ਨਵੀਂ ਦਿੱਲੀ 31 ਅਗਸਤ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਕਨਾਡਾ ਦੇ ਮੌਂਟਰੀਆਲ ਵਿਖ਼ੇ ਇਮੀਗ੍ਰੇਸ਼ਨ ਕਰਵਾਉਣ ਦੇ ਨਾਮ ’ਤੇ ਸੈਂਕੜੇ ਪਰਿਵਾਰਾਂ ਤੋਂ ਹਜ਼ਾਰਾਂ ਡਾਲਰ ਵਸੂਲਣ ਅਤੇ ਕਈ ਪਰਿਵਾਰਾਂ ਨਾਲ ਕਥਿਤ ਧੋਖਾਧੜੀ ਕਰਨ ਦੇ ਗੰਭੀਰ ਦੋਸ਼ਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੀ ਪ੍ਰਬੰਧਕ ਕਮੇਟੀ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਪੀੜਤ ਪਰਿਵਾਰਾਂ ਦੀ ਬਾਂਹ ਫੜਨ ਦਾ ਫੈਸਲਾ ਕੀਤਾ ਹੈ। ਸਰਦਾਰ ਜਸਵਿੰਦਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਪਾਰਕ ਐਕਸ, ਨੇ ਦੱਸਿਆ ਕਿ ਜਸਵਿੰਦਰ ਸਿੰਘ ਸੰਧੂ ਵੱਲੋਂ ਇਮੀਗ੍ਰੇਸ਼ਨ ਦੇ ਨਾਮ ’ਤੇ ਕਈ ਪਰਿਵਾਰਾਂ ਤੋਂ ਹਜ਼ਾਰਾਂ ਡਾਲਰ ਲਏ ਜਾਣ, ਕੁਝ ਲੋਕਾਂ ਦੀਆਂ ਕਥਿਤ ਤੌਰ ’ਤੇ ਗਲਤ ਸਟੋਰੀਆਂ ਲਗਾਏ ਜਾਣ ਅਤੇ ਬਹੁਤ ਸਾਰੇ ਲੋਕਾਂ ਨੂੰ ਪੂਰਾ ਪੇਪਰ ਵਰਕ ਨਾ ਦਿੱਤੇ ਜਾਣ ਦੇ ਦੋਸ਼ ਪੀੜਤਾਂ ਵੱਲੋਂ ਲਗਾਏ ਗਏ ਹਨ। ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਸੰਧੂ ਦੇ ਦੇਸ਼ ਛੱਡ ਕੇ ਫਰਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ। ਪੀੜਤ ਪਰਿਵਾਰਾਂ ਵੱਲੋਂ ਚਰਨਜੀਤ ਸਿੰਘ ਸੁੱਜੋ ਅਤੇ ਜੋਬਨ ਸਿੰਘ ਰਾਹੀਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੱਕ ਪਹੁੰਚ ਕੀਤੀ ਗਈ, ਜਿਸ ਤੋਂ ਬਾਅਦ ਕਮੇਟੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਸ਼ੇਸ਼ ਮੀਟਿੰਗ ਬੁਲਾਈ। ਮੀਟਿੰਗ ਵਿੱਚ ਪੀੜਤ ਪਰਿਵਾਰਾਂ ਨੇ ਆਪਣੇ ਨਾਲ ਵਾਪਰੀਆਂ ਘਟਨਾਵਾਂ ਅਤੇ ਕਥਿਤ ਆਰਥਿਕ ਨੁਕਸਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕਮੇਟੀ ਨੇ ਸਪੱਸ਼ਟ ਕੀਤਾ ਕਿ ਮੁਸ਼ਕਲ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨੂੰ ਇਕੱਲਿਆਂ ਨਹੀਂ ਛੱਡਿਆ ਜਾਵੇਗਾ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਮਾਮਲੇ ਦੀ ਕਾਨੂੰਨੀ ਪੱਖੋਂ ਪੜਤਾਲ ਕਰਵਾਉਣ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਅਗਲੇ ਕਦਮ ਤੈਅ ਕਰੇਗੀ। ਇਸ ਤੋਂ ਇਲਾਵਾ ਪੁਲਿਸ ਨਾਲ ਜਲਦ ਰਾਬਤਾ ਕਰਕੇ ਸ਼ਿਕਾਇਤ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਵਾਉਣ ਦੀ ਗੱਲ ਵੀ ਆਖੀ ਗਈ। ਕਮੇਟੀ ਨੇ ਕਮਿਊਨਿਟੀ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੀ ਮਿਹਨਤ ਦੀ ਕਮਾਈ ਗੁਆਉਣ ਦਾ ਦਾਅਵਾ ਕੀਤਾ ਹੈ, ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਅਤੇ ਜੇਕਰ ਕਿਸੇ ਹੋਰ ਵਿਅਕਤੀ ਨਾਲ ਵੀ ਅਜਿਹਾ ਮਾਮਲਾ ਵਾਪਰਿਆ ਹੈ ਤਾਂ ਉਹ ਸਾਹਮਣੇ ਆ ਕੇ ਜਾਣਕਾਰੀ ਸਾਂਝੀ ਕਰੇ। ਇਸ ਮੌਕੇ ਸੁਰਜੀਤ ਸਿੰਘ, ਜਸਵਿੰਦਰ ਸਿੰਘ, ਜਤਿੰਦਰ ਸਿੰਘ ਮੁਲਤਾਨੀ, ਬਲਰਾਜ ਸਿੰਘ, ਮੁਲਖ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।












