ਸਵਾਲ ਦਾ ਜਵਾਬ ਮੌਤ ਤੇ ਨੌਕਰੀ ਨਹੀਂ ਹੁੰਦਾ?

Uncategorized

ਸਵਾਲ ਦਾ ਜਵਾਬ ਮੌਤ ਤੇ ਨੌਕਰੀ ਨਹੀਂ ਹੁੰਦਾ?

ਅੱਜ ਪੰਜਾਬ ਦੀ ਫ਼ਿਜ਼ਾ ਵਿੱਚ ਇਹ ਸਵਾਲ ਸਿਰਫ਼ ਪੁੱਛਿਆ ਨਹੀਂ ਜਾ ਰਿਹਾ ਸਗੋਂ ਉੱਚੀ ਉੱਚੀ ਚੀਕਦਾ ਹੈ। ਕੀ ਸੱਤਾਧਾਰੀ ਧਿਰ ਨੂੰ ਬੁਨਿਆਦੀ ਮਸਲਿਆਂ ਬਾਰੇ ਸਵਾਲ ਕਰਨਾ ਇੰਨਾ ਵੱਡਾ ਜੁਰਮ ਹੈ ਕਿ ਸਵਾਲ ਪੁੱਛਣ ਵਾਲੇ ਨੂੰ ਡਰ, ਧਮਕੀ ਜਾਂ ਦਮਨ ਦਾ ਸਾਹਮਣਾ ਕਰਨਾ ਪਵੇ? ਉਸਨੂੰ ਆਪਣਾ ਆਪ ਖ਼ਤਮ ਕਰਨ ਲਈ ਮਜਬੂਰ ਹੋਣਾ ਪਵੇਗਾ?
ਲੋਕਤੰਤਰ ਵਿੱਚ ਸਵਾਲ ਪੁੱਛਣਾ ਕੋਈ ਬਗਾਵਤ ਨਹੀਂ। ਸਵਾਲ ਲੋਕਾਂ ਦਾ ਹੱਕ ਹੈ ਅਤੇ ਜਵਾਬ ਦੇਣਾ ਸੱਤਾ ਦੀ ਜ਼ਿੰਮੇਵਾਰੀ। ਜਿਸ ਹਕੂਮਤ ਨੂੰ ਆਪਣੇ ਕੰਮ ਉੱਤੇ ਭਰੋਸਾ ਹੋਵੇ, ਉਹ ਸਵਾਲ ਤੋਂ ਡਰਦੀ ਨਹੀਂ; ਉਹ ਸਵਾਲ ਦਾ ਜਵਾਬ ਦਿੰਦੀ ਹੈ।
ਪੰਜਾਬ ਦੀ ਪਰੰਪਰਾ ਤਾਂ ਸਵਾਲ ਕਰਨ ਦੀ ਪਰੰਪਰਾ ਹੈ। ਜਿਹੜੀ ਇਤਿਹਾਸ ਵਿੱਚ ਮਿਲਦੀ ਹੈ। ਇਹ ਧਰਤੀ ਉਹ ਹੈ ਜਿੱਥੇ ਗੁਰੂ ਸਾਹਿਬਾਨ ਨੇ ਜ਼ੁਲਮ, ਅਨਿਆਂ ਅਤੇ ਹਕੂਮਤੀ ਹੰਕਾਰ ਅੱਗੇ ਸਿਰ ਨਹੀਂ ਝੁਕਾਇਆ। ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਵਿਚਕਾਰ ਪੱਤਰ-ਵਿਹਾਰ ਇਸ ਗੱਲ ਦਾ ਇਤਿਹਾਸਕ ਸਬੂਤ ਹੈ ਕਿ ਤਾਕਤਵਰ ਹਕੂਮਤ ਨੂੰ ਵੀ ਨੈਤਿਕ ਸਵਾਲਾਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਸਕਦਾ ਹੈ। ਜ਼ਫ਼ਰਨਾਮਾ ਸਿਰਫ਼ ਇੱਕ ਚਿੱਠੀ ਨਹੀਂ ਸੀ; ਇਹ ਸੱਤਾ ਦੇ ਝੂਠੇ ਵਾਅਦਿਆਂ ਅਤੇ ਬੇਇਨਸਾਫ਼ੀ ਵਿਰੁੱਧ ਨੈਤਿਕ ਪ੍ਰਤੀਵਾਦ ਸੀ।
