ਮਸਲਾ-ਏ-ਸ਼ਬਦ ਗੁਰੂ ਸ਼ਬਦ ਗੁਰੂ ਤੋਂ ਟੁੱਟਿਆ ਮਨੁੱਖ!
ਮਨੁੱਖ ਜਦੋਂ ਤੁਰਦਾ ਹੈ ਤਾਂ ਉਸ ਦੇ ਨਾਲ-ਨਾਲ ਸ਼ਬਦ ਵੀ ਤੁਰਦੇ ਹਨ—ਇੱਕ ਥਾਂ ਤੋਂ ਦੂਜੀ ਥਾਂ ਤੱਕ। ਮਨੁੱਖ ਆਪਣੇ ਸਫ਼ਰ ਦਾ ਸਫ਼ਰਨਾਮਾ ਲਿਖਦਾ ਹੈ, ਪਰ ਸ਼ਬਦਾਂ ਦਾ ਕੋਈ ਸਫ਼ਰਨਾਮਾ ਨਹੀਂ ਲਿਖਦਾ। ਮਨੁੱਖ ਆਪਣੇ ਝੂਠ ਨੂੰ ਵੀ ਸੱਚ ਬਣਾਉਣ ਦੀ ਕੋਸ਼ਿਸ਼ ਕਰ ਸਕਦਾ ਹੈ, ਪਰ ਸ਼ਬਦ ਆਪਣੇ ਆਪ ਵਿੱਚ ਮਨੁੱਖ ਦੀ ਗਵਾਹੀ ਬਣ ਜਾਂਦੇ ਹਨ। ਮਨੁੱਖ ਦੀ ਪਰਖ ਉਸ ਦੀ ਬਾਣੀ ਤੋਂ ਹੁੰਦੀ ਹੈ।
ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਸ਼ਬਦ ਨਾਲ ਜੋੜਿਆ। ਸ਼ਬਦ ਅਤੇ ਸੰਗੀਤ ਰਾਹੀਂ ਮਨੁੱਖਤਾ ਦਾ ਇੱਕ ਨਵਾਂ ਬਿਰਤਾਂਤ ਸਿਰਜਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੇਹ ਨੂੰ ਨਹੀਂ, ਸ਼ਬਦ ਨੂੰ ਗੁਰੂ ਮੰਨਣ ਦੀ ਪਰੰਪਰਾ ਸੌਂਪੀ।
ਪਰ ਸਵਾਲ ਇਹ ਹੈ, ਕੀ ਅਸੀਂ ਸੱਚਮੁੱਚ ਸ਼ਬਦ ਨੂੰ ਗੁਰੂ ਮੰਨਿਆ? ਜੇ ਮੰਨਿਆ ਹੁੰਦਾ ਤਾਂ ਸਾਡੇ ਅੰਦਰੋਂ ਡਰ, ਹਉਮੈ, ਲਾਲਚ, ਨਫ਼ਰਤ ਅਤੇ ਊਚ-ਨੀਚ ਦੀਆਂ ਕੰਧਾਂ ਕਿਉਂ ਨਾ ਡਿੱਗਦੀਆਂ?
ਸ਼ਬਦ ਜਦੋਂ ਗੁਰੂ ਬਣਦਾ ਹੈ ਤਾਂ ਉਹ ਸਿਰਫ਼ ਉਚਾਰਿਆ ਹੋਇਆ ਸ਼ਬਦ ਨਹੀਂ ਰਹਿੰਦਾ। ਉਹ ਚੇਤਨਾ ਬਣ ਜਾਂਦਾ ਹੈ। ਜੀਵਨ ਦਾ ਮਾਰਗ ਬਣ ਜਾਂਦਾ ਹੈ। ਗੁਰੂ ਦਾ ਸ਼ਬਦ ਜਦੋਂ ਮਨੁੱਖ ਦੇ ਅੰਦਰ ਵੱਸਦਾ ਹੈ ਤਾਂ ਮਨ ਨਿਰਮਲ, ਨਿਰਛਲ ਅਤੇ ਨਿਰਭਉ ਹੋਣ ਵੱਲ ਤੁਰਦਾ ਹੈ। ਪਰ ਇਹ ਅਵਸਥਾ ਸਿਰਫ਼ ਸ਼ਬਦ ਪੜ੍ਹਨ ਨਾਲ ਨਹੀਂ ਆਉਂਦੀ; ਸ਼ਬਦ ਨੂੰ ਜੀਵਨ ਵਿੱਚ ਉਤਾਰਨ ਨਾਲ ਆਉਂਦੀ ਹੈ। ਅਸੀਂ ਸ਼ਬਦ ਨੂੰ ਪੜ੍ਹਦੇ ਬਹੁਤ ਹਾਂ, ਪਰ ਸ਼ਬਦ ਨੂੰ ਜਿਉਂਦੇ ਕਿੰਨੇ ਹਾਂ?
