ਐੱਨਟੀਸੀ ਸਕੂਲ ਦੇ ਸਾਲਾਨਾ ਸਮਾਰੋਹ ਦੌਰਾਨ ਐੱਨ ਸੀ ਸੀ ਕੈਡਿਟਸ ਨੇ ਐਮ.ਐਲ.ਏ. ਮੈਡਮ ਨੀਨਾ ਮਿੱਤਲ ਨੂੰ ਗਾਰਡ ਆਫ ਆਨਰ ਦਿੱਤਾ

ਪੰਜਾਬ

ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਤੇ ਵਿਦਿਆਰਥੀਆਂ ਨੇ ਕੀਤੀਆਂ ਸੱਭਿਆਚਾਰਕ ਪੇਸ਼ਕਾਰੀਆਂ

ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਨਾਲ ਗੁਣਾਤਮਕ ਅਤੇ ਗਿਣਾਤਮਕ ਵਿਕਾਸ ਜਾਰੀ: ਐਮ.ਐਲ.ਏ. ਰਾਜਪੁਰਾ ਮੈਡਮ ਨੀਨਾ ਮਿੱਤਲ
ਰਾਜਪੁਰਾ 2 ਫਰਵਰੀ ,ਬੋਲੇ ਪੰਜਾਬ ਬਿਊਰੋ;
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਦੀ ਦੇਖ-ਰੇਖ ਹੇਠ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐੱਨ ਟੀ ਸੀ ਰਾਜਪੁਰਾ ਵਿਖੇ ਸਾਲਾਨਾ ਸਮਾਰੋਹ ਬੜੇ ਹੀ ਉਤਸ਼ਾਹ, ਰੌਣਕ ਅਤੇ ਗੌਰਵਮਈ ਮਾਹੌਲ ਵਿੱਚ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਹਲਕਾ ਰਾਜਪੁਰਾ ਦੀ ਮਾਣਯੋਗ ਐਮ.ਐਲ.ਏ. ਮੈਡਮ ਨੀਨਾ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਮਾਗਮ ਦੀ ਸ਼ਾਨ ਵਧਾਈ। ਸਕੂਲ ਪ੍ਰਬੰਧਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਮੁੱਖ ਮਹਿਮਾਨ ਦਾ ਫੁੱਲਾਂ ਦੇ ਗੁਲਦਸਤੇ ਨਾਲ ਭਰਵਾਂ ਸਵਾਗਤ ਕੀਤਾ ਗਿਆ। ਐਨਟੀਸੀ ਸਕੂਲ ਦੇ ਸਾਲਾਨਾ ਸਮਾਰੋਹ ਦੌਰਾਨ ਐੱਨ ਸੀ ਸੀ ਕੈਡਿਟਸ ਨੇ ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਅਤੇ ਐਨ ਸੀ ਸੀ ਅਫ਼ਸਰ ਦੀਪਕ ਕੁਮਾਰ ਦੀ ਨਿਗਰਾਨੀ ਹੇਠ ਮੁੱਖ ਮਹਿਮਾਨ ਐਮ.ਐਲ.ਏ. ਮੈਡਮ ਨੀਨਾ ਮਿੱਤਲ ਨੂੰ ਗਾਰਡ ਆਫ ਆਨਰ ਦਿੱਤਾ।
ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ, ਉਪਰੰਤ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਸੱਭਿਆਚਾਰਕ ਕਾਰਜਕ੍ਰਮਾਂ ਨੇ ਸਮਾਂ ਬੰਨ੍ਹਿਆ। ਵਿਦਿਆਰਥੀਆਂ ਨੇ ਮਲਵਈ ਗਿੱਧਾ, ਸੰਮੀ, ਭੰਗੜਾ, ਲੋਕ ਗੀਤਾਂ, ਨਾਟਕਾਂ, ਕੋਰੀਓਗ੍ਰਾਫੀਆਂ ਅਤੇ ਪੰਜਾਬੀ ਸੱਭਿਆਚਾਰ ਦੀਆਂ ਹੋਰ ਮਨਮੋਹਕ ਵੰਨਗੀਆਂ ਪੇਸ਼ ਕਰਕੇ ਮਾਪਿਆਂ ਅਤੇ ਮਹਿਮਾਨਾਂ ਨੂੰ ਸਰਕਾਰੀ ਸਕੂਲਾਂ ਦੀ ਗੁਣਵੱਤਾ ਦੀ ਝਲਕ ਦਿਖਾਈ। ਇਨ੍ਹਾਂ ਪ੍ਰਸਤੁਤੀਆਂ ਰਾਹੀਂ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਦੀ ਮਹਾਨ ਵਿਰਾਸਤ ਅਤੇ ਲੋਕਧਾਰਾ ਨੂੰ ਬੜੀ ਸੁੰਦਰਤਾ ਨਾਲ ਦਰਸਾਇਆ।
