ਧੋਖਾ ਕੀਤਾ ਨੀਂ, ਸੁਣ ਸਿਆਲਾਂ ਦੀ ਛੋਕਰੀਏ!
ਇਸ਼ਕ ਦੀਆਂ ਕਹਾਣੀਆਂ ਵਿੱਚ ਧੋਖਾ ਨਵੀਂ ਗੱਲ ਨਹੀਂ। ਹੀਰ-ਰਾਂਝੇ ਤੋਂ ਲੈ ਕੇ ਅੱਜ ਦੀ ਸਿਆਸਤ, ਸਮਾਜ, ਸੰਘਰਸ਼, ਦਫ਼ਤਰਾਂ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਤੱਕ, ਇਹ ਧੋਖਾ ਦੇਣ ਵਾਲੇ ਵੀ ਮਿਲਦੇ ਹਨ ਤੇ ਧੋਖਾ ਸਹਿਣ ਵਾਲੇ ਵੀ। ਫ਼ਰਕ ਸਿਰਫ਼ ਇੰਨਾ ਪਿਆ ਹੈ ਕਿ ਉਦੋਂ ਪਟਕੇ ਪਾੜੇ ਜਾਂਦੇ ਸਨ, ਹੁਣ ਭਰੋਸੇ ਪਾੜੇ ਜਾਂਦੇ ਹਨ।
ਸੂਝਵਾਨ ਤੇ ਸੰਵੇਦਨਸ਼ੀਲ ਲੋਕ ਬਹੁਤ ਕੁਝ ਜਾਣਦੇ ਹਨ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿੱਥੇ ਕੀ ਹੋਇਆ, ਕਿਸ ਨੇ ਕੀ ਕੀਤਾ ਤੇ ਕਿਸ ਨੇ ਕਿਸ ਦਾ ਸਾਥ ਦਿੱਤਾ। ਪਰ ਉਹ ਅਕਸਰ ਚੁੱਪ ਰਹਿੰਦੇ ਹਨ। ਆਪਾਂ ਵੀ ਕਿਸੇ ਦਾ ਨਾਂ ਨਹੀਂ ਲੈਂਦੇ। ਸੱਚਾ ਪਾਤਸ਼ਾਹ ਸਾਰਿਆਂ ਨੂੰ ਜਾਣਦਾ ਤੇ ਪਛਾਣਦਾ ਹੈ। ਅਸੀਂ ਤਾਂ ਮੂਰਖ ਪ੍ਰਾਣੀ ਹਾਂ ਜੋ ਸਾਹਮਣੇ ਵਾਪਰ ਰਿਹਾ ਹੁੰਦਾ ਹੈ, ਉਹ ਵੀ ਕਈ ਵਾਰ ਸਮਝ ਨਹੀਂ ਪਾਉਂਦੇ।
ਜਿਨ੍ਹਾਂ ਨੂੰ ਸਭ ਕੁਝ ਦਿਖਦਾ ਹੈ, ਉਹ ਮੂੰਹ ਵਿੱਚ ਘੁੰਗਣੀਆਂ ਪਾ ਕੇ ਤਮਾਸ਼ਾ ਦੇਖਦੇ ਰਹਿੰਦੇ ਹਨ। ਪੰਜਾਬੀਆਂ ਵਿੱਚ ਤਮਾਸ਼ਾ ਦੇਖਣ ਦੀ ਕੋਈ ਘਾਟ ਨਹੀਂ। ਜਿੱਥੇ ਦੋ ਡੰਗਰ ਭਿੜ ਜਾਣ, ਉੱਥੇ ਲੋਕ ਇਕੱਠੇ ਹੋ ਜਾਂਦੇ ਹਨ। ਪਰ ਜਿੱਥੇ ਹੱਕ ਤੇ ਬੇਇਨਸਾਫ਼ੀ ਭਿੜ ਰਹੇ ਹੋਣ, ਉੱਥੇ ਦਰਸ਼ਕ ਘੱਟ ਕਿਉਂ ਹੋ ਜਾਂਦੇ ਹਨ? ਡੇਰਿਆਂ ਵਿੱਚ ਭੀੜਾਂ ਲੱਗੀਆਂ ਹੋਈਆਂ ਹਨ।
ਇਹ ਸਵਾਲ ਵੱਡਾ ਹੈ। ਮਿਲਾਵਟ ਸਿਰਫ਼ ਦੁੱਧ ਵਿੱਚ ਨਹੀਂ, ਨੀਅਤਾਂ ਵਿੱਚ ਵੀ ਹੈ। ਪੰਜਾਬ ਵਿੱਚ ਪਸ਼ੂ ਪਾਲਣ ਘਟਿਆ ਹੈ। ਦੁੱਧ ਦੀ ਮੰਗ ਤੇ ਉਤਪਾਦਨ ਬਾਰੇ ਬਹਿਸ ਆਪਣੀ ਥਾਂ ਹੈ, ਪਰ ਅਸਲ ਸਵਾਲ ਇਹ ਹੈ ਕਿ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਕਿਉਂ ਹੁੰਦੀ ਹੈ? ਮਿਲਾਵਟ ਸਿਰਫ਼ ਦੁੱਧ, ਘਿਓ ਜਾਂ ਮਸਾਲੇ ਵਿੱਚ ਨਹੀਂ ਹੁੰਦੀ। ਕਈ ਵਾਰ ਬੰਦਾ ਆਪਣੀ ਨੀਅਤ ਵਿੱਚ ਵੀ ਮਿਲਾਵਟ ਕਰ ਲੈਂਦਾ ਹੈ।
ਸਿਆਣੇ ਕਹਿੰਦੇ ਹਨ ਕਿ ਧੋਖਾ ਦੇਣਾ ਵੀ ਮਾੜਾ, ਧੋਖਾ ਕਰਨਾ ਵੀ ਮਾੜਾ। ਪਰ ਅੱਜ ਦਾ ਕਮਾਲ ਵੇਖੋ! ਜਿਹੜਾ ਬੰਦਾ ਲੋਕਾਂ ਨਾਲ ਧੋਖਾ ਕਰਦਾ ਹੈ, ਉਹੀ ਕਈ ਵਾਰ ਧਾਰਮਿਕ ਸਥਾਨਾਂ ਵਿੱਚ ਸਭ ਤੋਂ ਅੱਗੇ ਹੋ ਕੇ ਸੇਵਾ ਕਰਦਾ ਦਿਖਾਈ ਦਿੰਦਾ ਹੈ। ਪਾਪ ਦੀ ਕਮਾਈ ਨਾਲ ਪੁੰਨ ਦੀ ਰਸੀਦ ਕੱਟਵਾ ਕੇ ਕੀ ਪਾਪ ਧੁਲ ਜਾਂਦਾ ਹੈ? ਇਹ ਸਵਾਲ ਕਿਸੇ ਇੱਕ ਧਰਮ ਵਾਲੇ ਨੂੰ ਨਹੀਂ, ਸਾਰੇ ਸਮਾਜ ਨੂੰ ਹੈ। ਇਮਾਨਦਾਰ ਬੰਦਾ ਮੂਰਖ ਕਿਉਂ ਬਣ ਗਿਆ?