ਇੱਥੋਂ ਹੀ ਸਾਡਾ ਸੰਕਟ ਸ਼ੁਰੂ ਹੁੰਦਾ ਹੈ। ਅਸੀਂ ਸ਼ਬਦ ਦੀ ਥਾਂ ਦੇਹ ਨਾਲ ਜੁੜ ਜਾਂਦੇ ਹਾਂ। ਵਿਚਾਰ ਦੀ ਥਾਂ ਵਿਅਕਤੀ-ਪੂਜਾ ਕਰਨ ਲੱਗਦੇ ਹਾਂ। ਉਪਦੇਸ਼ ਦੀ ਥਾਂ ਉਪਦੇਸ਼ਕ ਨੂੰ ਕੇਂਦਰ ਬਣਾ ਲੈਂਦੇ ਹਾਂ। ਜਦੋਂ ਮਨੁੱਖ ਸ਼ਬਦ ਦੀ ਥਾਂ ਕਿਸੇ ਦੇਹ ਨੂੰ ਗੁਰੂ ਬਣਾਉਂਦਾ ਹੈ ਤਾਂ ਹੌਲੀ-ਹੌਲੀ ਡੇਰੇ, ਧੜੇ, ਗੁੱਟ ਅਤੇ ਵਿਅਕਤੀ-ਕੇਂਦਰਿਤ ਧਾਰਮਿਕਤਾ ਜਨਮ ਲੈਂਦੀ ਹੈ।
ਇਹੀ ਉਹ ਥਾਂ ਹੈ ਜਿੱਥੇ ਸ਼ਬਦ ਪਿੱਛੇ ਰਹਿ ਜਾਂਦਾ ਹੈ ਅਤੇ ਮਨੁੱਖ ਅੱਗੇ ਨਿਕਲ ਜਾਂਦਾ ਹੈ। ਸ਼ਬਦ ਸਾਨੂੰ ਗਿਆਨ ਨਾਲ ਜੋੜਦਾ ਹੈ। ਗਿਆਨ ਧਿਆਨ ਵੱਲ ਲੈ ਜਾਂਦਾ ਹੈ ਅਤੇ ਧਿਆਨ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਸਮਰੱਥਾ ਦਿੰਦਾ ਹੈ। ਪਰ ਅਸੀਂ ਅੰਦਰ ਦੇਖਣ ਦੀ ਥਾਂ ਬਾਹਰ ਦੀ ਦੁਨੀਆ ਵਿੱਚ ਆਪਣੀ ਪਛਾਣ ਲੱਭਣ ਲੱਗ ਪਏ ਹਾਂ।
ਪਦਾਰਥ, ਲਾਲਚ, ਤ੍ਰਿਸ਼ਨਾ, ਹਉਮੈ ਅਤੇ ਵਕਾਰ ਮਨੁੱਖ ਨੂੰ ਆਪਣੇ ਹੀ ਬਣਾਏ ਜਾਲ ਵਿੱਚ ਫਸਾ ਦਿੰਦੇ ਹਨ। ਮੱਕੜੀ ਵਾਂਗ ਮਨੁੱਖ ਆਪਣਾ ਜਾਲ ਆਪ ਬੁਣਦਾ ਹੈ ਅਤੇ ਫਿਰ ਉਸੇ ਵਿੱਚ ਫਸ ਜਾਂਦਾ ਹੈ।
ਮੁਕਤੀ ਦੀ ਪਹਿਲੀ ਸ਼ਰਤ ਹੈ, ਆਪਣੇ ਬੰਧਨਾਂ ਨੂੰ ਪਛਾਣਨਾ।
ਅਸੀਂ ਕਿਸ ਚੀਜ਼ ਨਾਲ ਬੱਝੇ ਹੋਏ ਹਾਂ?
