ਰਾਮਗੜ੍ਹੀਆ ਭਵਨ ਵਿਖੇ ਮੀਟ ਐਂਡ ਗ੍ਰੀਟ ਪ੍ਰੋਗਰਾਮ ਦੌਰਾਨ ਉਦਯੋਗ, ਸਮਾਜ ਅਤੇ ਭਾਈਚਾਰੇ ਦੇ ਵਿਕਾਸ ਬਾਰੇ ਹੋਈ ਵਿਚਾਰ-ਚਰਚਾ
ਚੰਡੀਗੜ੍ਹ, 20 ਨਵੰਬਰ, ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਰਾਮਗੜ੍ਹੀਆ ਸਭਾ ਚੰਡੀਗੜ੍ਹ ਵੱਲੋਂ ਸ਼ੁੱਕਰਵਾਰ ਨੂੰ ਸੈਕਟਰ-27 ਸਥਿਤ ਰਾਮਗੜ੍ਹੀਆ ਭਵਨ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੀਟ ਐਂਡ ਗ੍ਰੀਟ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਰਾਮਗੜ੍ਹੀਆ ਸਮਾਜ ਦੇ ਪ੍ਰਮੁੱਖ ਉਦਯੋਗਪਤੀਆਂ ਅਤੇ ਪਤਵੰਤੇ ਸੱਜਣਾਂ ਨੂੰ ਉਨ੍ਹਾਂ ਦੇ ਉਦਯੋਗਿਕ ਯੋਗਦਾਨ ਅਤੇ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਡਾ. ਹਰਚਰਨ ਸਿੰਘ ਰਨੌਤਾ ਵੱਲੋਂ ਸਵਾਗਤੀ ਸੰਬੋਧਨ ਨਾਲ ਹੋਈ। ਇਸ ਉਪਰੰਤ ਸਭਾ ਦੇ ਪ੍ਰਧਾਨ ਮਨਵਿੰਦਰ ਸਿੰਘ ਰਨੌਤਾ ਨੇ ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਇਤਿਹਾਸ, ਸਮਾਜਿਕ ਗਤੀਵਿਧੀਆਂ, ਭਾਈਚਾਰਕ ਉਪਰਾਲਿਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਨੇ 13 ਪ੍ਰਮੁੱਖ ਉਦਯੋਗਪਤੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਸਨਮਾਨਿਤ ਸ਼ਖ਼ਸੀਅਤਾਂ ਵਿੱਚ ਹਰੀ ਸਿੰਘ ਭਾਮਰਾ (ਪ੍ਰੀਤ ਟਰੈਕਟਰਜ਼, ਨਾਭਾ), ਸਤਵਿੰਦਰ ਸਿੰਘ ਭਾਮਰਾ (ਜੇਐੱਲਪੀਐੱਲ, ਮੋਹਾਲੀ), ਬਰਿੰਦਰ ਕਲਸੀ (ਕਲਸੀ ਪੰਪਸ, ਜਲੰਧਰ), ਇੰਦਰਜੀਤ ਸਿੰਘ ਸੋਹਲ (ਹੈਰੀਸਨ ਉਦਯੋਗ, ਲੁਧਿਆਣਾ), ਜਗਜੀਤ ਸਿੰਘ ਪਨੇਸਰ (ਪਨੇਸਰ ਕੰਬਾਈਨ, ਬਰਨਾਲਾ), ਇੰਦਰਜੀਤ ਸਿੰਘ ਮੁੰਡੇ (ਕੇ.ਐੱਸ. ਐਗਰੋ ਇੰਡਸਟਰੀਜ਼, ਮਾਲੇਰਕੋਟਲਾ), ਅਮਰ ਸਿੰਘ ਮਥਾਰੂ (ਦਸਮੇਸ਼ ਐਗਰੋ ਟੈਕ, ਮਾਲੇਰਕੋਟਲਾ), ਚਰਨ ਸਿੰਘ ਰਹਿਲਨ (ਮਲਕੀਅਤ ਕੰਬਾਈਨ, ਨਾਭਾ), ਮਨਪ੍ਰੀਤ ਸਿੰਘ ਲੋਟੇ (ਕਰਤਾਰ ਕੰਬਾਈਨ, ਭਾਦਸੋਂ), ਸੁਰਜੀਤ ਸਿੰਘ ਚੱਗਰ ਅਤੇ ਮਨਮੋਹਨ ਸਿੰਘ ਚੱਗਰ (ਕ੍ਰਿਸਟਲ ਸਵਿੱਚਗੀਅਰਜ਼, ਲੁਧਿਆਣਾ), ਭੁਪਿੰਦਰ ਸਿੰਘ ਉਭੀ (ਸੰਪਾਦਕ, ਰਾਮਗੜ੍ਹੀਆ ਦਰਪਣ ਅਤੇ ਰਾਮਗੜ੍ਹੀਆ ਵੈਲਫੇਅਰ ਨਾਲ ਜੁੜੇ) ਅਤੇ ਸਤਪਾਲ ਸਿੰਘ ਸੋਖੀ (ਪੰਜਾਬ ਸਰਕਾਰ ਦੇ ਰਾਮਗੜ੍ਹੀਆ ਵੈਲਫੇਅਰ ਬੋਰਡ ਦੇ ਸਟੇਟ ਚੇਅਰਮੈਨ) ਸ਼ਾਮਲ ਸਨ।
ਪ੍ਰੋਗਰਾਮ ਦੌਰਾਨ ਉਦਯੋਗਪਤੀਆਂ, ਸਮਾਜ ਦੇ ਨੁਮਾਇੰਦਿਆਂ ਅਤੇ ਹੋਰ ਪਤਵੰਤੇ ਸੱਜਣਾਂ ਵਿਚਕਾਰ ਖੁੱਲ੍ਹੀ ਵਿਚਾਰ-ਚਰਚਾ ਵੀ ਹੋਈ। ਇਸ ਵਿੱਚ ਉਦਯੋਗਿਕ ਵਿਕਾਸ, ਸਮਾਜਿਕ ਭਲਾਈ ਅਤੇ ਭਾਈਚਾਰੇ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰਾਂ ਅਤੇ ਸੁਝਾਵਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।
ਮੁੱਖ ਮਹਿਮਾਨ ਸ. ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਸੰਬੋਧਨ ਵਿੱਚ ਸਮਾਜ ਦੀ ਭਲਾਈ, ਵਿਕਾਸ ਅਤੇ ਆਪਸੀ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਅੰਤ ਵਿੱਚ ਡਾ. ਹਰਚਰਨ ਸਿੰਘ ਰਨੌਤਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੀ ਸਮਾਪਤੀ ਰਾਤ ਦੇ ਖਾਣੇ ਅਤੇ ਆਪਸੀ ਮਿਲਵਰਤਣ ਨਾਲ ਹੋਈ।












