ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਪਾ ਕੇ ਨਾ ਆਵਾਂ
ਆਖਿਰ ਉਹੀ ਗੱਲ ਹੋਈ ਜਿਸ ਦਾ ਸਭ ਨੂੰ ਪਤਾ ਸੀ ਕਿ ਅਕਾਲੀ ਭਾਜਪਾ ਗਠਜੋੜ ਕਰਨਗੇ। ਕਿਉਂਕਿ ਦੋਵੇਂ ਵਪਾਰੀ ਤੇ ਧਰਮ ਦੀ ਰਾਜਨੀਤੀ ਕਰਦੇ ਹਨ। ਦਿੱਲੀ ਦੇ ਗਲਿਆਰਿਆਂ ਵਿਚ ਚਰਚਾ ਹੋਈ ਹੈ ਕਿ ਆਪਣਾ ਦੋਵਾਂ ਦਾ ਰਲੇ ਮਿਲੇ ਬਿਨਾਂ ਸਰਨਾ ਨਹੀਂ। ਪਰ ਪ੍ਰਚਾਰ ਇਹ ਕੀਤਾ ਕਿ ਪੰਜਾਬ ਦੀਆਂ ਸਮੱਸਿਆਂਵਾਂ ਵਾਰੇ ਚਰਚਾ ਕੀਤੀ ਹੈ, ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਾਲ਼।
ਰਣਜੀਤ ਕੌਰ ਆਖਦੀ ਹੈ, “ਲੰਮੀ ਸੀਟੀ ਮਾਰ ਮਿੱਤਰਾ ਦੇ ਭੁੱਲ ਗਈ ਮੋੜ ਤੇ ਆ ਕੇ।”
ਆਪਾਂ ਦੇਖਦੇ ਹਾਂ ਕਿ ਕੁਝ ਘਰਾਂ ਵਿੱਚ ਨੂੰਹਾਂ ਸਹੁਰਿਆਂ ਨਾਲ ਲੜ ਝਗੜ ਕੇ ਪੇਕੇ ਪਿੰਡ ਜਾ ਬੈਠ ਦੀਆਂ ਹਨ। ਪੇਕੇ ਘਰ ਉਹਨਾਂ ਦੀ ਕੁਝ ਦਿਨ ਤਾਂ ਸੇਵਾ ਹੁੰਦੀ ਹੈ ਤੇ ਫਿਰ ਤਾਅਨੇ ਮਿਹਣੇ ਸ਼ੁਰੂ ਹੋ ਜਾਂਦੇ ਹਨ। ਆਖਿਰ ਇੱਕ ਉਹ ਆਪਣੇ ਸਹੁਰੇ ਘਰ ਚੁੱਪ ਚਾਪ ਚਲੇ ਜਾਂਦੀ ਹੈ। ਕਿਉਂਕਿ ਸਹੁਰੇ ਪਰਿਵਾਰ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਦਾ ਇਸ ਤੋਂ ਬਿਨਾਂ ਜੜ੍ਹ ਨਹੀਂ ਵਧਣੀ। ਉਹ ਆਪਣੇ ਖਾਨਦਾਨ ਨੂੰ ਚੱਲਦਾ ਰੱਖਣ ਲਈ ਇਹ ਅੱਕ ਚੱਬ ਲੈਂਦੇ ਹਨ। ਇਸੇ ਕਰਕੇ ਤਾਂ ਗੁਲਸ਼ਨ ਕੋਮਲ ਗਾਉਂਦੀ ਹੈ ਕਿ,
“ਮਰਦੀ ਨੇ ਅੱਕ ਚੱਬਿਆ ਨੀਂ ਮੈਂ ਹਾਰ ਕੇ ਜੇਠ ਨਾਲ ਲਾਈਆਂ।”
ਭਾਜਪਾ ਵਾਲਿਆਂ ਨੂੰ ਪਤਾ ਹੈ ਕਿ ਉਹਨਾਂ ਦੀਆਂ ਪੰਜਾਬ ਵਿੱਚ ਜੜ੍ਹਾਂ ਬਾਦਲਕਿਆਂ ਬਗ਼ੈਰ ਨਹੀਂ ਲੱਗਣੀਆਂ। ਇਧਰ ਪੰਜਾਬ ਦੀ ਹਾਲਤ ਇਹ ਬਣੀ ਹੋਈ ਹੈ। ਜਦੋਂ ਦਾ ਰੰਗਲਾ ਪੰਜਾਬ ਬਣਾਉਣ ਵਾਲੇ ਆਏ ਹਨ ਇਹਨਾਂ ਨੇ ਸਿਰਾ ਕਰਾ ਦਿੱਤਾ ਹੈ। ਹਰ ਪਾਸੇ ਲਾ ਲਾ ਹੋਈ ਹੈ।
“ਸੱਸ ਮਰਗੀ, ਨਨਾਣ ਸਹੁਰੇ ਤੁਰਗੀ
ਸਹੁਰਾ ਘਰੇ ਪਾਵੇ ਭੜਥੂ।”