ਦੇਹ, ਧਨ, ਜਾਤ , ਗੋਤ,ਅਹੁਦੇ, ਡੇਰੇ ਜਾਂ ਆਪਣੇ ਹੰਕਾਰ ਨਾਲ? ਇਹ ਸਵਾਲ ਸਾਨੂੰ ਆਪਣੇ ਆਪ ਤੋਂ ਪੁੱਛਣਾ ਪਵੇਗਾ। ਕੀ ਕਦੇ ਅਸੀਂ ਇਹ ਆਪਣੇ ਆਪ ਨੂੰ ਸਵਾਲ ਪੁੱਛਿਆ ਹੈ?
ਸ਼ਬਦ ਗੁਰੂ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਉਹ ਮਨੁੱਖ ਨੂੰ ਜਾਤ-ਪਾਤ ਅਤੇ ਊਚ-ਨੀਚ ਦੀਆਂ ਵੰਡਾਂ ਤੋਂ ਪਾਰ ਲੈ ਜਾਣ ਦੀ ਚੇਤਨਾ ਦਿੰਦਾ ਹੈ। ਪਰ ਅੱਜ ਵੀ ਸਮਾਜ ਵਿੱਚ ਜਾਤ ਦੀਆਂ ਕੰਧਾਂ ਮੌਜੂਦ ਹਨ। ਕਈ ਥਾਵਾਂ ’ਤੇ ਧਾਰਮਿਕ ਸੰਸਥਾਵਾਂ ਵੀ ਇਨ੍ਹਾਂ ਸਮਾਜਿਕ ਵੰਡਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕੀਆਂ। ਇਹ ਕਿੰਨੀ ਵੱਡੀ ਵਿਡੰਬਨਾ ਹੈ ਕਿ ਜਿਸ ਵਿਚਾਰਧਾਰਾ ਨੇ ਕਿਹਾ ਹੈ ਕਿ,
“ਏਕੁ ਨੂਰੁ ਤੇ ਸਭੁ ਜਗੁ ਉਪਜਿਆ, ਕਉਣੁ ਭਲੇ ਕੋ ਮੰਦੇ॥”
ਉਸੇ ਵਿਚਾਰਧਾਰਾ ਦੇ ਪੈਰੋਕਾਰ ਅੱਜ ਮਨੁੱਖ ਨੂੰ ਜਾਤਾਂ, ਗੋਤਾਂ ਅਤੇ ਸਮਾਜਿਕ ਖਾਨਿਆਂ ਵਿੱਚ ਵੰਡ ਰਹੇ ਹਨ।
ਵਿਗਿਆਨ ਨੇ ਦੁਨੀਆ ਦੀਆਂ ਬਾਹਰੀ ਦੂਰੀਆਂ ਘਟਾ ਦਿੱਤੀਆਂ ਹਨ, ਪਰ ਮਨੁੱਖ ਦੇ ਅੰਦਰ ਦੀਆਂ ਦੂਰੀਆਂ ਕਈ ਥਾਵਾਂ ’ਤੇ ਹੋਰ ਵਧ ਗਈਆਂ ਹਨ। ਤਕਨਾਲੋਜੀ ਨੇ ਮਨੁੱਖ ਨੂੰ ਇੱਕ ਕਲਿੱਕ ਨਾਲ ਦੂਜੇ ਮਹਾਂਦੀਪ ਤੱਕ ਪਹੁੰਚਾ ਦਿੱਤਾ ਹੈ, ਪਰ ਜਾਤ ਦੇ ਨਾਮ ’ਤੇ ਗੁਆਂਢੀ ਤੋਂ ਦੂਰ ਕਰ ਦਿੱਤਾ ਹੈ।
ਇਹ ਕਿਹੜੀ ਤਰੱਕੀ ਹੈ?
