ਨਰੇਗਾ ਮੁਲਾਜ਼ਮਾਂ ਤੇ ਖੰਨਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਲਾਠੀਚਾਰਜ ਵੱਡੀ ਗਿਣਤੀ ‘ਚ ਮੁਲਾਜ਼ਮ ਹੋਏ ਜ਼ਖ਼ਮੀ

ਪੰਜਾਬ

ਖੰਨਾ 15 ਜੁਲਾਈ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋ );

ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਮਰਜ਼ ਕਰਕੇ ਪੱਕੀਆਂ ਕਰਵਾਉਣ ਅਤੇ 6 ਤੋਂ 8 ਮਹੀਨਿਆਂ ਦੀ ਬਕਾਇਆ ਤਨਖ਼ਾਹ ਜਾਰੀ ਕਰਨ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਨਰੇਗਾ ਮੁਲਾਜ਼ਮਾਂ ਦਾ ਅੱਜ ਇੱਥੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਰਿਹਾਇਸ਼ ਦੇ ਅੱਗੇ ਧਰਨਾ ਰੱਖਿਆ ਗਿਆ ਸੀ। ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਪਹਿਲਾਂ ਹੀ ਭੇਜਿਆ ਗਿਆ ਸੀ। ਮੀਡੀਆ ਰਾਹੀਂ ਅਤੇ ਸੀਨੀਅਰ ਪੁਲਿਸ ਕਪਤਾਨ ਮੈਡਮ ਦਰਪਨ ਆਹਲੂਵਾਲੀਆ ਜੀ ਨੂੰ ਮਿਲਕੇ ਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਪਹਿਲਾਂ ਹੀ ਧਰਨੇ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ। ਅੱਜ ਜਦੋਂ ਨਰੇਗਾ ਮੁਲਾਜ਼ਮ ਮਿਉਂਸਪਲ ਪਾਰਕ ਇੱਕੱਠੇ ਹੋਏ ਤਾਂ ਇਕੱਠ ਬੇਹਿਸਾਬਾ ਹੋਣ ਕਾਰਨ ਪ੍ਰਬੰਧਾਂ ਦੀ ਘਾਟ ਪੈ ਗਈ। ਮੁਲਾਜ਼ਮਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੋਈ ਹੱਲ ਇਸ ਮਸਲੇ ਦਾ ਕੀਤਾ ਜਾਵੇ। ਜਦੋਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਧਰਨੇ ਵਿੱਚ ਨਾ ਪੁੱਜਾ ਤਾਂ ਯੂਨੀਅਨ ਵੱਲੋਂ 30 ਮਿੰਟ ਦਾ ਸਮਾਂ ਦੇ ਕੇ ਮਾਰਚ ਕਰਨ ਅਤੇ ਪੰਚਾਇਤ ਮੰਤਰੀ ਦੀ ਕੋਠੀ ਅੱਗੇ ਧਰਨਾ ਲਗਾਉਣ ਦਾ ਐਲਾਨ ਕੀਤਾ। ਜਦੋਂ ਧਰਨਾਕਾਰੀਆਂ ਮਾਰਚ ਕਰਦੇ ਹੋਏ ਪੰਚਾਇਤ ਮੰਤਰੀ ਦੀ ਰਿਹਾਇਸ਼ ਵੱਲ ਵਧੇ ਲੱਗੇ ਤਾਂ ਪ੍ਰਸ਼ਾਸਨ ਨੇ ਬੈਰੀਅਰ ਲਗਾ ਕੇ ਰੋਕ ਲਿਆ ਗਿਆ। ਮੁਲਾਜ਼ਮਾਂ ਨੇ ਉੱਥੋਂ ਹੀ ਧਰਨਾ ਸ਼ੁਰੂ ਕੀਤਾ। ਇੱਕ ਘੰਟਾ ਉਡੀਕ ਕਰਨ ਤੋਂ ਬਾਅਦ ਕੁੱਝ ਮੁਲਾਜ਼ਮ ਗਰਮੀਂ ਕਾਰਨ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਨਾ ਪਿਆ। ਯੂਨੀਅਨ ਨੇ ਪ੍ਰਸ਼ਾਸਨ ਤੋਂ ਪੀਣ ਵਾਲੇ ਪਾਣੀ ਅਤੇ ਛਾਂ ਦੀ ਮੰਗ ਕੀਤੀ ਪ੍ਰੰਤੂ ਮੌਕੇ ਤੇ ਮੌਜੂਦ ਉਪ ਪੁਲਿਸ ਕਪਤਾਨ ਨੇ ਮਨ੍ਹਾ ਕਰ ਦਿੱਤਾ। ਇਸਤੇ ਯੂਨੀਅਨ ਨੇ ਮੰਗ ਕੀਤੀ ਕਿ ਸਾਨੂੰ ਕਲੋਨੀ ਵਿੱਚ ਬਣੇ ਪਾਰਕ ਵਿੱਚ ਬੈਠ ਜਾਣ ਦਿਉ ਕਿਉਂਕਿ ਸੜਕ ਤੇ ਬੈਠਣਾ ਸੰਭਵ ਨਹੀਂ ਸੀ। ਇਸ ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ ਤਾਂ ਨਰੇਗਾ ਮੁਲਾਜ਼ਮ ਬੈਰੀਕੇਟ ਪਾਸੇ ਕਰਕੇ ਕਲੋਨੀ ਵਿੱਚ ਦਾਖ਼ਲ ਹੋਣ ਲੱਗੇ। ਇਸ ਤੇ ਖ਼ਤਰਨਾਕ ਢੰਗ ਨਾਲ ਲਾਠੀਚਾਰਜ ਹੋਇਆ। ਪਾਣੀ ਦੀਆਂ ਬੁਛਾੜਾਂ ਛੱਡੀਆਂ, ਅੱਥਰੂ ਗੈਸ ਦੇ ਖ਼ਤਰਨਾਕ ਗੋਲ਼ੇ ਛੱਡੇ ਗਏ। ਜਿਸ ਵਿੱਚ ਇੱਕ ਮੁਲਾਜ਼ਮ ਸੁਦਾਗਰ ਸਿੰਘ ਫਤਿਹਗੜ੍ਹ ਸਾਹਿਬ ਦੀ ਲੱਤ ਦੋ ਥਾਂ ਤੋਂ ਟੁੱਟ ਗਈ। ਦਰਜ਼ਨ ਤੋਂ ਵੱਧ ਮੁਲਾਜ਼ਮ ਜ਼ਖ਼ਮੀ ਹੋ ਗਏ ਜਿੰਨਾਂ ਨੂੰ ਮੁਲਾਜ਼ਮਾਂ ਨੇ ਹੀ ਬੜੀ ਮੁਸ਼ਕਲ ਨਾਲ ਹਸਪਤਾਲ ਪਹੁੰਚਾਇਆ। ਬਾਅਦ ਵਿੱਚ ਲੱਤ ਬੁਰੀ ਤਰ੍ਹਾਂ ਟੁੱਟਣ ਕਾਰਨ ਸੁਦਾਗਰ ਸਿੰਘ ਨੂੰ ਮੋਹਾਲੀ ਰੈਫਰ ਕਰ ਦਿੱਤਾ ਗਿਆ। ਜਖ਼ਮੀ ਸਿਵਲ ਹਸਪਤਾਲ ਵਿੱਚ ਦਾਖ਼ਲ ਸਨ। ਯੂਨੀਅਨ ਨੇ ਦੋਸ਼ ਲਗਾਇਆ ਕਿ ਇਹ ਸਭ ਕੁੱਝ ਪਹਿਲਾਂ ਤੋਂ ਹੀ ਤੈਅ ਅਨੁਸਾਰ ਪੁਲਿਸ ਦੇ ਡੀਐੱਸਪੀ ਦੇ ਕਹਿਣ ਤੇ ਸਭ ਕੁੱਝ ਕੀਤਾ ਹੈ। ਕੁੜੀਆਂ ਨਾਲ ਧੱਕੇਸ਼ਾਹੀ ਕੀਤੀ ਗਈ ਅਤੇ ਮੁਲਾਜ਼ਮਾਂ ਦੀਆਂ ਪੱਗਾਂ ਪੈਰਾਂ ਵਿੱਚ ਰੋਲੀਆਂ ਗਈਆਂ ਜੋ ਪੁਲਿਸ ਨੇ ਚੁੱਕਣ ਨਹੀਂ ਦਿੱਤੀਆਂ। ਸੂਬਾ ਪ੍ਰਧਾਨ ਸੇਵਕ ਸਿੰਘ, ਸਰਪ੍ਰਸਤ ਵਰਿੰਦਰ ਸਿੰਘ, ਵਿੱਤ ਸਕੱਤਰ ਰਮਨਦੀਪ ਸਿੰਘ, ਅਮਰੀਕ ਸਿੰਘ, ਆਦਿ ਨੇ ਮੰਗ ਕੀਤੀ ਕਿ ਜਦੋਂ ਤੱਕ ਜ਼ਖ਼ਮੀ ਸਾਥੀਆਂ ਦਾ ਸਾਰਾ ਖਰਚਾ ਪ੍ਰਸ਼ਾਸਨ ਨਹੀਂ ਚੁੱਕਦਾ, ਜਦੋਂ ਤੱਕ ਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ ਦਾ ਪੁਖ਼ਤਾ ਹੱਲ ਨਹੀਂ ਕੀਤਾ ਜਾਂਦਾ ਓਦੋਂ ਤੱਕ ਇਹ ਧਰਨਾ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਇਸ ਮੌਕੇ ਕਿਸਾਨ, ਮਜ਼ਦੂਰ, ਜਨਤਕ ਅਤੇ ਭਰਾਤਰੀ ਮੁਲਾਜ਼ਮ ਜਥੇਬੰਦੀਆਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਹਰਵਿੰਦਰ ਸਿੰਘ ਬੰਬ, ਸੰਜੀਵ ਕਾਕੜਾ, ਰਣਧੀਰ ਸਿੰਘ, ਅੰਮ੍ਰਿਤਪਾਲ ਸਿੰਘ, ਜੋਗਿੰਦਰ ਸਿੰਘ, ਆਦਿ ਨੇ ਸੰਬੋਧਨ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।