ਮਾਨਸਾ (12 ਸਤੰਬਰ) ,ਬੋਲੇ ਪੰਜਾਬ ਬਿਊਰੋ:
ਅੱਜ ਬਾਬਾ ਬੂਝਾ ਸਿੰਘ ਭਵਨ ਵਿਖੇ ਪੰਜਾਬ ਦੀ ਇਨਕਲਾਬੀ ਲਹਿਰ ਦੇ ਨਿਡਰ, ਸਾਦੇ ਅਤੇ ਲੋਕਪੱਖੀ ਆਗੂ ਕਾਮਰੇਡ ਅਮਰ ਸਿੰਘ ਅੱਚਰਵਾਲ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਇਕੱਠੇ ਹੋਏ ਇਨਕਲਾਬੀ ਆਗੂਆਂ ਅਤੇ ਸਾਥੀਆਂ ਨੇ ਕਾਮਰੇਡ ਅੱਚਰਵਾਲ ਦੇ ਅਧੂਰੇ ਲੋਕਪੱਖੀ ਕਾਰਜਾਂ ਨੂੰ ਅੱਗੇ ਵਧਾਉਣ ਦਾ ਸੰਕਲਪ ਦੁਹਰਾਇਆ।
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਕਾਮਰੇਡ ਨਛੱਤਰ ਸਿੰਘ ਖੀਵਾ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਘਰਾਗਣਾ, ਗੁਰਮੀਤ ਨੰਦਗੜ੍ਹ, ਗੁਰਸੇਵਕ ਮਾਨ, ਅਜੈਬ ਸਿੰਘ ਭੈਣੀਬਾਘਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਮੁਖਤਿਆਰ ਕੂਲੈਹਿਰੀ ਨੇ ਕਾਮਰੇਡ ਅੱਚਰਵਾਲ ਦੇ ਜੀਵਨ ਅਤੇ ਇਨਕਲਾਬੀ ਦੇਣ ‘ਤੇ ਚਾਨਣਾ ਪਾਇਆ।
ਆਗੂਆਂ ਨੇ ਯਾਦ ਕੀਤਾ ਕਿ 21 ਅਕਤੂਬਰ 1928 ਨੂੰ ਪਿੰਡ ਅੱਚਰਵਾਲ ਵਿਖੇ ਕਾਮਰੇਡ ਕੁੰਡਾ ਸਿੰਘ ਦੇ ਘਰ ਜਨਮੇ ਅਮਰ ਸਿੰਘ ‘ਤੇ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਦਾ ਡੂੰਘਾ ਪ੍ਰਭਾਵ ਸੀ। ਉਹ ਇੰਡੀਅਨ ਪੀਪਲਜ਼ ਫਰੰਟ (IPF) ਅਤੇ ਬਾਅਦ ਵਿੱਚ CPI(ML) Liberation ਨਾਲ ਜੁੜ ਕੇ ਨਕਸਲੀ ਲਹਿਰ ‘ਤੇ ਸਰਕਾਰੀ ਜਬਰ ਦੇ ਬਾਵਜੂਦ ਅਡੋਲ ਰਹੇ। ਦੋ ਦਹਾਕਿਆਂ ਤੋਂ ਵੱਧ ਸਮਾਂ ਪਿੰਡ ਦੇ ਸਰਪੰਚ ਰਹਿਣ ਵਾਲੇ ਕਾਮਰੇਡ ਅੱਚਰਵਾਲ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਅਤੇ ਪੰਜਾਬ ਦੇ ਦਹਿਸ਼ਤਗਰਦੀ ਦੇ ਕਾਲੇ ਦੌਰ ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਫ਼ਰਮਾਨਾਂ ਦਾ ਨਿਡਰਤਾ ਨਾਲ ਸਾਹਮਣਾ ਕੀਤਾ। 12 ਸਤੰਬਰ 1992 ਨੂੰ ਉਨ੍ਹਾਂ ਨੇ ਆਪਣੀ ਧਰਮ-ਨਿਰਪੱਖ ਅਤੇ ਲੋਕਪੱਖੀ ਸੋਚ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ।
ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ ਸੰਘਰਸ਼ ਦਾ ਸੱਦਾ
ਸਮਾਗਮ ਦੌਰਾਨ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਨੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਗੰਭੀਰ ਕਰਜ਼ੇ ਦੀ ਦਲਦਲ ਵਿੱਚ ਧਕੇਲ ਦਿੱਤਾ ਹੈ।
ਇਨ੍ਹਾਂ ਨੀਤੀਆਂ ਦੇ ਵਿਰੋਧ ਵਿੱਚ ਆਗੂਆਂ ਨੇ ਐਲਾਨ ਕੀਤਾ ਕਿ 20 ਸਤੰਬਰ ਨੂੰ ਹੋਣ ਵਾਲੀ ‘ਮਜ਼ਦੂਰ ਕਿਸਾਨ ਏਕਤਾ ਰੈਲੀ’ ਵਿੱਚ ਮਾਨਸਾ ਜ਼ਿਲ੍ਹੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਅਤੇ ਕਿਸਾਨ ਸ਼ਮੂਲੀਅਤ ਕਰਨਗੇ।












