ਚੰਡੀਗੜ੍ਹ 2 ਮਈ ,ਬੋਲੇ ਪੰਜਾਬ ਬਿਊਰੋ;
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਅੱਜ ਵਿਸ਼ੇਸ਼ ਇਕੱਤਰਤਾ ਵਿਚ ਡਾ. ਮੇਹਰ ਮਾਣਕ ਦੀ ਪੰਜਾਬ ਬਾਰੇ ਪੁਸਤਕ ” “ਪੰਜਾਬ– ਪੇਚੀਦਾ ਸਥਿਤੀ ਤੇ ਚੁਣੌਤੀਆਂ” ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਲੋਕ-ਅਰਪਣ ਕੀਤੀ ਗਈ। ਥਾਪਰ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ: ਡਾ. ਲਖਵਿੰਦਰ ਗਿੱਲ ਨੇ ਪ੍ਰਧਾਨਗੀ ਕੀਤੀ ਅਤੇ ਪ੍ਰਸਿੱਧ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ( ਪ੍ਰਧਾਨ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ)ਮੁੱਖ ਮਹਿਮਾਨ ਸਨ।ਲੇਖਕ ਡਾ. ਮੇਹਰ ਮਾਣਕ ਅਤੇ ਗੁਰਦਰਸ਼ਨ ਸਿੰਘ ਮਾਵੀ ( ਪ੍ਰਧਾਨ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ) ਵੀ ਸ਼ਾਮਲ ਸਨ।ਪ੍ਰਧਾਨਗੀ ਮੰਡਲ ਨੇ ਕਿਤਾਬ ਨੂੰ ਲੋਕ-ਅਰਪਣ ਕਰਨ ਦੀਆਂ ਰਸਮਾਂ ਨਿਭਾਈਆਂ।

ਪਰਚਾ ਪੜ੍ਹਦਿਆਂ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਇਹ ਕਿਤਾਬ ਇਤਿਹਾਸਕ ਦਸਤਾਵੇਜ ਬਣੇਗੀ।ਹਰੀ ਕ੍ਰਾਂਤੀ ਨੇ ਥੋੜ੍ਹੇ ਸਮੇਂ ਲਈ ਖੁਸ਼ਹਾਲੀ ਲਿਆਂਦੀ ਪਰ ਹੁਣ ਕਈ ਸਮਸਿਆਵਾਂ ਪੈਦਾ ਹੋ ਰਹੀਆਂ ਹਨ।ਪਾਣੀ ਦਾ ਸੰਕਟ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ।ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਨੇ ਕਿਹਾ ਕਿ ਖੇਤੀਬਾੜੀ ਹੁਣ ਲਾਹੇਵੰਦ ਨਹੀਂ ਰਹੀ।ਵਾਤਾਵਰਣ ਪਲੀਤ ਹੋ ਰਿਹਾ ਹੈ।ਦੀਪਕ ਚਨਾਰਥਲ ਜੀ ਨੇ ਵੇਰਵੇ ਸਹਿਤ ਦੱਸਿਆ ਕਿ ਸਿਆਸੀ ਨੇਤਾ ਕੁਰਸੀ ਦੀ ਫਿਕਰ ਕਰਦੇ ਹਨ ਪਰ ਲੋਕਾਂ ਦੇ ਭਲੇ ਲਈ ਕੋਈ ਨਹੀਂ ਸੋਚਦਾ।ਭੁਪਿੰਦਰ ਮਲਿਕ, ਪਰਮਜੀਤ ਮਾਨ, ਡਾ. ਦਵਿੰਦਰ ਬੋਹਾ ਅਤੇ ਡਾ. ਹਰਨੇਕ ਸਿੰਘ ਕਲੇਰ ਨੇ ਵੀ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਮੇਹਰ ਮਾਣਕ ਨੇ ਕਿਹਾ ਕਿ ਸਰਕਾਰ ਨਿੱਕੀਆਂ ਨਿੱਕੀਆਂ ਸਹੂਲਤਾਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।ਪ੍ਰਧਾਨਗੀ ਭਾਸ਼ਨ ਵਿਚ ਡਾ. ਗਿੱਲ ਨੇ ਦੱਸਿਆ ਕਿ ਇਹ ਕਿਤਾਬ ਸਰਲ ਭਾਸ਼ਾ ਵਿਚ ਲਿਖੀ ਗਈ ਹੈ ਜੋ ਸਾਂਭਣਯੋਗ ਹੈ।ਮੁੱਢ ਤੋਂ ਹੀ ਮਨੁੱਖ ਦੇ ਵਿਕਾਸ ਨਾਲ ਬਦਲਾਅ ਹੁੰਦਾ ਆਇਆ ਹੈ।ਹੁਣ ਸਰਕਾਰਾਂ ਵਲੋਂ ਲੋਕਾਂ ਦੇ ਹੱਕ ਦਬਾਏ ਜਾ ਰਹੇ ਹਨ।ਲੇਖਕਾਂ ਨੂੰ, ਬੁਧੀਜੀਵੀਆਂ ਨੂੰ ਡਟ ਕੇ ਲਿਖਣਾ ਚਾਹੀਦਾ ਹੈ।ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਬਹੁਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ, ਵਿਦਵਾਨ ਅਤੇ ਲੇਖਕ ਹਾਜਰ ਸਨ।