ਇਸੇ ਤਰ੍ਹਾਂ ਸਰਹਿੰਦ ਦੀ ਘਟਨਾ ਪੰਜਾਬ ਦੀ ਸਾਂਝੀ ਯਾਦ ਵਿੱਚ ਇੱਕ ਡੂੰਘਾ ਸਵਾਲ ਬਣ ਕੇ ਖੜ੍ਹੀ ਹੈ। ਛੋਟੇ ਸਾਹਿਬਜ਼ਾਦਿਆਂ ਨੂੰ ਧਰਮ ਬਦਲਣ ਲਈ ਲਾਲਚ ਅਤੇ ਦਬਾਅ ਦਿੱਤਾ ਗਿਆ, ਪਰ ਉਹ ਆਪਣੇ ਵਿਸ਼ਵਾਸ ਤੋਂ ਨਹੀਂ ਡੋਲੇ। ਇਤਿਹਾਸਕ ਸਰੋਤ ਵੀ ਦਰਸਾਉਂਦੇ ਹਨ ਕਿ ਸਰਹਿੰਦ ਦੇ ਦਰਬਾਰ ਵਿੱਚ ਉਨ੍ਹਾਂ ਨੂੰ ਧਰਮ ਬਦਲਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਨੇ ਇਨਕਾਰ ਕੀਤਾ।
ਇੱਥੇ ਮਸਲਾ ਸਿਰਫ਼ ਧਰਮ ਦਾ ਨਹੀਂ, ਅੰਤਰਾਤਮਾ ਦੀ ਆਜ਼ਾਦੀ ਦਾ ਹੈ। ਪੰਜਾਬ ਦਾ ਸੱਭਿਆਚਾਰ ਹੈ ਕਿ ਉਸਨੇ ਹਕੂਮਤ ਦਾ ਜ਼ੁਲਮ ਸਹਿਣਾ ਕਬੂਲ ਨਹੀਂ ਕੀਤਾ ਸਗੋਂ ਸ਼ਹਾਦਤ ਦਾ ਜਾਮ ਪੀਤਾ ਹੈ।
ਪੰਜਾਬ ਦੀ ਮਿੱਟੀ ਨੇ ਹਮੇਸ਼ਾ ਇਹ ਸਿਖਾਇਆ ਹੈ ਕਿ ਜੇ ਸੱਤਾ ਗਲਤ ਹੋਵੇ ਤਾਂ ਉਸ ਨੂੰ ਸਵਾਲ ਕੀਤਾ ਜਾਵੇ। ਗੁਰੂ ਸਾਹਿਬਾਨ ਦੀ ਬਾਣੀ ਵਿੱਚ ਵੀ ਮਨੁੱਖ ਨੂੰ ਅੰਨ੍ਹੀ ਆਗਿਆਕਾਰੀ ਨਹੀਂ, ਸਗੋਂ ਸੱਚ ਦੀ ਪਛਾਣ ਕਰਨ ਵਾਲੀ ਚੇਤਨਾ ਵੱਲ ਤੋਰਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਰਾ ਹੀ ਸਵਾਲ ਜਵਾਬ ਦੀ ਬੁਨਿਆਦ ਉਤੇ ਉਸਰਿਆ ਹੋਇਆ ਹੈ। ਫਿਰ ਅੱਜ ਸਵਾਲ ਪੁੱਛਣ ਵਾਲਾ ਦੁਸ਼ਮਣ ਕਿਉਂ ਬਣ ਜਾਂਦਾ ਹੈ? ਕੀ ਪੰਜਾਬ ਦੀ ਹਕੂਮਤ ਆਪਣੇ ਆਪ ਨੂੰ ਸੰਵਿਧਾਨ ਤੋਂ ਉੱਪਰ ਸਮਝਣ ਲੱਗ ਗਈ ਹੈ?