ਮਨੁੱਖ ਚੰਦ ਤੱਕ ਪਹੁੰਚ ਗਿਆ, ਪਰ ਆਪਣੇ ਅੰਦਰਲੇ ਹਨੇਰੇ ਤੱਕ ਨਹੀਂ ਪਹੁੰਚ ਸਕਿਆ। ਅੱਜ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਡਰ ਅਤੇ ਲਾਲਚ ਨਾਲ ਕਿਸੇ ਨੂੰ ਸ਼ਬਦ ਗੁਰੂ ਦੇ ਮਾਰਗ ’ਤੇ ਨਹੀਂ ਲਿਆਂਦਾ ਜਾ ਸਕਦਾ। ਸਿਰੋਪਾ ਪਾ ਦੇਣ ਨਾਲ ਕੋਈ ਸ਼ਬਦ ਦਾ ਪਾਂਧੀ ਨਹੀਂ ਬਣ ਜਾਂਦਾ। ਸ਼ਬਦ ਦਾ ਪਾਂਧੀ ਉਹ ਹੈ ਜਿਸ ਦੀ ਜ਼ਿੰਦਗੀ ਵਿੱਚ ਸ਼ਬਦ ਦਾ ਅਸਰ ਦਿਖਾਈ ਦੇਵੇ।
ਸ਼ਬਦ ਗੁਰੂ ਨੇ ਮਨੁੱਖ ਨੂੰ ਜੋੜਨਾ ਸੀ; ਅਸੀਂ ਉਸ ਨੂੰ ਵੰਡਣ ਲਈ ਵਰਤਣ ਲੱਗ ਪਏ। ਸ਼ਬਦ ਨੇ ਨਿਮਾਣਿਆਂ-ਨਿਤਾਣਿਆਂ ਨੂੰ ਤਾਕਤ ਦਿੱਤੀ ਸੀ। ਅਸੀਂ ਫਿਰ ਤਾਕਤ ਨੂੰ ਜਾਤ, ਧੜੇ ਅਤੇ ਗਿਣਤੀ ਵਿੱਚ ਵੰਡ ਰਹੇ ਹਾਂ। ਜਾਤ ਦੀਆਂ ਇਹ ਥੋਹਰਾਂ ਹੁਣ ਸਿਰਫ਼ ਪਿੰਡਾਂ ਵਿੱਚ ਨਹੀਂ, ਸਾਡੇ ਮਨਾਂ ਵਿੱਚ ਵੀ ਉੱਗ ਆਈਆਂ ਹਨ। ਕੰਡੇ ਸਾਨੂੰ ਚੁੱਭਦੇ ਹਨ, ਫਿਰ ਵੀ ਅਸੀਂ ਉਨ੍ਹਾਂ ਨੂੰ ਪਾਣੀ ਦੇ ਰਹੇ ਹਾਂ। ਇੱਥੇ ਸਵਾਲ ਸਿਰਫ਼ ਧਾਰਮਿਕ ਸੰਸਥਾਵਾਂ ਦਾ ਨਹੀਂ। ਸਵਾਲ ਸਾਡੀ ਆਪਣੀ ਚੇਤਨਾ ਦਾ ਵੀ ਹੈ।
ਅਸੀਂ ਕਦੋਂ ਸ਼ਬਦ ਤੋਂ ਟੁੱਟੇ? ਕਿਉਂ ਟੁੱਟੇ? ਕਿਸ ਨੇ ਤੋੜਿਆ? ਅਤੇ ਕੀ ਅਸੀਂ ਆਪਣੇ ਆਪ ਨੂੰ ਕਦੇ ਇਹ ਸਵਾਲ ਪੁੱਛਿਆ? ਸ਼ਾਇਦ ਸਾਡੀ ਹਉਮੈ ਨੇ ਸਾਨੂੰ ਸ਼ਬਦ ਤੋਂ ਦੂਰ ਕੀਤਾ। ਅਸੀਂ ਵਿਚਾਰ ਦੀ ਥਾਂ ਪਛਾਣ ਨੂੰ, ਸੱਚ ਦੀ ਥਾਂ ਧੜੇ ਨੂੰ ਅਤੇ ਮਨੁੱਖਤਾ ਦੀ ਥਾਂ ਜਾਤ ਨੂੰ ਵੱਡਾ ਕਰ ਲਿਆ।
ਇਸੇ ਲਈ ਲਾਲ ਸਿੰਘ ਦਿਲ ਦੀ ਕਵਿਤਾ ‘ਜਾਤ’ ਦਾ ਦਰਦ ਅੱਜ ਵੀ ਸਾਡੇ ਸਾਹਮਣੇ ਖੜ੍ਹਾ ਹੈ। ਉਸ ਦਾ ਕੇਂਦਰੀ ਅਹਿਸਾਸ ਇਹ ਹੈ ਕਿ ਜਾਤ ਮਨੁੱਖ ਦੇ ਪਿਆਰ ਅਤੇ ਮੌਤ ਤੱਕ ਨੂੰ ਵੰਡ ਦਿੰਦੀ ਹੈ।
ਸਵਾਲ ਇਹ ਨਹੀਂ ਕਿ ਦੂਜਾ ਕੌਣ ਹੈ। ਅਸਲ ਵਿੱਚ ਸਵਾਲ ਇਹ ਹੈ ਕਿ ਮੈਂ ਕੌਣ ਹਾਂ?