ਅੱਜ ਹਾਲਾਤ ਇਹ ਹਨ ਕਿ ਜਿਹੜਾ ਰਿਸ਼ਵਤ ਨਹੀਂ ਲੈਂਦਾ, ਮਿਲਾਵਟ ਨਹੀਂ ਕਰਦਾ, ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ ਕਿ ਉਸ ਨੂੰ ਕਈ ਵਾਰ ਦੁਨੀਆ ਮੂਰਖ ਸਮਝਦੀ ਹੈ। ਤੇ ਜਿਹੜਾ ਚਲਾਕੀ ਨਾਲ ਆਪਣਾ ਕੰਮ ਕੱਢ ਲੈਂਦਾ ਹੈ, ਉਸ ਨੂੰ ਸਿਆਣਾ ਕਿਹਾ ਜਾਂਦਾ ਹੈ।
ਫਿਰ ਸਵਾਲ ਇਹ ਹੈ ਕਿ ਸਿਆਣਪ ਦੀ ਪਰਿਭਾਸ਼ਾ ਬਦਲ ਗਈ ਹੈ ਜਾਂ ਸਮਾਜ ਦੀ ਜ਼ਮੀਰ?੍ਰਬਦਲਾਅ ਮੰਗਣ ਵਾਲੇ ਲੋਕ ਅਤੇ ਬਦਲਾਅ ਦਾ ਹਿਸਾਬ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਦਲਾਅ ਦੀ ਆਸ ਨਾਲ ਵੋਟ ਦਿੱਤੀ ਸੀ। ਇਮਾਨਦਾਰੀ ਅਤੇ ਰਵਾਇਤੀ ਸਿਆਸਤ ਤੋਂ ਵੱਖਰੀ ਰਾਜਨੀਤੀ ਦੇ ਵਾਅਦੇ ਕੀਤੇ ਗਏ ਸਨ। ਹੁਣ ਸਵਾਲ ਇਹ ਨਹੀਂ ਕਿ ਕੌਣ ਇਮਾਨਦਾਰ ਹੈ ਤੇ ਕੌਣ ਨਹੀਂ। ਸਵਾਲ ਇਹ ਹੈ ਕਿ ਸਰਕਾਰ ਆਪਣੇ ਦਾਅਵਿਆਂ ਦਾ ਹਿਸਾਬ ਦੇਣ ਲਈ ਤਿਆਰ ਹੈ ਜਾਂ ਨਹੀਂ?
ਸੰਗਰੂਰ ਦੇ ਤੂਰ ਬੰਜਾਰਾ ਵਿੱਚ ਗੁਲਜ਼ਾਰ ਸਿੰਘ ਦੀ ਮੌਤ ਤੋਂ ਬਾਅਦ ਮਾਮਲਾ ਸਿਆਸੀ ਵਿਵਾਦ ਬਣ ਗਿਆ ਹੈ। ਪਰਿਵਾਰ ਵੱਲੋਂ ਪ੍ਰਸ਼ਾਸਨ ਉੱਤੇ ਸਵਾਲ ਉਠਾਏ ਗਏ ਹਨ, ਜਦਕਿ ਵਿਰੋਧੀ ਧਿਰ ਨੇ ਸਰਕਾਰ ਉੱਤੇ ਗੰਭੀਰ ਦੋਸ਼ ਲਗਾਏ ਹਨ। ਸਰਕਾਰ ਪੱਖੋਂ ਇਨ੍ਹਾਂ ਦੋਸ਼ਾਂ ਨੂੰ ਸਿਆਸੀ ਰੰਗ ਦੇਣ ਦੀ ਗੱਲ ਵੀ ਸਾਹਮਣੇ ਆਈ ਹੈ।
