ਛੇ ਪਿੰਡਾਂ ਦੀ ਜ਼ਮੀਨ ਦਾ ਕਬਜ਼ਾ ਹਾਸਲ ਕਰਨ ਲਈ ਜਨਤਕ ਨੋਟਿਸ ਜਾਰੀ
ਮੋਹਾਲੀ 18 ਜੁਲਾਈ ,ਬੋਲੇ ਪੰਜਾਬ ਬਿਊਰੋ;
ਗਮਾਡਾ ਵੱਲੋਂ ਏਅਰੋਟ੍ਰੋਪੋਲਿਸ ਪ੍ਰਾਜੈਕਟ ਦੀਆਂ ਛੇ ਰਿਹਾਇਸ਼ੀ ਪਾਕਿਟਾਂ ਲਈ ਅੱਠ ਪਿੰਡਾਂ ਦੇ ਕਿਸਾਨਾਂ ਦੀ 3864 ਏਕੜ ਜ਼ਮੀਨ ਐਕੁਆਇਰ ਕਰਨ ਵਾਸਤੇ ਕੀਮਤ ਤੈਅ ਕਰਨ ਲਈ 20 ਜੁਲਾਈ ਨੂੰ ਐਵਾਰਡ ਸੁਣਾਉਣ ਦਾ ਦਿਨ ਨਿਸ਼ਚਿਤ ਕਰਨ ਮਗਰੋਂ ਹੁਣ ਹੋਰ ਛੇ ਪਿੰਡਾਂ ਦੀ 497 ਏਕੜ ਜ਼ਮੀਨ ਐਕੁਆਇਰ ਕਰਨ ਦੀ ਕਵਾਇਦ ਵੀ ਤੇਜ਼ ਕਰ ਦਿੱਤੀ ਹੈ।
ਗਮਾਡਾ ਵੱਲੋਂ ਸੈਕਟਰ 87 ਦੇ ਵਪਾਰਕ ਖੇਤਰ ਦਾ ਵਿਸਥਾਰ ਕਰਨ ਲਈ ਪਿੰਡ ਮਾਣਕਮਾਜਰਾ ਦੀ 19.66 ਏਕੜ, ਪਿੰਡ ਨਾਨੂੰਮਾਜਰਾ ਦੀ 111.46 ਏਕੜ, ਪਿੰਡ ਸੋਹਾਣਾ ਦੀ 65.11 ਏਕੜ ਅਤੇ ਪਿੰਡ ਸੰਭਾਲਕੀ ਦੀ 1 ਕਨਾਲ 12 ਮਰਲੇ ਜ਼ਮੀਨ ਗ੍ਰਹਿਣ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸੈਕਟਰ 101 ਦੇ ਉਦਯੋਗਿਕ ਖੇਤਰ ਦੇ ਵਿਸਥਾਰ ਲਈ ਪਿੰਡ ਦੁਰਾਲੀ ਦੀ 129.23 ਏਕੜ ਜ਼ਮੀਨ ਹਾਸਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਸੈਕਟਰ 103 ਵਿੱਚ ਨਵੇਂ ਵਿਕਸਿਤ ਕੀਤੇ ਜਾ ਰਹੇ ਉਦਯੋਗਿਕ ਸੈਕਟਰ ਲਈ ਪਿੰਡ ਦੁਰਾਲੀ ਦੀ 141.75 ਏਕੜ ਅਤੇ ਪਿੰਡ ਸਨੇਟਾ ਦੀ 29.58 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ।
ਇਨ੍ਹਾਂ ਛੇ ਪਿੰਡਾਂ ਦੀ 497 ਏਕੜ ਜ਼ਮੀਨ ਹਾਸਲ ਕਰਨ ਲਈ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਰਾਹੀਂ ਸਮਾਜਿਕ ਪ੍ਰਭਾਵ ਮੁਲਾਂਕਣ ਕਰਵਾਉਣ ਤੋਂ ਬਾਅਦ, ਮਾਹਿਰ ਗਰੁੱਪ ਤੋਂ ਵੀ ਜ਼ਮੀਨ ਐਕੁਆਇਰ ਕਰਨ ਲਈ ਸਹਿਮਤੀ ਲਈ ਜਾ ਚੁੱਕੀ ਹੈ। ਇਹ ਸਮੁੱਚੀ ਜ਼ਮੀਨ ਸੋਧੀ ਹੋਈ ‘ਲੈਂਡ ਪੂਲਿੰਗ’ ਨੀਤੀ ਤਹਿਤ ਐਕੁਆਇਰ ਕੀਤੀ ਜਾਵੇਗੀ।
ਉਕਤ ਜ਼ਮੀਨ ਦਾ ਕਬਜ਼ਾ ਹਾਸਲ ਕਰਨ ਲਈ ਅੱਜ ਵਿਭਾਗ ਵੱਲੋਂ ਜਨਤਕ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਕਮਿਸ਼ਨਰ ਮੁੜ-ਵਸੇਬਾ ਅਤੇ ਮੁੜ-ਸਥਾਪਨਾ ਵੱਲੋਂ ਐਲਾਨੀ ਗਈ ਪੁਨਰਵਾਸ ਅਤੇ ਪੁਨਰ-ਸਥਾਪਨਾ ਸਕੀਮ ਤਹਿਤ ਉਜਾੜੇ ਤੋਂ ਪ੍ਰਭਾਵਿਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਤੋਂ ਵੀ ਜਾਣੂ ਕਰਵਾਇਆ ਗਿਆ ਹੈ। ਇਸ ਨੋਟਿਸ ਤਹਿਤ ਜ਼ਮੀਨ ਦੇ ਮਾਲਕ ਕਿਸਾਨਾਂ ਤੋਂ ਜ਼ਮੀਨ ਦੀ ਪੈਮਾਇਸ਼ ਅਤੇ ਮੁਆਵਜ਼ੇ ਸਬੰਧੀ 30 ਦਿਨਾਂ ਦੇ ਅੰਦਰ-ਅੰਦਰ ਇਤਰਾਜ਼ ਮੰਗੇ ਗਏ ਹਨ। ਇਨ੍ਹਾਂ ਇਤਰਾਜ਼ਾਂ ਮਗਰੋਂ ਜ਼ਮੀਨ ਐਕੁਆਇਰ ਕਰਨ ਲਈ ਐਵਾਰਡ ਸੁਣਾਉਣ ਸਬੰਧੀ ਸਮਾਂ-ਸਾਰਨੀ ਜਾਰੀ ਕਰ ਦਿੱਤੀ ਜਾਵੇਗੀ।
ਪਿੰਡ ਦੁਰਾਲੀ ਦੇ ਵਸਨੀਕ ਆਪਣੇ ਪਿੰਡ ਦੇ ਆਲੇ-ਦੁਆਲੇ ਸਥਾਪਿਤ ਕੀਤੇ ਜਾ ਰਹੇ ਉਦਯੋਗਿਕ ਖੇਤਰ ਨੂੰ ਰਿਹਾਇਸ਼ੀ ਜ਼ੋਨ ਵਿੱਚ ਤਬਦੀਲ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਪਿੰਡ ਵਾਸੀਆਂ ਨੇ ਗਮਾਡਾ ਅਧਿਕਾਰੀਆਂ ਦੇ ਪਿੰਡ ਵਿੱਚ ਦਾਖ਼ਲ ਨਾ ਹੋਣ ਸਬੰਧੀ ਬੋਰਡ ਵੀ ਲਗਾਇਆ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੈਕਟਰ 101 ਅਤੇ 103 ਦੋਵੇਂ ਉਦਯੋਗਿਕ ਹਨ, ਜਿਸ ਕਾਰਨ ਉਨ੍ਹਾਂ ਦਾ ਪਿੰਡ ਫ਼ੈਕਟਰੀਆਂ ਦੇ ਵਿਚਾਲੇ ਘਿਰ ਜਾਵੇਗਾ ਅਤੇ ਇਸ ਨਾਲ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਉੱਤੇ ਬਹੁਤ ਬੁਰਾ ਪ੍ਰਭਾਵ ਪਵੇਗਾ।












