53 ਮੈਂਬਰ ਹੋਏ ਸ਼ਾਮਲ; ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ
ਮੋਹਾਲੀ 28 ਨਵੰਬਰ ,ਬੋਲੇ ਪੰਜਾਬ ਬਿਊਰੋ;
ਭਾਰਤ ਵਿਕਾਸ ਪਰਿਸ਼ਦ ਦੀ ਵੇਵ ਅਸਟੇਟ ਸੈਕਟਰ-85/99, ਮੋਹਾਲੀ ਵਿਖੇ ਨਵੀਂ ਸ਼ਾਖਾ ਦਾ ਗਠਨ ਕੀਤਾ ਗਿਆ। ਇਸ ਮੌਕੇ ਕੁੱਲ 53 ਮੈਂਬਰਾਂ ਨੇ ਪਰਿਸ਼ਦ ਨਾਲ ਜੁੜ ਕੇ ਸਮਾਜ ਸੇਵਾ, ਸੰਸਕਾਰ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ।
ਨਵੀਂ ਸ਼ਾਖਾ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਸ੍ਰੀ ਮਨੋਜ ਸ਼ਰਮਾ ਨੂੰ ਪ੍ਰਧਾਨ, ਸ੍ਰੀ ਪਵਨ ਸਚਦੇਵਾ ਨੂੰ ਸਕੱਤਰ ਅਤੇ ਸ੍ਰੀ ਵਿਸ਼ਾਲ ਤੰਵਰ ਨੂੰ ਖ਼ਜ਼ਾਨਚੀ ਚੁਣਿਆ ਗਿਆ।
ਇਸ ਮੌਕੇ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਹਰਦੇਵ ਸਿੰਘ ਉੱਭਾ ਅਤੇ ਨਗਰ ਨਿਗਮ ਮੋਹਾਲੀ ਦੀ ਕੌਂਸਲਰ ਸ੍ਰੀਮਤੀ ਗੁਰਪ੍ਰੀਤ ਕੌਰ ਉੱਭਾ ਨੇ ਸਰਬਸੰਮਤੀ ਨਾਲ ਚੁਣੀ ਗਈ ਨਵੀਂ ਟੀਮ ਅਤੇ ਸਾਰੇ 53 ਮੈਂਬਰਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਆਸ ਪ੍ਰਗਟਾਈ ਕਿ ਭਾਰਤ ਵਿਕਾਸ ਪਰਿਸ਼ਦ ਦੀ ਨਵੀਂ ਸ਼ਾਖਾ ਸਮਾਜ ਸੇਵਾ, ਲੋੜਵੰਦਾਂ ਦੀ ਸਹਾਇਤਾ, ਸਮਾਜਿਕ ਸਦਭਾਵਨਾ ਅਤੇ ਰਾਸ਼ਟਰ ਹਿੱਤ ਦੇ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਵੇਗੀ।
ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਸੇਵਾ, ਸੰਸਕਾਰ, ਸੰਪਰਕ, ਸਹਿਯੋਗ ਅਤੇ ਸਮਰਪਣ ਦੇ ਮੂਲ ਸਿਧਾਂਤਾਂ ‘ਤੇ ਆਧਾਰਿਤ ਇੱਕ ਮਹੱਤਵਪੂਰਨ ਸਮਾਜਿਕ ਸੰਸਥਾ ਹੈ, ਜੋ ਸਮਾਜ ਵਿੱਚ ਸੇਵਾ ਭਾਵਨਾ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਕਾਰਜਸ਼ੀਲ ਹੈ।
ਨਵੀਂ ਸ਼ਾਖਾ ਦੇ ਗਠਨ ਨਾਲ ਵੇਵ ਅਸਟੇਟ ਸੈਕਟਰ-85/99 ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਮਾਜਿਕ, ਸੱਭਿਆਚਾਰਕ ਅਤੇ ਲੋਕ ਭਲਾਈ ਦੀਆਂ ਗਤੀਵਿਧੀਆਂ ਨੂੰ ਨਵੀਂ ਦਿਸ਼ਾ ਅਤੇ ਗਤੀ ਮਿਲਣ ਦੀ ਉਮੀਦ ਹੈ।












