਸੋਚ ਅਤੇ ਜ਼ਮੀਰ ਨੂੰ ਕਿਸੇ ਆਗੂ ਦੇ ਹਵਾਲੇ ਕਰ ਦੇਣ ਦੇ ਬਰਾਬਰ ਹੈ। ਜਦੋਂ ਸਮਰਥਕ ਸਵਾਲ ਕਰਨ ਦੀ ਥਾਂ ਜੈ-ਜੈਕਾਰ ਕਰਨ ਲੱਗ ਪੈਂਦੇ ਹਨ ਤਾਂ ਆਗੂਆਂ ਦੀ ਜਵਾਬਦੇਹੀ ਖ਼ਤਮ ਹੋਣ ਲੱਗਦੀ ਹੈ ਅਤੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਨਾਅਰਿਆਂ ਦੇ ਰੌਲੇ ਵਿੱਚ ਦੱਬ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜਿਹੇ ਆਗੂਆਂ ਦੀ ਲੋੜ ਹੈ, ਜੋ ਆਪਣੀ ਕਹਿਣੀ ਤੇ ਕਰਨੀ ਦੀ ਜ਼ਿੰਮੇਵਾਰੀ ਲੈਣ, ਗ਼ਲਤੀਆਂ ਸਵੀਕਾਰ ਕਰਨ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਦੇਣ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਆਪਣੇ ਪਸੰਦੀਦਾ ਆਗੂਆਂ ਨੂੰ ਸਵਾਲਾਂ ਤੋਂ ਛੋਟ ਦੇਣ ਦੀ ਬਜਾਏ ਇੱਕੋ ਕਸੌਟੀ ’ਤੇ ਪਰਖਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਕੁਰਸੀ ਹਾਸਲ ਕਰਨਾ ਸਿਆਸੀ ਜਿੱਤ ਹੋ ਸਕਦੀ ਹੈ, ਪਰ ਉਸ ਦੀ ਖ਼ਾਤਰ ਜ਼ਮੀਰ ਅਤੇ ਲੋਕਾਂ ਦਾ ਭਰੋਸਾ ਗੁਆ ਦੇਣਾ ਸਭ ਤੋਂ ਵੱਡੀ ਹਾਰ ਹੈ। ਬਹੁਤੀ ਭੀੜ ਨਾਲੋਂ ਘੱਟ ਪਰ ਚੰਗੇ ਲੋਕਾਂ ਦਾ ਸਾਥ ਮਹੱਤਵਪੂਰਨ ਹੈ ਅਤੇ ਮਾੜੇ ਰਾਜ ਪ੍ਰਬੰਧ ਤੇ ਮਨੁੱਖਤਾ ਵਿਰੋਧੀ ਨਿੱਜੀ ਸਵਾਰਥਾਂ ਵਿਰੁੱਧ ਸੰਘਰਸ਼ ਤੋਂ ਹਾਰ ਮੰਨਣ ਦੀ ਬਜਾਏ ਡਟੇ ਰਹਿਣ ਦੀ ਲੋੜ ਹੈ।

Latest News

Latest News