ਨਵੀਂ ਦਿੱਲੀ, 15 ਜੁਲਾਈ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਵਾਰਡ ਨੰਬਰ 32 (ਜਨਕਪੁਰੀ) ਦੇ ਚੋਣ ਉਮੀਦਵਾਰ ਸਰਦਾਰ ਸੰਤ ਮੀਤ ਸਿੰਘ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਹਾਲੀਆ ਬਿਆਨਾਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਪ੍ਰਮਾਣਿਤ ਸਬੂਤ ਦੇ “35 ਹਜ਼ਾਰ ਹਿੰਦੂਆਂ ਦੇ ਕਤਲ” ਵਰਗੇ ਦਾਅਵੇ ਕਰਕੇ ਉਹ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਪੰਜਾਬ ਦੇ ਭਾਈਚਾਰਕ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ. ਸੰਤ ਮੀਤ ਸਿੰਘ ਨੇ ਕਿਹਾ ਕਿ ਜੇਕਰ ਬਿੱਟੂ ਨੂੰ ਸੱਚ ਦੀ ਇੰਨੀ ਹੀ ਚਿੰਤਾ ਹੈ ਤਾਂ ਉਹ ਪਹਿਲਾਂ ਪੰਜਾਬ ਵਿੱਚ 1980-90 ਦੇ ਦਹਾਕੇ ਦੌਰਾਨ ਵਾਪਰੇ ਕਥਿਤ ਜਾਅਲੀ ਪੁਲਿਸ ਮੁਕਾਬਲਿਆਂ ਅਤੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਵੱਲੋਂ ਸਾਹਮਣੇ ਲਿਆਂਦੇ ਗਏ ਗੈਰ-ਕਾਨੂੰਨੀ ਹੱਤਿਆਵਾਂ ਅਤੇ ਲਾਵਾਰਿਸ ਸਸਕਾਰਾਂ ਦੇ ਮਾਮਲਿਆਂ ਦੇ ਨਾਲ ਪੀਲੀਭੀਤ ਵਿੱਚ 11 ਬੇਕਸੂਰ ਸਿੱਖ ਯਾਤਰੀ, ਚਿਠੀਸਿੰਘਪੁਰਾ ਵਿਚ 35 ਸਿੱਖਾਂ ਦੇ ਫ਼ਰਜ਼ੀ ਪੁਲਿਸ ਮੁਕਾਬਲੇ ਸਮੇਤ ਹੋਰ ਹਜਾਰਾਂ ਸਿੱਖਾਂ ਦੇ ਮਾਮਲਿਆਂ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ। ਇਨ੍ਹਾਂ ਮਾਮਲਿਆਂ ਵਿੱਚ ਕਈ ਗੰਭੀਰ ਸਵਾਲ ਅਦਾਲਤਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਤੱਕ ਪਹੁੰਚੇ, ਪਰ ਬਿੱਟੂ ਦੀ ਚੁੱਪ ਬਹੁਤ ਕੁਝ ਬਿਆਨ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਚੋਣਵੇਂ ਢੰਗ ਨਾਲ ਪੇਸ਼ ਕਰਕੇ ਇੱਕ ਭਾਈਚਾਰੇ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਅਤੇ ਦੂਜੇ ਪਾਸੇ ਸਿੱਖਾਂ ਨਾਲ ਹੋਏ ਜ਼ੁਲਮਾਂ ‘ਤੇ ਚੁੱਪ ਵੱਟਣਾ ਦੋਹਰੇ ਮਾਪਦੰਡਾਂ ਦੀ ਨਿਸ਼ਾਨੀ ਹੈ। ਜੇਕਰ ਰਵਨੀਤ ਸਿੰਘ ਬਿੱਟੂ ਕੋਲ ਆਪਣੇ ਦਾਅਵਿਆਂ ਦੇ ਠੋਸ ਸਬੂਤ ਹਨ ਤਾਂ ਉਹ ਉਨ੍ਹਾਂ ਨੂੰ ਅਦਾਲਤ ਜਾਂ ਸੰਬੰਧਿਤ ਜਾਂਚ ਏਜੰਸੀਆਂ ਅੱਗੇ ਪੇਸ਼ ਕਰਨ। ਸਿਰਫ਼ ਸਿਆਸੀ ਮੰਚਾਂ ਤੋਂ ਅਪ੍ਰਮਾਣਿਤ ਦਾਅਵੇ ਕਰਨਾ ਲੋਕਾਂ ਵਿੱਚ ਡਰ ਅਤੇ ਨਫ਼ਰਤ ਫੈਲਾਉਣ ਤੋਂ ਇਲਾਵਾ ਹੋਰ ਕੁਝ ਨਹੀਂ। ਸ. ਸੰਤ ਮੀਤ ਸਿੰਘ ਨੇ ਚੇਤਾਵਨੀ ਦਿੱਤੀ ਕਿ ਬਿਨਾਂ ਤੱਥਾਂ ਦੇ ਕੀਤੀ ਜਾ ਰਹੀ ਅਜਿਹੀ ਬਿਆਨਬਾਜ਼ੀ ਸਮਾਜ ਵਿੱਚ ਬੇਲੋੜਾ ਤਣਾਅ ਅਤੇ ਆਪਸੀ ਅਵਿਸ਼ਵਾਸ ਵਧਾ ਰਹੀ ਹੈ। ਜੇਕਰ ਇਸ ਤਰ੍ਹਾਂ ਦੀ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਕਾਰਨ ਸਮਾਜਕ ਸਾਂਝ ਨੂੰ ਨੁਕਸਾਨ ਪਹੁੰਚਦਾ ਹੈ ਜਾਂ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਲੋਕ ਸੁਭਾਵਿਕ ਤੌਰ ‘ਤੇ ਇਹ ਸਵਾਲ ਪੁੱਛਣਗੇ ਕਿ ਕੀ ਰਵਨੀਤ ਸਿੰਘ ਬਿੱਟੂ ਆਪਣੇ ਬਿਆਨਾਂ ਦੀ ਨੈਤਿਕ ਅਤੇ ਰਾਜਨੀਤਿਕ ਜ਼ਿੰਮੇਵਾਰੀ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਝੂਠੇ ਪ੍ਰਚਾਰ, ਨਫ਼ਰਤ ਦੀ ਰਾਜਨੀਤੀ ਅਤੇ ਖ਼ੂਨ-ਖ਼ਰਾਬੇ ਦੀ ਬਹੁਤ ਵੱਡੀ ਕੀਮਤ ਚੁਕਾਈ ਹੈ। ਹੁਣ ਸਮਾਂ ਜ਼ਖ਼ਮਾਂ ਨੂੰ ਕੁਰੇਦਣ ਦਾ ਨਹੀਂ, ਸਗੋਂ ਸੱਚ, ਇਨਸਾਫ਼ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਹੈ। ਰਵਨੀਤ ਸਿੰਘ ਬਿੱਟੂ ਨੂੰ ਆਪਣੀ ਭੜਕਾਊ ਅਤੇ ਬਿਨਾਂ ਸਬੂਤਾਂ ਵਾਲੀ ਬਿਆਨਬਾਜ਼ੀ ਤੁਰੰਤ ਬੰਦ ਕਰਨੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਜਨਤਕ ਨੁਮਾਇੰਦੇ ਵਾਂਗ ਤੱਥਾਂ ਦੇ ਆਧਾਰ ‘ਤੇ ਹੀ ਗੱਲ ਕਰਨੀ ਚਾਹੀਦੀ ਹੈ।