ਜਦੋਂ ਮਨੁੱਖ ਆਪਣੇ ਅੰਦਰ ਇਹ ਸਵਾਲ ਪੁੱਛਦਾ ਹੈ ਤਾਂ ਸ਼ਬਦ ਉਸ ਦੀ ਉਂਗਲ ਫੜ ਲੈਂਦਾ ਹੈ।
ਅੱਜ ਸਾਨੂੰ ਕਿਸੇ ਬਾਹਰੀ ਦੁਸ਼ਮਣ ਨਾਲੋਂ ਵੱਧ ਆਪਣੇ ਅੰਦਰਲੇ ਦੁਸ਼ਮਣਾਂ ਨਾਲ ਲੜਨ ਦੀ ਲੋੜ ਹੈ, ਹਉਮੈ, ਨਫ਼ਰਤ, ਲਾਲਚ, ਜਾਤੀ-ਅਹੰਕਾਰ ਅਤੇ ਅੰਨ੍ਹੀ ਵਿਅਕਤੀ-ਪੂਜਾ ਨਾਲ। ਹੁਣ ਜੰਗ ਸਿਰਫ਼ ਹਥਿਆਰਾਂ ਨਾਲ ਨਹੀਂ, ਵਿਚਾਰਾਂ ਨਾਲ ਵੀ ਲੜੀ ਜਾ ਰਹੀ ਹੈ।
ਪਰ ਵਿਚਾਰ ਦੀ ਤਲਵਾਰ ਮਨੁੱਖ ਨੂੰ ਕੱਟਣ ਲਈ ਨਹੀਂ, ਹਨੇਰਾ ਕੱਟਣ ਲਈ ਹੋਣੀ ਚਾਹੀਦੀ ਹੈ। ਸ਼ਬਦ ਮਨੁੱਖ ਨੂੰ ਆਪਣੇ ਆਪ ਨਾਲ ਜੋੜਦਾ ਹੈ। ਸ਼ਬਦ ਉਸ ਨੂੰ ਉਸ ਅਦਿੱਖ ਸੱਚ ਵੱਲ ਲੈ ਜਾਂਦਾ ਹੈ, ਜਿਸ ਨੂੰ ਕੋਈ ਜਾਤ, ਕੋਈ ਗੋਤ, ਕੋਈ ਅਹੁਦਾ ਅਤੇ ਕੋਈ ਦੇਹ ਕੈਦ ਨਹੀਂ ਕਰ ਸਕਦੀ।
ਇਸ ਲਈ ਆਓ !
ਦੇਹ ਦੀ ਥਾਂ ਸ਼ਬਦ ਨੂੰ ਕੇਂਦਰ ਬਣਾਈਏ। ਜਾਤ ਦੀ ਥਾਂ ਮਨੁੱਖ ਨੂੰ ਪਛਾਣੀਏ। ਡਰ ਦੀ ਥਾਂ ਨਿਰਭਉਤਾ ਚੁਣੀਏ। ਨਫ਼ਰਤ ਦੀ ਥਾਂ ਮਨੁੱਖਤਾ ਨੂੰ ਥਾਂ ਦੇਈਏ। ਪਖੰਡ ਦੀ ਥਾਂ ਜੀਵਨ ਵਿੱਚ ਸ਼ਬਦ ਉਤਾਰੀਏ। ਸ਼ਬਦ ਬਿਨਾਂ ਹਨੇਰਾ ਹੈ। ਸ਼ਬਦ ਨਾਲ ਚਾਨਣ ਹੈ। ਹੁਣ ਚੋਣ ਸਾਡੀ ਹੈ ਕਿ ਅਸੀਂ ਸ਼ਬਦ ਤੋਂ ਟੁੱਟ ਕੇ ਹਨੇਰੇ ਵੱਲ ਜਾਣਾ ਹੈ ਜਾਂ ਸ਼ਬਦ ਨਾਲ ਜੁੜ ਕੇ ਮਨੁੱਖਤਾ ਵੱਲ?
ਕਿਉਂਕਿ ਅਖੀਰ ਵਿੱਚ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਸ਼ਬਦ ਤੋਂ ਵੱਡਾ ਕੋਈ ਹਥਿਆਰ ਨਹੀਂ ਅਤੇ ਮਨੁੱਖਤਾ ਤੋਂ ਵੱਡਾ ਕੋਈ ਧਰਮ ਨਹੀਂ।
|\
ਬੁੱਧ ਸਿੰਘ ਨੀਲੋਂ
9464370823
budhsinghneelon@gmail.com












