22 ਫਰਵਰੀ ਨੂੰ ਜੰਗਲਾਤ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਦਾ ਫੈਸਲਾ.
ਫਤਿਹਗੜ੍ਹ ਸਾਹਿਬ,2 ਫ਼ਰਵਰੀ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਮੀਟਿੰਗ ਕਾ. ਨਛੱਤਰ ਸਿੰਘ ਹਾਲ ਮੋਗਾ ਵਿਖੇ ਰਛਪਾਲ ਸਿੰਘ ਜੋਧਾਨਗਰੀ ਅਤੇ ਬਲਬੀਰ ਸਿੰਘ ਸਿਵੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜੰਗਲਾਤ ਵਿਭਾਗ ਦੇ ਕੱਚੇ ਵਰਕਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ‘ਤੇ ਚਰਚਾ ਕੀਤੀ ਗਈ। ਜਥੇਬੰਦੀ ਵੱਲੋਂ ਜੰਗਲਾਤ ਮੰਤਰੀ ਅਤੇ ਵਿਭਾਗ ਨਾਲ ਕਈ ਪੈਨਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਈ ਵਰਕਰਾਂ ਦੀ ਸੀਨੀਆਰਤਾ ਸੂਚੀ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਸਮੇਂ ਸਮੇਂ ਤੇ ਮੰਗ ਪੱਤਰ ਵੀ ਭੇਜੇ ਗਏ ਪ੍ਰੰਤੂ ਬਹੁਤ ਸਾਰੇ ਵਰਕਰਾਂ ਕੋਲ ਰਿਕਾਰਡ ਹੋਣ ਦੇ ਬਾਵਜ਼ੂਦ ਵੀ ਉਹਨਾਂ ਦਾ ਰਿਕਾਰਡ ਦਰਜ ਨਹੀਂ ਕੀਤਾ ਗਿਆ ਅਤੇ ਕੁਝ ਵਰਕਰਾਂ ਨੂੰ ਮਸਟਰੋਲ ਸੜੇ ਹੋਣ ਦਾ ਬਹਾਨਾ ਲਾ ਕੇ ਟਾਲ ਦਿੱਤਾ ਜਾਂਦਾ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੰਗਲਾਤ ਮੰਤਰੀ ਅਤੇ ਪ੍ਰਧਾਨ ਮੁੱਖ ਵਣਪਾਲ ਵੱਲੋਂ ਵੀ ਇਹਨਾਂ ਮੰਗਾਂ ਨੂੰ ਪੂਰਾ ਕਰਨ ਦੀ ਜਗ੍ਹਾ ਲਾਰੇ ਲੱਪੇ ਲਾਕੇ ਟਾਈਮ ਟਪਾਇਆ ਜਾ ਰਿਹਾ ਹੈ ਜਿਸ ਕਾਰਨ ਜੰਗਲਾਤ ਵਰਕਰਾਂ ਵਿੱਚ ਭਾਰੀ ਰੋਸ ਹੈ। ਜਥੇਬੰਦੀ ਵੱਲੋਂ 519 ਅਨਪੜ੍ਹ ਵਰਕਰਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ ਦੀ ਵੀ ਮੰਗ ਕੀਤੀ ਗਈ।
ਇਸ ਮੌਕੇ ਬਲਬੀਰ ਸਿੰਘ ਗਿਲਾਂਵਾਲਾ, ਜਤਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਮੋਗਾ ਨੇ ਕਿਹਾ ਕਿ ਜੰਗਲਾਤ ਵਿਭਾਗ ਵਿੱਚ ਰੈਗੂਲਰ ਕੀਤੇ ਗਏ 378 ਅਤੇ 506 ਵਰਕਰਾਂ ਨੂੰ ਰੈਗੂਲਰ ਕਰਨ ਉਪਰੰਤ ਵੀ ਰੈਗੂਲਰ ਮੁਲਾਜ਼ਮਾਂ ਵਾਲਾ ਕੋਈ ਲਾਭ ਦੇਣ ਦੀ ਬਜਾਏ ਉੱਕਾ ਪੁੱਕਾ 15 ਹਜ਼ਾਰ ਰੁਪਏ ਤਨਖਾਹ ਦਿੱਤੀ ਗਈ ਹੈ। ਉਹਨਾ ਨੇ ਦੱਸਿਆ ਕਿ ਸਰਕਾਰ ਵੱਲੋਂ ਰੈਗੂਲਰ ਕੀਤੇ ਗਏ 378 ਵਰਕਰਾਂ ਦੀ ਸੇਵਾ ਮੁਕਤੀ ਉਮਰ 60 ਸਾਲ ਅਤੇ 506 ਵਰਕਰਾਂ ਦੀ ਸੇਵਾ ਮੁਕਤੀ ਉਮਰ 58 ਸਾਲ ਕੀਤੀ ਗਈ ਹੈ ਜਦ ਕਿ ਉਕਤ ਦੋਨੋਂ ਗਰੁੱਪਾਂ ਨੂੰ ਇਕ ਹੀ ਪਾਲਿਸੀ ਅਧੀਨ ਰੈਗੂਲਰ ਕੀਤਾ ਗਿਆ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਐਤਵਾਰਾਂ ਨੂੰ ਸ਼ਾਮਲ ਕਰਕੇ ਸੀਨੀਆਰਤਾ ਸੂਚੀ ਨੂੰ 2025 ਤੱਕ ਫਾਈਨਲ ਕੀਤਾ ਜਾਵੇ ਅਤੇ 5 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਸਾਰੇ ਕੱਚੇ ਵਰਕਰਾਂ ਨੂੰ ਰੈਗੂਲਰ ਕਰਨ ਲਈ 16/5/2023 ਵਾਲੀ ਪਾਲਿਸੀ ਵਿੱਚ ਸੋਧ ਕੀਤੀ ਜਾਵੇ ਤਾਂ ਜੋ ਕਿਸੇ ਵੀ ਵਰਕਰ ਨਾਲ ਧੱਕਾ ਨਾ ਹੋਵੇ। ਇਸ ਮੀਟਿੰਗ ਵਿੱਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ ਅਤੇ ਹਰਦੀਪ ਟੋਡਰਪੁਰ ਵੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਉਕਤ ਭਖਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਜਥੇਬੰਦੀ ਤਿਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਅਤੇ 22 ਫਰਵਰੀ ਨੂੰ ਜੰਗਲਾਤ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਵੱਖ ਵੱਖ ਵਣ ਰੇਂਜਾਂ ‘ਚੋਂ ਵਰਕਰ ਵੱਡੀ ਗਿਣਤੀ ਵਿੱਚ ਕਾਫ਼ਲਿਆਂ ਦੇ ਰੂਪ ਵਿੱਚ ਪਹੁੰਚਣਗੇ। ਇਸ ਮੌਕੇ ਗੁਰਦੇਵ ਸਿੰਘ ਮੁਕਤਸਰ, ਗੁਰਪ੍ਰੀਤ ਸਿੰਘ ਲੰਗੇਆਣੀ ਅਤੇ ਰਾਮ ਸਿੰਘ ਮੋਗਾ ਆਦਿ ਆਗੂ ਤੇ ਵਰਕਰ ਹਾਜ਼ਰ ਸਨ।












