ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਤੋਂ ਬਾਅਦ ਸੀਓਪੀਡੀ ਦੁਨੀਆ ਵਿੱਚ ਮੌਤਾਂ ਦਾ ਤੀਜਾ ਸਭ ਤੋਂ ਵੱਡਾ ਕਾਰਨ: ਡਾ. ਐੱਸ.ਕੇ. ਗੁਪਤਾ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 17 ਅਕਤੂਬਰ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)

ਕ੍ਰੋਨਿਕ ਔਬਸਟਰਕਟਿਵ ਪਲਮਨਰੀ ਡਿਜ਼ੀਜ਼ (ਸੀਓਪੀਡੀ) ਦੇ ਵਧਦੇ ਵਿਸ਼ਵਵਿਆਪੀ ਖ਼ਤਰੇ ‘ਤੇ ਚਿੰਤਾ ਪ੍ਰਗਟ ਕਰਦਿਆਂ ਪਾਰਕ ਹਸਪਤਾਲ ਪੰਚਕੂਲਾ ਅਤੇ ਪਾਰਕ ਹਸਪਤਾਲ ਮੋਹਾਲੀ ਦੇ ਸੀਨੀਅਰ ਪਲਮੋਨੋਲੋਜਿਸਟਾਂ ਨੇ ਬਿਮਾਰੀ ਦੀ ਸਮੇਂ ਸਿਰ ਪਛਾਣ, ਢੁੱਕਵੇਂ ਇਲਾਜ ਅਤੇ ਪ੍ਰਭਾਵਸ਼ਾਲੀ ਰੋਕਥਾਮ ਉਪਾਵਾਂ ‘ਤੇ ਜ਼ੋਰ ਦਿੱਤਾ। ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮਾਹਿਰਾਂ ਨੇ ਕਿਹਾ ਕਿ ਹਵਾ ਪ੍ਰਦੂਸ਼ਣ, ਸਿਗਰਟਨੋਸ਼ੀ ਅਤੇ ਹਾਨੀਕਾਰਕ ਗੈਸਾਂ ਤੇ ਧੂੰਏਂ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਕਾਰਨ ਸੀਓਪੀਡੀ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਇਸ ਗੰਭੀਰ ਸਿਹਤ ਚੁਣੌਤੀ ਨਾਲ ਨਜਿੱਠਣ ਲਈ ਵਿਆਪਕ ਜਾਗਰੂਕਤਾ ਅਤੇ ਪ੍ਰਭਾਵਸ਼ਾਲੀ ਰੋਕਥਾਮ ਰਣਨੀਤੀ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।

ਇਸ ਮੌਕੇ ਪਾਰਕ ਹਸਪਤਾਲ ਪੰਚਕੂਲਾ ਤੋਂ ਡਾ. ਐੱਸ.ਕੇ. ਗੁਪਤਾ, ਡਾਇਰੈਕਟਰ – ਪਲਮੋਨੋਲੋਜੀ ਅਤੇ ਡਾ. ਅਮਨਪ੍ਰੀਤ ਕੌਰ, ਕੰਸਲਟੈਂਟ – ਪਲਮੋਨੋਲੋਜੀ, ਜਦਕਿ ਪਾਰਕ ਹਸਪਤਾਲ ਮੋਹਾਲੀ ਤੋਂ ਡਾ. ਹਿਤੇਸ਼ ਗੌਰ, ਕੰਸਲਟੈਂਟ – ਪਲਮੋਨੋਲੋਜੀ ਅਤੇ ਡਾ. ਸੁਮਿਤ ਭਾਰਤੀ, ਐਸੋਸੀਏਟ ਡਾਇਰੈਕਟਰ – ਪਲਮੋਨੋਲੋਜੀ ਮੌਜੂਦ ਸਨ।

ਡਾ. ਐੱਸ.ਕੇ. ਗੁਪਤਾ ਨੇ ਸੀਓਪੀਡੀ ਦੀ ਗੰਭੀਰਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਦੁਨੀਆ ਭਰ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚ ਸ਼ਾਮਲ ਹੈ ਅਤੇ ਦਿਲ ਦੀਆਂ ਬਿਮਾਰੀਆਂ ਤੇ ਕੈਂਸਰ ਤੋਂ ਬਾਅਦ ਮੌਤਾਂ ਦਾ ਤੀਜਾ ਸਭ ਤੋਂ ਵੱਡਾ ਕਾਰਨ ਹੈ। ਉਨ੍ਹਾਂ ਦੱਸਿਆ ਕਿ ਸੀਓਪੀਡੀ ਫੇਫੜਿਆਂ ਦੀ ਇੱਕ ਲਗਾਤਾਰ ਵਧਣ ਵਾਲੀ ਬਿਮਾਰੀ ਹੈ, ਜਿਸ ਵਿੱਚ ਸਾਹ ਦੀਆਂ ਨਾਲੀਆਂ ਵਿੱਚ ਰੁਕਾਵਟ ਆਉਣ ਕਾਰਨ ਫੇਫੜਿਆਂ ਵਿੱਚ ਹਵਾ ਦਾ ਆਉਣਾ-ਜਾਣਾ ਪ੍ਰਭਾਵਿਤ ਹੁੰਦਾ ਹੈ ਅਤੇ ਮਰੀਜ਼ ਨੂੰ ਸਾਹ ਲੈਣ ਵਿੱਚ ਲਗਾਤਾਰ ਮੁਸ਼ਕਲ ਆਉਣ ਲੱਗਦੀ ਹੈ।

