ਫ਼ਤਹਿਗੜ੍ਹ ਸਾਹਿਬ,16 ਜੁਲਾਈ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋ);
ਪੰਜਾਬ ਦੀ ਮਜ਼ਦੂਰ ਮੁਲਾਜ਼ਮ ਕੋਆਰਡੀਨੇਸ਼ਨ ਕਮੇਟੀ ਨੇ ਸੰਗਰੂਰ ਵਿਖੇ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਸਫ਼ਾਈ ਮਜਦੂਰਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਦਿਆਂ ਖੰਨਾ ਵਿਖੇ ਮਗਨਰੇਗਾ ਮੁਲਾਜ਼ਮਾਂ ਅਤੇ ਕਾਮਿਆਂ ਉੱਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਫਟੂ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਕੇਂਦਰੀ ਕਮੇਟੀ ਮੈਂਬਰ ਜੁਗਿੰਦਰਪਾਲ ਗੁਰਦਾਸਪੂਰ,ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ,ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਬਿੱਕਰ ਸਿੰਘ ਹਥੋਆ, ਡੈਮੋਕ੍ਰੈਟਿਕ ਇੰਪਲਾਈਜ ਫੇਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਹਰਦੀਪ ਸਿੰਘ ਟੋਡਰਪੁਰ ਨੇ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਪ੍ਰਦਰਸ਼ਨਕਾਰੀ ਮਜ਼ਦੂਰਾਂ ਵਿਰੁੱਧ ਤਾਕਤ ਦੀ ਵਰਤੋਂ ਕਰਕੇ ਭਗਵੰਤ ਮਾਨ ਸਰਕਾਰ ਕਾਮਿਆਂ ਅਤੇ ਮੁਲਾਜ਼ਮਾਂ ਦੇ ਸੰਘਰਸ਼ਾਂ ਨੂੰ ਦਬਾਉਣਾ ਚਾਹੁੰਦੀ ਹੈ ਪਰ ਇਹ ਜਬਰ ਨਾਲ ਦਬਾਅ ਨਹੀਂ ਹੋਣਗੇ।
ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਲੋਕਾਂ ਉੱਤੇ ਜਬਰ ਢਾਹੁਣ ਦੇ ਰਾਹ ਪਈ ਹੋਈ ਹੈ ਪਰ ਲੋਕ ਹਰ ਜਬਰ ਦਾ ਜਵਾਬ ਦਿੰਦੇ ਰਹਿਣਗੇ। ਮਾਨ ਸਰਕਾਰ ਦਾ ਹਰ ਰੋਜ਼ ਪੁਲਿਸ ਜਬਰ ਇਸ ਸਰਕਾਰ ਦੇ ਜ਼ਮਹੂਰੀ ਹੋਣ ਦੇ ਭਰਮ ਨੂੰ ਵੀ ਤੋੜ ਰਿਹਾ ਹੈ।ਉਹਨਾਂ ਇਸ ਲਾਠੀਚਾਰਜ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।