ਇੱਥੇ ਬੁੱਧ ਬਾਣ ਦਾ ਸਵਾਲ ਸਿੱਧਾ ਹੈ ਕਿ ਜਦੋਂ ਇੱਕ ਆਮ ਪਰਿਵਾਰ ਇਨਸਾਫ਼ ਮੰਗਦਾ ਹੈ ਤਾਂ ਉਸ ਨੂੰ ਸਿਆਸਤ ਕਹਿ ਕੇ ਟਾਲਿਆ ਜਾ ਸਕਦਾ ਹੈ? ਇਨਸਾਫ਼ ਕਿਸੇ ਪਾਰਟੀ ਦਾ ਨਹੀਂ ਹੁੰਦਾ। ਇਨਸਾਫ਼ ਹੁੰਦਾ ਹੈ।
ਸਿਫ਼ਾਰਸ਼ੀ ਪੱਤਰ ਤੇ ਨੌਕਰੀ ਵਿੱਚ ਫ਼ਰਕ ਹੁੰਦਾ ਹੈ। ਗੁਲਜ਼ਾਰ ਸਿੰਘ ਦੇ ਪਰਿਵਾਰ ਦੇ ਮਾਮਲੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਨੌਕਰੀ ਦੇਣ ਦੀ ਬਜਾਏ ਪਰਿਵਾਰ ਨੂੰ ਇੱਕ ਸਿਫ਼ਾਰਸ਼ੀ ਪੱਤਰ ਦਿੱਤਾ ਗਿਆ ਸੀ। ਵਿਰੋਧੀ ਧਿਰ ਨੇ ਇਸ ਨੂੰ ਸਰਕਾਰ ਵੱਲੋਂ ਧੋਖਾ ਕਿਹਾ ਹੈ। ਇੱਥੇ ਵੀ ਸਵਾਲ ਬੜਾ ਸਾਫ਼ ਹੈ ਕਿ ਸਿਫ਼ਾਰਸ਼ ਨੂੰ ਨੌਕਰੀ ਕਹਿਣਾ ਵੀ ਧੋਖੇ ਦੀ ਇੱਕ ਕਿਸਮ ਤਾਂ ਨਹੀਂ?
ਦਸਤਾਵੇਜ਼ ਦੇ ਸ਼ਬਦ ਬਦਲਣ ਨਾਲ ਪਰਿਵਾਰ ਦੀ ਹਕੀਕਤ ਨਹੀਂ ਬਦਲਦੀ। ਪੁਲਿਸ ਰਾਜ ਨਹੀਂ, ਕਾਨੂੰਨ ਦਾ ਰਾਜ ਚਾਹੀਦਾ। ਵਿਧਾਨ ਸਭਾ ਵਿੱਚ ਪਰਗਟ ਸਿੰਘ ਵੱਲੋਂ ਪੁਲਿਸ ਉੱਤੇ ਵਧ ਰਹੀ ਨਿਰਭਰਤਾ ਬਾਰੇ ਦਿੱਤਾ ਬਿਆਨ ਵੀ ਚਰਚਾ ਵਿੱਚ ਰਿਹਾ ਹੈ। ਉਨ੍ਹਾਂ ਦਾ ਮਸ਼ਹੂਰ ਤਰਕ ਸੀ ਕਿ ਅਸੀਂ ਆਪਣੀ “ਦਾੜ੍ਹੀ ਪੁਲਿਸ ਹੱਥ ਫੜਾ ਕੇ” ਬੈਠ ਗਏ ਹਾਂ। ਗੱਲ ਕਿਸੇ ਇੱਕ ਸਰਕਾਰ ਦੀ ਨਹੀਂ। ਜਿਹੜੀ ਸਰਕਾਰ ਪੁਲਿਸ ਨੂੰ ਲੋਕਾਂ ਤੋਂ ਉੱਪਰ ਕਰ ਦੇਵੇ, ਉਹ ਲੋਕਤੰਤਰ ਨੂੰ ਕਮਜ਼ੋਰ ਕਰਦੀ ਹੈ। ਪੁਲਿਸ ਕਾਨੂੰਨ ਲਾਗੂ ਕਰਨ ਲਈ ਹੈ, ਲੋਕਾਂ ਦੀ ਆਵਾਜ਼ ਬੰਦ ਕਰਨ ਲਈ ਨਹੀਂ। ਅੱਜ ਜਿਹੜਾ ਅਧਿਕਾਰ ਕਿਸੇ ਹੋਰ ਉੱਤੇ ਵਰਤਿਆ ਜਾ ਰਿਹਾ ਹੈ, ਕੱਲ੍ਹ ਉਹੀ ਅਧਿਕਾਰ ਤੁਹਾਡੇ ਦਰਵਾਜ਼ੇ ਉੱਤੇ ਵੀ ਆ ਸਕਦਾ ਹੈ।