ਇਸ ਮੌਕੇ ‘ਤੇ ਰਾਸ਼ਟਰੀ, ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਅਕਾਦਮਿਕ ਅਤੇ ਸਹਿ-ਅਕਾਦਮਿਕ ਗਤੀਵਿਧੀਆਂ ਵਿੱਚ ਵਰਨਣਯੋਗ ਪ੍ਰਦਰਸ਼ਨ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਐਮ.ਐਲ.ਏ. ਮੈਡਮ ਨੀਨਾ ਮਿੱਤਲ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਮੈਡਲ ਅਤੇ ਯਾਦਗਾਰੀ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਖੁਸ਼ੀ ਅਤੇ ਆਤਮ-ਗੌਰਵ ਸਪਸ਼ਟ ਝਲਕ ਰਿਹਾ ਸੀ।
ਇਸਦੇ ਨਾਲ ਹੀ ਸਕੂਲ ਦੇ ਮਿਹਨਤੀ ਅਤੇ ਸਮਰਪਿਤ ਅਧਿਆਪਕਾਂ ਦੀ ਵੀ ਵਿਦਿਆਰਥੀਆਂ ਨੂੰ ਯੋਗ ਮਾਰਗਦਰਸ਼ਨ ਦੇਣ ਅਤੇ ਉਨ੍ਹਾਂ ਦੀ ਪ੍ਰਤਿਭਾ ਨਿਖਾਰਨ ਲਈ ਖੁੱਲ੍ਹ ਕੇ ਹੌਸਲਾ-ਅਫ਼ਜ਼ਾਈ ਕੀਤੀ ਗਈ। ਮੁੱਖ ਮਹਿਮਾਨ ਐਮ.ਐਲ.ਏ. ਮੈਡਮ ਨੀਨਾ ਮਿੱਤਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਧਿਆਪਕ ਕਿਸੇ ਵੀ ਸਮਾਜ ਦੀ ਮਜ਼ਬੂਤ ਨੀਂਹ ਹੁੰਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਨਾਲ ਹੀ ਵਿਦਿਆਰਥੀ ਕਾਮਯਾਬੀ ਦੇ ਉੱਚੇ ਮੁਕਾਮ ਹਾਸਲ ਕਰਦੇ ਹਨ। ਉਹਨਾਂ ਕਿਹਾ ਕਿ ਲੜਕੀਆਂ ਵਧੀਆ ਪੜ੍ਹਾਈ ਕਰਕੇ ਆਪਣੇ ਸੁਪਨੇ ਸਾਕਾਰ ਕਰਨ।
ਸਮਾਰੋਹ ਦੌਰਾਨ ਮੁੱਖ ਮਹਿਮਾਨ ਐਮ.ਐਲ.ਏ. ਮੈਡਮ ਨੀਨਾ ਮਿੱਤਲ ਤੋਂ ਇਲਾਵਾ ਰਿਤੇਸ਼ ਬਾਂਸਲ ਹਲਕਾ ਸੰਗਠਨ ਇੰਚਾਰਜ, ਵਿਜੇ ਮੈਨਰੋ ਜ਼ਿਲ੍ਹਾ ਸਿੱਖਿਆ ਇੰਚਾਰਜ ਪਟਿਆਲਾ, ਰਾਜੀਵ ਕੁਮਾਰ ਡੀ.ਐੱਸ.ਐੱਮ ਹੈੱਡ ਮਾਸਟਰ ਢਕਾਨਸੂ ਕਲਾਂ, ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਅਤੇ ਹੈੱਡ ਮਾਸਟਰ ਸੈਦਖੇੜੀ, ਰਾਜਿੰਦਰ ਸਿੰਘ ਚਾਨੀ ਬਲਾਕ ਮੀਡੀਆ ਕੋਆਰਡੀਨੇਟਰ, ਭਾਵਨਾ ਸ਼ਰਮਾ, ਗੀਤਾਂਜਲੀ ਮੋਦੀ, ਹਰਜੀਤ ਕੌਰ ਇੰਚਾਰਜ ਰਾਜਪੁਰਾ ਟਾਊਨ, ਰਾਜੇਸ਼ ਬਾਵਾ, ਅਮਨ ਸੈਣੀ ਹਲਕਾ ਮੀਡੀਆ ਕੋਆਰਡੀਨੇਟਰ, ਬੁਸ਼ਵਿੰਦਰ ਸਿੰਘ, ਮੋਨਿਕਾ ਜੌੜਾ, ਜਸਵੀਰ ਕੌਰ, ਸਕੂਲ ਦੇ ਸਮੂਹ ਲੈਕਚਰਾਰ ਅਤੇ ਮਾਸਟਰ/ਮਿਸਟ੍ਰੈੱਸ ਅਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਆਖ਼ਰ ਵਿੱਚ ਸਕੂਲ ਪ੍ਰਿੰਸੀਪਲ ਜਸਬੀਰ ਕੌਰ ਵੱਲੋਂ ਸਾਰੇ ਮਹਿਮਾਨਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਭਰੋਸਾ ਜਤਾਇਆ ਗਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਿੱਖਿਅਕ ਅਤੇ ਸੱਭਿਆਚਾਰਕ ਸਮਾਰੋਹ ਕਰਵਾ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਯਤਨ ਜਾਰੀ ਰੱਖੇ ਜਾਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।