ਜਦੋਂ ਕਿਸਾਨ ਮਜ਼ਦੂਰ ਅੰਦੋਲਨ ਵੇਲੇ ਵਿਰੋਧੀ ਧਿਰ ਨੇ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਸੰਸਦ ਭਵਨ ਦੇ ਬਾਹਰ ਕੀਤਾ ਸੀ ਤਾਂ ਉਸ ਵੇਲੇ ਬਾਦਲਕਿਆਂ ਨੇ ਵੀ ਇਸ ਵਿਰੋਧ ਵਿੱਚ ਸ਼ਮੂਲੀਅਤ ਕੀਤੀ ਸੀ ਪਰ ਉਹਨਾਂ ਦੀ ਹਾਲਤ ਤਰਸਯੋਗ ਬਣੀ ਹੋਈ ਸੀ।
“ਸਹੁਰੇ ਕੋਲੋਂ ਘੁੰਡ ਕੱਢਦੀ, ਢਾਕਾਂ ਰੱਖਦੀ ਨੰਗੀਆਂ।”
ਪੰਜਾਬ ਦੇ ਲੋਕਾਂ ਉਦੋਂ ਬਾਦਲਕਿਆਂ ਨੂੰ ਲਾਹਨਤਾਂ ਪਾਈਆਂ ਸੀ। ਉਦੋਂ ਬਾਦਲਕਿਆਂ ਨੂੰ ਲੱਗਿਆ ਜੇ ਹੁਣ ਉਹ ਪੰਜਾਬ ਦੇ ਲੋਕਾਂ ਨਾਲ ਨਾ ਖੜੇ ਤਾਂ ਉਹਨਾਂ ਹਾਲਤ ਬੁਰੀ ਹੋਵੇਗੀ।
“ਨਾਰ ਬਿਗਾਨੀ ਆਦਰ ਥੋੜ੍ਹਾ,
ਗਲ਼ ਲੱਗ ਕੇ ਨਾ ਮਰੀਏ।”
ਅਗਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਹਨ। ਪੰਜਾਬ ਦੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਦਾਅ ਪੇਚ ਵਰਤ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਦਿੱਲੀ ਵਾਲਿਆਂ ਦੇ ਕਹਿਣ ਤੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਪੁੱਠਾ ਪੰਗਾ ਲੈ ਲਿਆ। ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਜੱਥੇਬੰਦੀਆਂ ਨੇ ਮੁਹਾਲੀ ਵਿੱਚ ਵੱਡਾ ਰੈਲਾ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੁਨੇਹਾ ਭੇਜਿਆ ਹੈ ਕਿ
“ਕਿਥੇ ਜਾਏਗਾ ਬੂਥਨਿਆਂ ਸਾਧਾ
ਛੇੜ ਕੇ ਭਰਿੰਡ ਰੰਗੀਆਂ।”
ਪੰਜਾਬ ਦੇ ਲੋਕਾਂ ਦੀ ਹਾਲਤ ਬਾਰੇ ਕਦੇ ਕਿਹਾ ਸੀ,
“ਪਿਆਰ ਨਾਲ ਇਹ ਕਰਨ ਗੁਲਾਮੀ, ਧੱਕੇ ਮੂਹਰੇ ਅੜਦੇ, ਰਹਿੰਦੇ ਲੜਦੇ।”
