ਨਵੀਂ ਦਿੱਲੀ, 2 ਅਗਸਤ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):
ਕੈਨੇਡਾ ਦੇ ਸਰੀ ਸ਼ਹਿਰ ਵਿਖੇ ਸ਼ਹੀਦੀ ਅਸਥਾਨ ਜਥੇਦਾਰ ਹਰਦੀਪ ਸਿੰਘ ਨਿੱਝਰ ਨਾਲ ਸਬੰਧਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵੱਲੋਂ ਕਰਵਾਇਆ ਗਿਆ ਸਾਲਾਨਾ ਮੀਰੀ-ਪੀਰੀ ਨਗਰ ਕੀਰਤਨ ਇਸ ਵਾਰ ਸਿਰਫ਼ ਧਾਰਮਿਕ ਸ਼ਰਧਾ ਦਾ ਹੀ ਨਹੀਂ, ਸਗੋਂ ਪੰਥਕ ਜਾਗਰੂਕਤਾ ਅਤੇ ਖਾਲਿਸਤਾਨ ਰੈਫਰੈਂਡਮ ਲਈ ਲਾਮਬੰਦੀ ਦਾ ਵੀ ਕੇਂਦਰ ਬਣਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਗਵਾਈ ਹੇਠ ਨਿਕਲੇ ਨਗਰ ਕੀਰਤਨ ਦੌਰਾਨ ਹਜ਼ਾਰਾਂ ਸਿੱਖ ਸੰਗਤਾਂ ਨੇ ਸ਼ਰਧਾ, ਸੇਵਾ ਅਤੇ ਚੜ੍ਹਦੀ ਕਲਾ ਨਾਲ ਸ਼ਮੂਲੀਅਤ ਕਰਦਿਆਂ ਪੰਥਕ ਏਕਤਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਭੇਜੀ ਗਈ ਜਾਣਕਾਰੀ ਮੁਤਾਬਿਕ ਸਵੇਰੇ ਮੌਸਮ ਬਰਸਾਤੀ ਹੋਣ ਦੇ ਬਾਵਜੂਦ ਦੁਪਹਿਰ ਤੱਕ ਖਿੜੀ ਧੁੱਪ ਨੇ ਸੰਗਤਾਂ ਦੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ। ਨਗਰ ਕੀਰਤਨ ਸਰੀ ਸ਼ਹਿਰ ਦੇ ਵੱਖ-ਵੱਖ ਮਾਰਗਾਂ ਤੋਂ ਹੁੰਦਾ ਹੋਇਆ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਸਮੁੱਚੇ ਰੂਟ ‘ਤੇ ਸੰਗਤਾਂ ਵੱਲੋਂ ਥਾਂ-ਥਾਂ ਵਿਸ਼ਾਲ ਲੰਗਰ, ਠੰਢੇ-ਮਿੱਠੇ ਜਲ ਅਤੇ ਹੋਰ ਸੇਵਾਵਾਂ ਦੇ ਸਟਾਲ ਲਗਾਏ ਗਏ, ਜਦਕਿ ਗੁਰਦੁਆਰਾ ਸਾਹਿਬਾਨ, ਸਿੱਖ ਜਥੇਬੰਦੀਆਂ ਅਤੇ ਸੇਵਾਦਾਰਾਂ ਵੱਲੋਂ ਸਵਾਗਤੀ ਸਟੇਜਾਂ ਸਜਾ ਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਅਗਵਾਈ ਵਿੱਚ ਪੰਜ ਪਿਆਰੇ ਤਿਆਰ-ਬਰ-ਤਿਆਰ ਚੱਲ ਰਹੇ ਸਨ। ਗਤਕਾ ਅਖਾੜਿਆਂ ਨੇ ਸਿੱਖ ਕੌਮ ਦੀ ਮੀਰੀ-ਪੀਰੀ ਪਰੰਪਰਾ, ਸੰਤ-ਸਿਪਾਹੀ ਦੀ ਰਵਾਇਤ ਅਤੇ ਸ਼ੌਰਿਆ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ਹੀਦ ਸਿੰਘਾਂ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਫਲੋਟਾਂ ਨੇ ਵੀ ਸੰਗਤਾਂ ਦਾ ਵਿਸ਼ੇਸ਼ ਧਿਆਨ ਆਪਣੇ ਵੱਲ ਖਿੱਚਿਆ। ਨਗਰ ਕੀਰਤਨ ਦੌਰਾਨ ਟੀਮ ਸ਼ਹੀਦ ਨਿੱਝਰ ਵੱਲੋਂ ਖਾਲਿਸਤਾਨ ਰੈਫਰੈਂਡਮ ਸਬੰਧੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਸੰਗਤਾਂ ਨੂੰ ਆਉਣ ਵਾਲੀਆਂ ਰੈਫਰੈਂਡਮ ਵੋਟਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਅਤੇ ਵਲੰਟੀਅਰ ਵਜੋਂ ਸੇਵਾ ਨਿਭਾਉਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਖਾਲਿਸਤਾਨ ਦੇ ਨਾਅਰੇ ਗੂੰਜੇ ਅਤੇ ਖਾਲਿਸਤਾਨ ਦੇ ਝੰਡੇ ਵੱਡੀ ਗਿਣਤੀ ਵਿੱਚ ਲਹਿਰਾਉਂਦੇ ਨਜ਼ਰ ਆਏ, ਜਿਸ ਨਾਲ ਸਮਾਗਮ ਦਾ ਪੰਥਕ ਮਾਹੌਲ ਹੋਰ ਵੀ ਉਭਰ ਕੇ ਸਾਹਮਣੇ ਆਇਆ। ਪ੍ਰਬੰਧਕ ਕਮੇਟੀ ਨੇ ਸੰਗਤ ਨੂੰ 16 ਅਗਸਤ 2026 ਨੂੰ ਇੰਡੀਆਨਾ (ਅਮਰੀਕਾ) ਅਤੇ 18 ਅਕਤੂਬਰ 2026 ਨੂੰ ਐਡਮਿੰਟਨ, ਅਲਬਰਟਾ (ਕੈਨੇਡਾ) ਵਿਖੇ ਹੋਣ ਵਾਲੀਆਂ ਖਾਲਿਸਤਾਨ ਰੈਫਰੈਂਡਮ ਵੋਟਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਗਿੱਲ, ਸਕੱਤਰ ਭਾਈ ਗੁਰਮੀਤ ਸਿੰਘ ਤੂਰ ਅਤੇ ਰਿਕਾਰਡਿੰਗ ਸਕੱਤਰ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮੀਰੀ-ਪੀਰੀ ਨਗਰ ਕੀਰਤਨ ਦਾ ਮੰਤਵ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਮੀਰੀ-ਪੀਰੀ ਦੀ ਵਿਚਾਰਧਾਰਾ, ਸੇਵਾ, ਸਿਮਰਨ ਅਤੇ ਪੰਥਕ ਏਕਤਾ ਦੇ ਸੰਦੇਸ਼ ਨੂੰ ਵਿਸ਼ਵ ਭਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਰਿਕਾਰਡ ਸ਼ਮੂਲੀਅਤ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਕੌਮ ਆਪਣੇ ਧਾਰਮਿਕ ਅਤੇ ਪੰਥਕ ਸਰੋਕਾਰਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੈ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਰੈਫਰੈਂਡਮ ਵੋਟਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਅਤੇ ਸੇਵਾਦਾਰ ਵਜੋਂ ਯੋਗਦਾਨ ਪਾ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ। ਇਸ ਮੌਕੇ ਅਵਤਾਰ ਸਿੰਘ ਖਹਿਰਾ, ਮਨਜਿੰਦਰ ਸਿੰਘ ਖਾਲਸਾ, ਜਸਕੀਰਤ ਸਿੰਘ, ਜੈਗ ਸਿੱਧੂ, ਰਜਿੰਦਰ ਸਿੰਘ ਨੱਤ ਸਮੇਤ ਟੀਮ ਸ਼ਹੀਦ ਨਿੱਝਰ ਦੇ ਅਨੇਕਾਂ ਸੇਵਾਦਾਰਾਂ ਨੇ ਪ੍ਰਬੰਧਾਂ ਦੀ ਸੇਵਾ ਸੰਭਾਲੀ। ਸਮੁੱਚਾ ਨਗਰ ਕੀਰਤਨ ਪੂਰੀ ਸ਼ਰਧਾ, ਅਨੁਸ਼ਾਸਨ, ਸੇਵਾ ਭਾਵਨਾ ਅਤੇ ਚੜ੍ਹਦੀ ਕਲਾ ਦੇ ਮਾਹੌਲ ਵਿੱਚ ਸੰਪੰਨ ਹੋਇਆ, ਜਿਸ ਨੇ ਸਿੱਖ ਕੌਮ ਦੀ ਏਕਤਾ, ਗੁਰਮਤਿ ਪਰੰਪਰਾ ਅਤੇ ਸੰਤ-ਸਿਪਾਹੀ ਦੇ ਜਜ਼ਬੇ ਦੀ ਸ਼ਾਨਦਾਰ ਝਲਕ ਪੇਸ਼ ਕੀਤੀ।












