ਨਵੀਂ ਦਿੱਲੀ, 10 ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਸਮੇ-ਸਮੇ ਤੇ ਪੰਥ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਜਾਰੀ ਹੋਣ ਵਾਲੇ ਹੁਕਮਨਾਮਿਆ ਨੂੰ ਹਰ ਗੁਰਸਿੱਖ ਰੱਬੀ ਹੁਕਮ ਮੰਨਕੇ ਪ੍ਰਵਾਨ ਕਰਦਾ ਆਇਆ ਹੈ । ਜੋ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋ ਹੋਏ ਹੁਕਮਨਾਮਿਆ ਨੂੰ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਦੂਸਰੇ ਨੰਬਰ ਦੀ ਲੀਡਰਸਿਪ ਨੇ ਸੰਗਤ ਦੀ ਹਾਜਰੀ ਵਿਚ ਪ੍ਰਵਾਨ ਕੀਤੇ ਅਤੇ ਆਪਣੇ ਤੇ ਆਪਣੇ ਪਰਿਵਾਰ ਵੱਲੋ ਕੀਤੇ ਗਏ ਗੁਨਾਹਾਂ ਅਤੇ ਗੈਰ ਸਿਧਾਤਿਕ ਪੰਥ ਵਿਰੋਧੀ ਕਾਰਵਾਈਆਂ ਦੇ ਦੋਸ਼ਾਂ ਨੂੰ ਜਨਤਕ ਤੇ ਸੰਗਤੀ ਰੂਪ ਵਿਚ ਪ੍ਰਵਾਨ ਕਰਨ ਉਪਰੰਤ ਮੁਕਤਸਰ ਦੀ ਕਾਨਫਰੰਸ ਵਿਚ ਜਾ ਕੇ ਇਨ੍ਹਾਂ ਹੁਕਮਨਾਮਿਆ ਨੂੰ ਮੰਨਣ ਤੋ ਇਨਕਾਰ ਕਰਕੇ ਬਾਦਲ ਪਰਿਵਾਰ ਨੇ ਆਪਣੀ ਦਾਗੋ ਦਾਗ ਹੋਈਆ ਆਤਮਾਵਾ ਨੂੰ ਹੋਰ ਮੁਲੀਨ ਕਰਨ ਵਿਚ ਕੋਈ ਕਸਰ ਨਹੀ ਛੱਡੀ ਸੀ । ਉਸ ਸਮੇ ਤੋ ਹੀ ਸਿੱਖਾਂ ਨੇ ਇਨ੍ਹਾਂ ਨੂੰ ਆਪਣੇ ਦਿਲ-ਆਤਮਾਵਾ ਵਿਚੋ ਨਕਾਰ ਦਿੱਤਾ ਹੈ । ਭਾਵੇਕਿ ਇਹ ਆਪਣੇ ਸਿਆਸੀ ਇਕੱਠਾਂ ਵਿਚ ਭਾੜੇ ਦੇ ਲੋਕਾਂ ਨੂੰ ਲਿਜਾਕੇ ਭਰਵੇ ਇਕੱਠ ਦਿਖਾਕੇ ਇਹ ਸਾਬਤ ਕਰਨ ਦੀ ਕੋਸਿਸ ਕਰ ਰਹੇ ਹਨ ਕਿ ਸਿੱਖ ਕੌਮ ਦੀ ਬਹੁਗਿਣਤੀ ਸਾਡੇ ਨਾਲ ਹੈ । ਪਰ ਜਦੋ ਵੀ ਕੋਈ ਚੋਣ ਆਵੇਗੀ ਤਾਂ ਇਨ੍ਹਾਂ ਦੇ ਡੱਬੇ ਖਾਲੀ ਨਿਕਲਣ ਤੇ ਇਨ੍ਹਾਂ ਦੀਆਂ ਜ਼ਮਾਨਤਾਂ ਜਬਰ ਹੋਣ ਦੇ ਅਮਲ ਸਮਾਂ ਆਉਣ ਤੇ ਸੱਚ ਨੂੰ ਪ੍ਰਤੱਖ ਕਰਨਗੇ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ 01 ਮਈ 1994 ਨੂੰ ਜਦੋਂ ਉਸ ਸਮੇ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਸਮੁੱਚੇ ਖਾਲਸਾ ਪੰਥ ਨੂੰ ਇਕੱਤਰ ਕਰਨ ਦੀ ਸੋਚ ਅਧੀਨ ‘ਅੰਮ੍ਰਿਤਸਰ ਐਲਾਨਨਾਮੇ’ ਦੀ ਕੌਮੀ ਸ਼ਬਦਾਵਲੀ ਅਧੀਨ ਮੰਜਿਲ ਵੱਲ ਵੱਧਣ ਤੇ ਸੰਘਰਸ਼ ਕਰਨ ਦੇ ਆਦੇਸ ਦਿੱਤੇ ਸਨ ਤਾਂ ਉਸ ਸਮੇ ਵੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਦਿਸ਼ਾਹੀਣ ਗੈਰ ਸਿਧਾਤਿਕ ਬਾਦਲ ਦਲੀਏ ਸ੍ਰੀ ਅਕਾਲ ਤਖਤ ਸਾਹਿਬ ਤੋ ਭਗੌੜੇ ਹੋ ਗਏ ਸਨ ਅਤੇ ਹੁਣ ਦੂਸਰੀ ਵਾਰ 02 ਦਸੰਬਰ 2024 ਦੇ ਹੁਕਮਨਾਮਿਆ ਤੋ ਵੀ ਆਪਣੇ ਸਿਆਸੀ ਤੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਭਗੌੜੇ ਹੋਏ ਹਨ । ਇਨ੍ਹਾਂ ਵੱਲੋ ਹੁਕਮਨਾਮਿਆ ਨੂੰ ਸਾਜਿਸ ਗਰਦਾਨਕੇ ਪਵਿੱਤਰ ਹੁਕਮਨਾਮਿਆ ਦਾ ਅਪਮਾਨ ਕਰਕੇ ਆਪਣੇ ਚੇਹਰੇ ਨੂੰ ਹੋਰ ਕਾਲਾ ਹੀ ਨਹੀ ਕਰ ਰਹੇ ਬਲਕਿ ਅਜਿਹੀ ਦਿਸ਼ਾਹੀਣ ਬਿਆਨਬਾਜੀ ਕਰਕੇ ਆਪਣੀ ਅਕਲ ਦਾ ਵੀ ਜਨਾਜ਼ਾਂ ਕੱਢ ਰਹੇ ਹਨ । ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਬੀਰ ਸਿੰਘ ਬਾਦਲ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਤੋ ਹੋਏ ਉਨ੍ਹਾਂ ਹੁਕਮਨਾਮਿਆ ਜਿਨ੍ਹਾਂ ਨੂੰ ਇਹ ਆਪਣੇ ਗੁਨਾਹ ਕਬੂਲਕੇ ਪ੍ਰਵਾਨ ਕਰ ਚੁੱਕੇ ਹਨ ਉਨ੍ਹਾਂ ਨੂੰ ਸਾਜਿਸ ਗਰਦਾਨਣ ਦੀ ਗੱਲ ਅਤੇ ਹੁਕਮਨਾਮਿਆ ਦਾ ਨਿਰੰਤਰ ਅਪਮਾਨ ਕਰਨ ਦੇ ਅਮਲਾਂ ਉਤੇ ਇਨ੍ਹਾਂ ਦਿਸ਼ਾਹੀਣ ਗੈਰ ਧਾਰਮਿਕ ਸਿਆਸਤਦਾਨਾਂ ਦੀ ਕਰੜੀ ਅਲੋਚਨਾ ਕਰਦੇ ਹੋਏ, ਸਮੁੱਚੀ ਸਿੱਖ ਸੰਗਤ ਨੂੰ ਇਨ੍ਹਾਂ ਦੇ ਦਾਗੀ ਇਖਲਾਕ ਦੀ ਸਜ਼ਾ ਦੇਣ ਲਈ ਤਿਆਰ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਇਹ ਲੋਕ ਆਉਣ ਵਾਲੀਆ ਪੰਜਾਬ ਅਸੈਬਲੀ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਦੀ ਵੱਡੀ ਗਲਤਫਹਿਮੀ ਪਾਲ ਰਹੇ ਹਨ, ਤਾਂ ਇਨ੍ਹਾਂ ਦਾ ਇਹ ਬਹੁਤ ਵੱਡਾ ਭੁਲੇਖਾ ਹੈ ਕਿਉਂਕਿ ਬੀਤੇ ਸਮੇ ਵਿਚ ਕੀਤੇ ਗਏ ਵੱਡੇ ਪੰਥਕ, ਸਮਾਜਿਕ, ਰਾਜਨੀਤਿਕ ਤੇ ਭੂਗੋਲਿਕ ਨੁਕਸਾਨ ਤੋ ਸਿੱਖ ਕੌਮ ਪੂਰਨ ਰੂਪ ਵਿਚ ਵਾਕਫੀਅਤ ਰੱਖਦੀ ਹੈ । ਇਨ੍ਹਾਂ ਦੀ ਕੋਈ ਸਿਆਸੀ ਸਤਰੰਜੀ ਖੇਡ ਜਾਂ ਮੌਕਾਪ੍ਰਸਤੀ ਇਨ੍ਹਾਂ ਅਤੇ ਇਨ੍ਹਾਂ ਦੇ ਦਿਸ਼ਾਹੀਣ ਚੇਲੇ ਚਾਟੜਿਆ ਨੂੰ ਵਿਧਾਨਕਾਰ ਬਣਾਉਣ ਵਿਚ ਕਤਈ ਕਾਮਯਾਬੀ ਪ੍ਰਾਪਤ ਨਹੀ ਹੋ ਸਕੇਗੀ । ਇਸ ਲਈ ਉਹ ਸਿਆਸੀ ਚਲਾਕੀਆ, ਦਾਅਪੇਚਾ ਅਤੇ ਸਿੱਖ ਕੌਮ ਨੂੰ ਦਿੱਤੇ ਜਾਣ ਵਾਲੇ ਧੋਖਿਆ ਦੇ ਵਰਤਾਰੇ ਨੂੰ ਅਲਵਿਦਾ ਕਹਿਕੇ, ਸਭ ਪੰਥਕ ਦਲਾਂ ਦੇ ਆਪੋ ਆਪਣੇ ਪ੍ਰੋਗਰਾਮ ਤੇ ਮਿਸਨਾਂ ਨੂੰ ਕਾਇਮ ਰੱਖਦੇ ਹੋਏ ਸੀਟਾਂ ਦਾ ਸਹੀ ਢੰਗ ਨਾਲ ਲੈਣ-ਦੇਣ ਕਰਕੇ, ਬੀਜੇਪੀ-ਆਰ.ਐਸ.ਐਸ, ਕਾਂਗਰਸ ਅਤੇ ਆਮ ਆਦਮੀ ਪਾਰਟੀ ਆਦਿ ਹੋਰ ਹਿੰਦੂਤਵ ਜਮਾਤਾਂ ਵਿਰੁੱਧ ਇਕ ਪੰਥਕ ਉਮੀਦਵਾਰ ਖੜ੍ਹਾ ਕਰਨ ਵਿਚ ਸੁਹਿਰਦਤਾ ਭਰਿਆ ਯੋਗਦਾਨ ਪਾ ਸਕਣਗੇ, ਫਿਰ ਤਾਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਸਹਿਯੋਗ ਨਾਲ ਭਗਤ ਰਵੀਦਾਸ ਜੀ ਦੀ ਵੱਡਮੁੱਲੀ ਸੋਚ ਬੇਗਮਪੁਰਾ ਦੇ ਮਿਸਨ ਤੇ ਅਧਾਰਿਤ ਸਰਬਸਾਂਝੀ ਪੰਥਕ ਸਰਕਾਰ 2027 ਵਿਚ ਕਾਇਮ ਕਰਨ ਵਿਚ ਕਾਮਯਾਬ ਹੋ ਸਕਣਗੇ । ਵਰਨਾ ਬੀਜੇਪੀ-ਆਰ.ਐਸ.ਐਸ, ਕਾਂਗਰਸ ਜਾਂ ਆਪ ਵਰਗੀਆ ਹਿੰਦੂਤਵ ਜਮਾਤਾਂ ਵਿਚੋ ਕਿਸੇ ਨੂੰ ਵੀ ਪੰਜਾਬ ਦੀ ਪਵਿੱਤਰ ਧਰਤੀ ਤੇ ਪੰਜਾਬ ਵਿਰੋਧੀ ਅਮਲਾਂ ਨੂੰ ਪ੍ਰਫੁੱਲਿਤ ਕਰਨ ਲਈ ਉਹ ਸਿੱਖ ਕੌਮ ਦੇ ਸਦਾ ਲਈ ਦੋਸ਼ੀ ਸਾਬਤ ਹੋਣਗੇ । ਜਿਨ੍ਹਾਂ ਨੂੰ ਪੰਜਾਬੀ ਅਤੇ ਸਿੱਖ ਕੌਮ ਕਤਈ ਵੀ ਮੁਆਫ ਨਹੀ ਕਰੇਗੀ । ਇਸ ਲਈ ਸ. ਸੁਖਬੀਰ ਸਿੰਘ ਬਾਦਲ ਜਾਂ ਹੋਰ ਕੋਈ ਪੰਥ ਦਾ ਹਿਤੈਸੀ ਕਹਾਉਣ ਵਾਲਾ ਦਲ ਪੰਥ ਵਿਚ ਵਖਰੇਵਾ ਖੜ੍ਹਾ ਕਰਕੇ ਪੰਥ ਤੇ ਪੰਜਾਬ ਵਿਰੋਧੀ ਦੁਸ਼ਮਣ ਤਾਕਤਾਂ ਨੂੰ ਮਜਬੂਤੀ ਦੇਣ ਦੀ ਬਜਰ ਗੁਸਤਾਖੀ ਬਿਲਕੁਲ ਨਾ ਕਰੇ ਤਾਂ ਬਿਹਤਰ ਹੋਵੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਥ ਅਤੇ ਪੰਜਾਬ ਸੂਬੇ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਪੰਥ ਨਾਲ ਸੰਬੰਧਤ ਸਭ ਧਿਰਾਂ ਸਮੂਹਿਕ ਰੂਪ ਵਿਚ ਸੰਜ਼ੀਦਗੀ ਨਾਲ ਵਿਚਾਰ ਵਟਾਂਦਰਾ ਕਰਕੇ 2027 ਦੀਆਂ ਅਸੈਬਲੀ ਚੋਣਾਂ ਦੀ ਪੰਥਕ ਜਿੱਤ ਨੂੰ ਯਕੀਨੀ ਬਣਾਉਣ ਲਈ ਉਦਮ ਕਰਨਗੇ ।