ਪੰਜਾਬ ਦੇ ਵਿੱਚ ਪਿਛਲੇ ਸਮਿਆਂ ਤੋਂ ਹਾਲਤ ਅਸਥਿਰ ਬਣੇ ਹੋਏ ਹਨ। ਯੁੱਧ ਨਸ਼ਿਆਂ ਵਿਰੁੱਧ, ਸਿੱਖਿਆ ਤੇ ਸਿਹਤ ਕ੍ਰਾਂਤੀ, ਚੌਹਟ ਹਜ਼ਾਰ ਨੌਕਰੀਆਂ, ਭੈਣਾਂ ਨੂੰ ਹਜ਼ਾਰ ਤੇ ਪੰਦਰਾਂ ਰੁਪਏ, ਮੁਫ਼ਤ ਬਿਜਲੀ ਪਾਣੀ ਤੇ ਬੀਬੀਆਂ ਨੂੰ ਮੁਫ਼ਤ ਬੱਸ ਸਫ਼ਰ, ਰਸੋਈ ਕਿੱਟ, ਮੁਫ਼ਤ ਤੀਰਥ ਯਾਤਰਾ ਆਦਿ ਦੇਣ ਦੀਆਂ ਸੁਖ ਸਹੂਲਤਾਂ ਦੇਣ ਦੀਆਂ ਗੱਲਾਂ ਨੇ ਪੰਜਾਬ ਦੇ ਲੋਕਾਂ ਅੰਦਰ ਅਜੀਬ ਕਿਸਮ ਦੀ ਮਾਨਸਿਕਤਾ ਪੈਦਾ ਕਰ ਦਿੱਤੀ ਹੈ।
ਭਾਜਪਾ ਤੇ ਅਕਾਲੀ ਰਲ ਕੇ ਇਸ ਦਾ ਲਾਭ ਲੈਣ ਲਈ ਸੰਪਰਕ ਵਿੱਚ ਹਨ।
ਭਾਵੇਂ ਲੋਕ ਵਿਖਾਵੇ ਲਈ ਲਈ ਅਕਾਲੀ ਭਾਜਪਾ ਗੱਠਜੋੜ ਨਾ ਹੋਣ ਦਾ ਭੰਡੀ ਪ੍ਰਚਾਰ ਕੀਤਾ ਗਿਆ ਸੀ। ਅਸਲੀਅਤ ਸਾਹਮਣੇ ਆ ਗਈ ਹੈ। ਅਕਾਲੀ ਦਲ ਨੇ ਧਰਮ ਦਾ ਪੱਤਾ ਫੇਰ ਖੇਡਿਆ ਹੈ। ਜਿਸ ਤਰ੍ਹਾਂ ਬੀਬੀ ਮਜੀਠੀਆ ਨੇ ਵਿਧਾਨ ਸਭਾ ਵਿੱਚ ਆਪਣੀਆਂ ਕੱਛ ਵਿਚ ਦੂਜਿਆਂ ਦੀਆਂ ਹੱਥ ਵਿੱਚ ਰੱਖ ਕਿ ਪੰਜਾਬ ਸਰਕਾਰ ਨੂੰ ਧਰਮ ਦੀ ਅਵੱਗਿਆ ਕਰਨ ਦਾ ਦੋਸ਼ ਲਗਾਇਆ ਹੈ। ਉਹ ਖ਼ੁਦ ਇਸ ਵਿਚ ਫਸ ਗਏ। ਕਿਉਂਕਿ ਸਭ ਤੋਂ ਪਹਿਲਾਂ ਤਾਂ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਤਾਂ ਸੁਖਬੀਰ ਬਾਦਲ ਨੇ ਮੁਕਤਸਰ ਸਾਹਿਬ ਉਡਾਈਆਂ ਹਨ। ਜਦੋਂ ਉਹ ਸ੍ਰੀ ਆਕਾਲ ਤਖ਼ਤ ਸਾਹਿਬ ਉਪਰ ਪਿਛਲੇ ਸਮਿਆਂ ਵਿੱਚ ਕੀਤੇ ਗੁਨਾਹਾਂ ਨੂੰ ਮੰਨ ਕੇ ਮੁੱਕਰ ਗਿਆ ਸੀ। ਉਹਨਾਂ ਦੀ ਪਾਰਟੀ ਦੀ ਤਰਜ਼ਮਾਨੀ ਕਰਦੀ ਇਹ ਕਹਾਵਤ, “ਗੱਲੀਂ ਬਾਤੀਂ ਮੈਂ ਬੜੀ, ਕਰਤੂਤੀਂ ਬੜੀ ਜੇਠਾਣੀ।”
ਪੰਜਾਬ ਦੇ ਲੋਕਾਂ ਦਾ ਕੋਈ ਦੀਨ ਈਮਾਨ ਨਹੀਂ, ਇਹ ਅਜੇ ਵੀ ਨਿੱਕੀਆਂ ਨਿੱਕੀਆਂ ਗਰਜ਼ਾਂ ਪੂਰੀਆਂ ਕਰਨ ਲਈ ਆਪਣੇ ਫਰਜ਼ ਤੇ ਧਰਮ ਦੀ ਮਰਿਆਦਾ ਭੁੱਲ ਕੇ ਉਹਨਾਂ ਮਗਰ ਗੱਡੀਆਂ ਵਾਲਿਆਂ ਦੇ ਗੱਡਿਆਂ ਤੁਰੇ ਜਾਂਦੇ ਕੁੱਤਿਆਂ ਵਾਂਗ ਫਿਰਦੇ ਹਨ।
ਪੰਜਾਬ ਦੇ ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ, ਦੁਕਾਨਦਾਰ ਤੇ ਆਮ ਲੋਕ ਬੇਚੈਨ ਹਨ। ਉਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਉਹ ਕਰਨ ਤਾਂ ਕੀ ਕਰਨ ?
