ਕੋਲਕਾਤਾ, 19 ਜੂਨ ,ਬੋਲੇ ਪੰਜਾਬ ਬਿਊਰੋ;
ਦੇਸ਼ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਦਾ ਦੌਰ ਜਾਰੀ ਹੈ। ਕੋਲਕਾਤਾ ਹਵਾਈ ਅੱਡੇ ‘ਤੇ ਸ਼ੁੱਕਰਵਾਰ ਨੂੰ ਅਗਰਤਲਾ ਜਾਣ ਵਾਲੀ ਇੰਡੀਗੋ ਦੀ ਫਲਾਈਟ 6E6068 ‘ਤੇ ਬਿਜਲੀ ਡਿੱਗ ਗਈ। ਘਟਨਾ ਦੇ ਸਮੇਂ ਫਲਾਈਟ ਐਰੋਬ੍ਰਿਜ ‘ਤੇ ਖੜ੍ਹੀ ਸੀ।
ਭਾਰਤੀ ਹਵਾਬਾਜ਼ੀ ਅਥਾਰਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਝੱਖੜ ਦੌਰਾਨ ਕੋਲਕਾਤਾ ਹਵਾਈ ਅੱਡੇ ‘ਤੇ ਖੜ੍ਹੇ ਇੰਡੀਗੋ ਦੇ ਇੱਕ ਜਹਾਜ਼ ‘ਤੇ ਬਿਜਲੀ ਡਿੱਗ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਤੇਜ ਹਨੇਰੀ ਅਤੇ ਮੀਂਹ ਦੀ ਸਥਿਤੀ ਬਣੀ ਹੋਈ ਸੀ, ਜਿਸ ਦੇ ਲਈ ਹਵਾਈ ਅੱਡਾ ਸੰਚਾਲਨ ਕੰਟਰੋਲ ਕੇਂਦਰ ਨੇ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਸੀ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਇੰਡੀਗੋ ਦੀ ਫਲਾਈਟ 6E6068 (VT-IPW) ਦਾ ਜਹਾਜ਼ ਐਰੋਬ੍ਰਿਜ 56L ‘ਤੇ ਖੜ੍ਹਾ ਸੀ, ਜਦੋਂ ਬਿਜਲੀ ਡਿੱਗੀ। ਅਧਿਕਾਰੀ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ ‘ਤੇ ਏਅਰਲਾਈਨ ਨੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ, ਜੋ ਬਾਅਦ ਵਿੱਚ ਦੂਜੇ ਜਹਾਜ਼ (VT-ICD) ਰਾਹੀਂ ਰਵਾਨਾ ਹੋਏ। ਜਦੋਂ A320 ਜਹਾਜ਼ ‘ਤੇ ਬਿਜਲੀ ਡਿੱਗੀ, ਤਾਂ ਉਸ ਵਿੱਚ 141 ਯਾਤਰੀ ਅਤੇ ਛੇ ਕਰੂ ਮੈਂਬਰ (ਅਮਲਾ) ਸਵਾਰ ਸਨ।