ਜਿਨ੍ਹਾਂ ਲੋਕਾਂ ਨੇ ਬਦਲਾਅ ਦੇ ਸੁਪਨੇ ਉੱਤੇ ਭਰੋਸਾ ਕੀਤਾ, ਉਨ੍ਹਾਂ ਨੇ ਵਾਅਦਿਆਂ ਅਤੇ ਗਾਰੰਟੀਆਂ ਨੂੰ ਸੱਚ ਮੰਨ ਕੇ ਆਪਣਾ ਫ਼ੈਸਲਾ ਕੀਤਾ। ਲੋਕਤੰਤਰ ਵਿੱਚ ਵੋਟ ਸਿਰਫ਼ ਪੰਜ ਸਾਲ ਲਈ ਚੁੱਪ ਰਹਿਣ ਦਾ ਲਾਇਸੈਂਸ ਨਹੀਂ ਹੁੰਦੀ। ਵੋਟ ਦੇਣ ਵਾਲੇ ਨੂੰ ਹੱਕ ਹੈ ਕਿ ਉਹ ਪੁੱਛੇ ਕਿ ਰੋਜ਼ਗਾਰ ਕਿੱਥੇ ਹੈ? ਹੁਣ ਤੱਕ ਨਸ਼ਿਆਂ ਦਾ ਹੱਲ ਕਿਉਂ ਨਹੀਂ ਹੋਇਆ? ਨਸ਼ਿਆਂ ਦੇ ਵਪਾਰੀਆਂ ਨਾਲ ਸੱਤਾਧਾਰੀਆਂ ਦੀਆਂ ਤਾਰਾਂ ਕਿਉਂ ਜੁੜਦੀਆਂ ਹਨ? ਸਿੱਖਿਆ ਅਤੇ ਸਿਹਤ ਦੀ ਹਾਲਤ ਕਿੱਥੇ ਪਹੁੰਚੀ? ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਜੇਕਰ ਸਿਹਤ ਸੇਵਾਵਾਂ ਦਾ ਇਹ ਹਾਲ ਹੈ ਤਾਂ ਸਿਹਤ ਕ੍ਰਾਂਤੀ ਦੇ ਫੋਕੇ ਦਾਅਵੇ ਕਿਉਂ ਕੀਤੇ ਜਾ ਰਹੇ ਹਨ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਕਿੱਥੇ ਖੜ੍ਹੇ ਹਨ? ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕਿਉਂ ਕੀਤੀ ਜਾ ਰਹੀ ਹੈ? ਪੰਜਾਬ ਸਰਕਾਰ ਮਾਣਯੋਗ ਹਾਈਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਮਨਮਾਨੀਆਂ ਕਿਉਂ ਕਰਦੀ ਹੈ? ਲੋਕਾਂ ਦੇ ਟੈਕਸਾਂ ਦਾ ਜਨਤਕ ਪੈਸੇ ਦਾ ਹਿਸਾਬ ਕੀ ਹੈ? ਪੰਜਾਬ ਕਰਜ਼ਿਆਂ ਦੀ ਪੰਡ ਹੇਠ ਕਿਉਂ ਦੱਬਿਆ ਦਾ ਰਿਹਾ ਹੈ? ਜਿਹੜੇ ਤੁਸੀਂ ਲੋਕਾਂ ਨਾਲ ਗਾਰੰਟੀਆਂ ਕੀਤੀਆਂ ਸਨ, ਉਹਨਾਂ ਵਾਅਦਿਆਂ ਦੀ ਪੂਰਤੀ ਕਿੰਨੀ ਹੋਈ? ਇਹ ਤਾਂ ਉਹ ਸਵਾਲ ਹਨ ਜਿਹੜੇ ਬੁਨਿਆਦੀ ਢਾਂਚੇ ਤੋਂ ਜਵਾਬ ਮੰਗਦੇ ਹਨ। ਇਨ੍ਹਾਂ ਸਵਾਲਾਂ ਨੂੰ ਸੱਤਾ ਵਿਰੋਧੀ ਸਾਜ਼ਿਸ਼ ਕਹਿ ਦੇਣਾ ਸਵਾਲ ਦਾ ਜਵਾਬ ਨਹੀਂ। ਸਵਾਲ ਨੂੰ ਚੁੱਪ ਕਰ ਦੇਣ ਨਾਲ ਸਵਾਲ ਮਰਦਾ ਨਹੀਂ; ਉਹ ਲੋਕਾਂ ਦੀ ਯਾਦ ਵਿੱਚ ਹੋਰ ਡੂੰਘਾ ਉਤਰ ਜਾਂਦਾ ਹੈ।
ਪੰਜਾਬ ਦਾ ਇਤਿਹਾਸ ਦੱਸਦਾ ਹੈ ਕਿ ਇੱਥੋਂ ਦੇ ਲੋਕਾਂ ਨੇ ਜ਼ਬਰ ਨੂੰ ਕਦੇ ਆਪਣੀ ਸਥਾਈ ਕਿਸਮਤ ਨਹੀਂ ਮੰਨਿਆ। ਗੁਰਦੁਆਰਿਆਂ ਦੀ ਪਰੰਪਰਾ ਤੋਂ ਲੈ ਕੇ ਕਿਸਾਨੀ ਸੰਘਰਸ਼ਾਂ ਤੱਕ, ਪੰਜਾਬ ਦੀ ਲੋਕ-ਚੇਤਨਾ ਨੇ ਹਮੇਸ਼ਾ ਸੱਤਾ ਨੂੰ ਪੁੱਛਿਆ ਹੈ ਕਿ ਤੂੰ ਕਿਸ ਲਈ ਹੈਂ ਅਤੇ ਕਿਸ ਦੇ ਹੱਕ ਵਿੱਚ ਖੜ੍ਹੀ ਹੈਂ? ਇਸ ਲਈ ਭਗਵੰਤ ਸਿੰਘ ਮਾਨ ਸਾਹਿਬ ਨੂੰ ਇੱਕ ਸਿੱਧੀ ਗੱਲ ਕਹਿਣੀ ਬਣਦੀ ਹੈ ਕਿ ਪੰਜਾਬ ਦਾ ਇਤਿਹਾਸ ਨਾ ਬਦਲੋ। ਪੰਜਾਬ ਦੀ ਸੱਭਿਆਚਾਰਕ ਰੂਹ ਨਾ ਬਦਲੋ। ਪੰਜਾਬ ਨੂੰ ਸਿਰਫ਼ ਪੁਲਿਸ ਦੀ ਤਾਕਤ ਨਾਲ ਪਰਿਭਾਸ਼ਿਤ ਨਾ ਕਰੋ। ਪੁਲਿਸ ਰਾਜ ਨਹੀਂ ਚਲਾ ਸਕਦੀ; ਲੋਕਾਂ ਦਾ ਵਿਸ਼ਵਾਸ ਸਰਕਾਰ ਚਲਾਉਂਦਾ ਹੈ। ਪੁਲਿਸ ਅਧਿਕਾਰੀਆਂ ਨੂੰ ਵੀ ਉਚ ਅਦਾਲਤਾਂ ਦੇ ਫੈਸਲਿਆਂ ਨੂੰ ਯਾਦ ਰੱਖਣ ਦੀ ਲੋੜ ਹੈ।
ਜਦੋਂ ਵਿਸ਼ਵਾਸ ਟੁੱਟਦਾ ਹੈ ਤਾਂ ਸਰਕਾਰ ਕੋਲ ਕੁਰਸੀ ਤਾਂ ਰਹਿ ਸਕਦੀ ਹੈ, ਪਰ ਲੋਕਾਂ ਦੇ ਦਿਲਾਂ ਵਿੱਚ ਉਸ ਦੀ ਥਾਂ ਖਾਲੀ ਹੋ ਜਾਂਦੀ ਹੈ। ਯਾਦ ਰੱਖਣਾ ਚਾਹੀਦਾ ਹੈ ਕਿ ਜਿਸ ਪੰਜਾਬ ਨੇ ਗੁਰੂ ਸਾਹਿਬ ਨੂੰ ਸਵਾਲ ਕਰਦੇ ਵੇਖਿਆ ਹੈ, ਜਿਸ ਪੰਜਾਬ ਨੇ ਜ਼ੁਲਮ ਅੱਗੇ ਸੱਚ ਨੂੰ ਖੜ੍ਹਾ ਵੇਖਿਆ ਹੈ, ਉਸ ਪੰਜਾਬ ਦੇ ਲੋਕਾਂ ਨੂੰ ਸਵਾਲ ਪੁੱਛਣ ਤੋਂ ਡਰਾਇਆ ਨਹੀਂ ਜਾ ਸਕਦਾ। ਸਵਾਲ ਦਾ ਜਵਾਬ ਮੌਤ ਦਾ ਪਰਵਾਨਾ ਨਹੀਂ, ਸਗੋਂ ਲੋਕਤੰਤਰ ਦਾ ਇਮਤਿਹਾਨ ਹੁੰਦਾ ਹੈ। ਅਤੇ ਜਿਸ ਸੱਤਾ ਕੋਲ ਸਵਾਲਾਂ ਦੇ ਜਵਾਬ ਨਹੀਂ ਹੁੰਦੇ, ਉਹ ਅਕਸਰ ਸਵਾਲ ਪੁੱਛਣ ਵਾਲੇ ਨੂੰ ਹੀ ਮੁਲਜ਼ਮ ਬਣਾਉਣ ਲੱਗ ਪੈਂਦੀ ਹੈ।
ਪਰ ਪੰਜਾਬ ਨੂੰ ਮੁਲਜ਼ਮ, ਮੌਤ ਦੇ ਪਰਵਾਨੇ, ਪੁਲਸੀਆ ਤਸ਼ੱਦਦ ਨਹੀਂ, ਸਗੋਂ ਜਵਾਬ ਚਾਹੀਦੇ ਹਨ। ਮਨੁੱਖ ਦਾ ਅੰਤਿਮ ਸਸਕਾਰ ਪੁਲਿਸ ਨਹੀਂ ਪਰਿਵਾਰ ਤੇ ਰਿਸ਼ਤੇਦਾਰਾਂ ਵਲੋਂ ਕੀਤਾ ਜਾਂਦਾ ਹੈ। ਤੁਸੀਂ ਲੋਕਾਂ ਦਾ ਇਹ ਅਧਿਕਾਰ ਵੀ ਪੁਲਿਸ ਰਾਹੀਂ ਖੋਹ ਲਿਆ ਹੈ। ਤੁਹਾਨੂੰ ਇਹ ਗੱਲ ਇਹ ਹਕੂਮਤ ਦਾ ਨਸ਼ਾ ਲੋਕ ਉਤਾਰਨਾ ਜਾਣਦੇ ਹਨ। ਤੁਸੀਂ ਆਪਣੀ ਨੀਤੀਆਂ ਨੂੰ ਜਨਤਕ ਹਿੱਤਾਂ ਲਈ ਵਰਤੋ ਨਾ ਕਿ ਦਿੱਲੀ ਦੇ ਧਾੜਵੀਆਂ ਨੂੰ ਖੁਸ਼ ਕਰਨ ਲਈ। ਇਹ ਵਕ਼ਤ ਕਿਸੇ ਦੇ ਪਿਓ ਦਾ ਨਹੀਂ। ਅੱਤ ਤੇ ਅੰਤ ਦਾ ਸੰਕੇਤ ਸਮਝਣ ਦੀ ਲੋੜ ਹੈ। ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ, ਨਹੀਂ ਤਾਂ ਦੁਨਿਆਵੀ ਤੇ ਅਕਾਲ ਪੁਰਖ ਦੀਆਂ ਅਦਾਲਤਾਂ ਤੁਹਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।

/////
+++
ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।