ਦੇਸ਼ ਵਿੱਚ ਬੁਰੀ ਨਿਕਾਰੀ ਜਾ ਰਹੀ ਭਾਜਪਾ ਹੁਣ ਪੰਜਾਬ ਵਿੱਚ ਆਪਣੇ ਪੈਰ ਪਸਾਰ ਰਹੀ ਹੈ। ਉਹਨਾਂ ਦੀ ਯਾਰੀ ਅਕਾਲੀ ਦਲ ਨਾਲ ਹੈ। ਇਸੇ ਕਰਕੇ ਉਹ ਉੱਚੀ ਉੱਚੀ ਗਾਉਂਦੇ ਹਨ ਕਿ
“ਪਹਿਲ਼ਾ ਮੁੰਡਾ ਮਿੱਤਰਾਂ ਦਾ, ਲਾਵਾਂ ਵਾਲੇ ਦਾ ਉਜ਼ਰ ਨਾ ਕੋਈ।”
ਪੰਜਾਬੀਓ ਹੁਣ ਤੁਹਾਡੀ ਅਣਖ ਦਾ ਸਵਾਲ ਹੈ ਕਿ ਤੁਸੀਂ ਸਤਾਈ ਵਿਚ ਕੀਹਦੀ ਡੋਲੀ ਚੜ੍ਹਨਾ ਹੈ ?
ਦੇਸ਼ ਵਿੱਚ ਉਠੇ ਵਿਦਿਆਰਥੀ ਅੰਦੋਲਨ ਨੇ ਪੂਰੇ ਦੇਸ਼ ਵਿੱਚ ਭਾਜਪਾ ਦੀ ਸਪੀਡ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰ ਅਜੇ ਵੀ ਸੁੱਤਾ ਪਿਆ ਹੈ। ਕੱਲ੍ਹ ਦੀ ਮੁਹਾਲੀ ਵਾਲ਼ੀ ਰੈਲੀ ਦਾ ਇਕੱਠ ਨੇ ਜਰੂਰ ਵਿਸ਼ਵਾਸ ਦਿਵਾਇਆ ਹੈ, ਪਰ ਇਹ ਇਕੱਠ ਵੋਟਾਂ ਵੇਲੇ ਕੀ ਚੰਦ ਚਾੜ੍ਹਦਾ ਹੈ, ਇਹ ਸਮਝਣਾ ਜ਼ਰੂਰੀ ਹੈ ਕਿਉਂਕਿ ਇਹ ਦਿੱਲੀ ਵਿੱਚ ਹੋਏ ਕਿਸਾਨ ਮਜ਼ਦੂਰ ਅੰਦੋਲਨ ਤੋਂ ਵੱਡਾ ਨਹੀਂ। ਉਦੋਂ ਕਿਸਾਨਾਂ ਨੇ ਬਿਨਾਂ ਕੁਝ ਹਾਸਲ ਕੀਤਿਆਂ ਹੀ ਬੋਰੀਆ ਬਿਸਤਰਾ ਗੋਲ ਕਰਕੇ ਪੰਜਾਬ ਨੂੰ ਆਏ ਸਨ। ਉਦੋਂ ਸਿਰਫ਼ ਖ਼ਾਨਾਪੂਰਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ਼ ਐਲਾਨ ਕੀਤਾ ਸੀ।
ਪੰਜਾਬ ਆਉਂਦਿਆਂ ਹੀ ਸਾਰੀਆਂ ਬੱਤੀ ਕਿਸਾਨ ਜਥੇਬੰਦੀਆਂ ਚੌਂਹਠ ਬਣ ਗਈਆਂ ਸਨ।
ਇਸੇ ਕਰਕੇ ਗੁਰਦਾਸ ਮਾਨ ਗਾਉਂਦਾ ਹੈ।
“ਕੀ ਖੱਟਿਆ ਮੈਂ ਤੇਰੀ ਹੀਰ ਬਣਕੇ।”
ਉਧਰ ਯੁਧਵੀਰ ਮਾਣਕ ਲੋਕਾਂ ਨੂੰ ਜਾਗਰੂਕ ਕਰਨ ਲਈ ਗਾਉਂਦਾ ਹੈ।
“ਸੰਭਲ ਸੰਭਲ ਕੇ ਚੱਲ ਗੋਰੀਏ ਅੱਜ ਨਹੀਂ ਤਾਂ ਕੱਲ੍ਹ ਗੋਰੀਏ….
ਕੱਢ ਲੈ ਘੁੰਡ ਫੁਲਕਾਰੀ ਦਾ, ਕਾਤਲ ਕੋਕਾ ਕਤਲ ਕਰਵਾਊ।”