ਉਨ੍ਹਾਂ ਕਿਹਾ, “ਬਹੁਤ ਸਾਰੇ ਲੋਕ ਸਾਹ ਚੜ੍ਹਨ ਅਤੇ ਲਗਾਤਾਰ ਖੰਘ ਆਉਣ ਨੂੰ ਵਧਦੀ ਉਮਰ ਦਾ ਆਮ ਲੱਛਣ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਲੱਛਣ ਹਲਕੇ ਹੋ ਸਕਦੇ ਹਨ ਜਾਂ ਆਸਾਨੀ ਨਾਲ ਪਛਾਣ ਵਿੱਚ ਨਹੀਂ ਆਉਂਦੇ। ਇਸ ਕਾਰਨ ਮਰੀਜ਼ ਨੂੰ ਬਿਮਾਰੀ ਦਾ ਪਤਾ ਨਹੀਂ ਲੱਗਦਾ ਅਤੇ ਇਹ ਹੌਲੀ-ਹੌਲੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਇਸ ਲਈ ਲਗਾਤਾਰ ਖੰਘ, ਸਾਹ ਚੜ੍ਹਨ ਜਾਂ ਸਾਹ ਲੈਣ ਵਿੱਚ ਮੁਸ਼ਕਲ ਹੋਣ ‘ਤੇ ਸਮੇਂ ਸਿਰ ਮਾਹਿਰ ਡਾਕਟਰ ਨਾਲ ਸਲਾਹ ਕਰਨਾ ਬਹੁਤ ਜ਼ਰੂਰੀ ਹੈ।”

ਡਾ. ਹਿਤੇਸ਼ ਗੌੜ ਨੇ ਸੀਓਪੀਡੀ ਦੇ ਗੰਭੀਰ ਸਿਹਤ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਦੁਨੀਆ ਭਰ ਵਿੱਚ ਬਿਮਾਰੀ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦਾ ਇੱਕ ਪ੍ਰਮੁੱਖ ਕਾਰਨ ਹੈ। ਇਹ ਬਿਮਾਰੀ ਆਮ ਤੌਰ ‘ਤੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਦੇਖੀ ਜਾਂਦੀ ਹੈ, ਖ਼ਾਸ ਕਰਕੇ ਉਨ੍ਹਾਂ ਵਿੱਚ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਸਿਗਰਟਨੋਸ਼ੀ ਕਰਨ ਦੀ ਆਦਤ ਰਹੀ ਹੋਵੇ। ਹਾਲਾਂਕਿ, ਸਿਗਰਟਨੋਸ਼ੀ ਨਾ ਕਰਨ ਵਾਲੇ ਲੋਕ ਵੀ ਹਵਾ ਪ੍ਰਦੂਸ਼ਣ ਅਤੇ ਹੋਰ ਹਾਨੀਕਾਰਕ ਤੱਤਾਂ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਕਾਰਨ ਸੀਓਪੀਡੀ ਦਾ ਸ਼ਿਕਾਰ ਹੋ ਸਕਦੇ ਹਨ।

ਉਨ੍ਹਾਂ ਕਿਹਾ, “ਕਾਰਜ ਸਥਾਨਾਂ ‘ਤੇ ਲੰਬੇ ਸਮੇਂ ਤੱਕ ਰਸਾਇਣਾਂ, ਧੂੜ ਅਤੇ ਜ਼ਹਿਰੀਲੀਆਂ ਗੈਸਾਂ ਤੇ ਧੂੰਏਂ ਦੇ ਸੰਪਰਕ ਵਿੱਚ ਰਹਿਣਾ ਅਤੇ ਘਰਾਂ ਵਿੱਚ ਬਾਇਓਮਾਸ ਤੇ ਹੋਰ ਠੋਸ ਬਾਲਣਾਂ ਨਾਲ ਖਾਣਾ ਪਕਾਉਣ ਕਾਰਨ ਪੈਦਾ ਹੋਣ ਵਾਲਾ ਅੰਦਰੂਨੀ ਹਵਾ ਪ੍ਰਦੂਸ਼ਣ ਸੀਓਪੀਡੀ ਦੇ ਮੁੱਖ ਜੋਖਮ ਕਾਰਕ ਹਨ। ਸਿਗਰਟਨੋਸ਼ੀ ਦੇ ਨਾਲ-ਨਾਲ ਬਾਹਰੀ ਅਤੇ ਘਰੇਲੂ ਹਵਾ ਪ੍ਰਦੂਸ਼ਣ ਵੀ ਫੇਫੜਿਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ।”

Latest News

Latest News