ਇਤਿਹਾਸ ਦਾ ਸਬਕ ਲੈਣਾ ਚਾਹੀਦਾ ਹੈ ਕਿ ਪੰਜਾਬ ਨੇ ਉਹ ਦੌਰ ਵੀ ਵੇਖਿਆ ਹੈ ਜਦੋਂ ਰਾਜੀ ਤਾਕਤ ਦੇ ਨਾਮ ਉੱਤੇ ਬੇਇਨਸਾਫ਼ੀਆਂ ਹੋਈਆਂ। ਅੱਜ ਵੀ ਉਨ੍ਹਾਂ ਦੌਰਾਂ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਅਦਾਲਤੀ ਪ੍ਰਕਿਰਿਆ ਚੱਲਦੀ ਰਹੀ ਹੈ। ਇਤਿਹਾਸ ਦਾ ਸਬਕ ਇਹ ਹੈ ਕਿ ਤਾਕਤ ਸਦਾ ਨਹੀਂ ਰਹਿੰਦੀ, ਪਰ ਕੀਤੇ ਕੰਮਾਂ ਦਾ ਹਿਸਾਬ ਰਹਿੰਦਾ ਹੈ। ਕੁਰਸੀ ਬਦਲ ਜਾਂਦੀ ਹੈ। ਫ਼ਾਈਲਾਂ ਨਹੀਂ ਬਦਲਦੀਆਂ। ਹੀਰ ਦਾ ਧੋਖਾ ਜਾਂ ਚੂਚਕ ਦੀ ਚਾਲ? ਹੀਰ-ਰਾਂਝੇ ਦੀ ਕਹਾਣੀ ਵਿੱਚ ਧੋਖਾ ਸਿਰਫ਼ ਦੋ ਪ੍ਰੇਮੀਆਂ ਦੇ ਵਿਚਕਾਰ ਨਹੀਂ ਸੀ। ਪਰਿਵਾਰ, ਸਮਾਜ ਅਤੇ ਰਵਾਇਤਾਂ ਵੀ ਉਸ ਕਹਾਣੀ ਦੇ ਪਾਤਰ ਹਨ। ਕਿੱਸੇ ਦੀ ਉਹ ਲੋਕ-ਪੰਕਤੀ ਅੱਜ ਵੀ ਪੰਜਾਬੀ ਯਾਦ ਵਿੱਚ ਜਿਉਂਦੀ ਹੈ।
“ਧੋਖਾ ਕੀਤਾ ਨੀਂ ਤੂੰ ਸਿਆਲਾਂ ਦੀਏ ਛੋਕਰੀਏ…”
ਇਸ ਪੰਕਤੀ ਦੀ ਲੋਕ-ਪਰੰਪਰਾ ਵੀਰਾਨ ਨਹੀਂ ਹੋਈ!
ਪਰ ਅੱਜ ਦਾ ਧੋਖਾ ਹੋਰ ਵੱਡਾ ਹੈ। ਹੁਣ ਪਟਕਾ ਨਹੀਂ ਪਾਟਦਾ ਤੇ ਨਾਲ ਭਰੋਸਾ ਪਾਟਦਾ ਹੈ।
ਧਰਮ, ਸਿਆਸਤ ਤੇ ਫੰਡ ਦਾ ਸਵਾਲ ਇਹ ਹੈ ਕਿ ਧਰਮ ਲੋਕਾਂ ਨੂੰ ਸੱਚ, ਸੇਵਾ ਤੇ ਸਾਦਗੀ ਸਿਖਾਉਂਦਾ ਹੈ। ਪਰ ਜਦੋਂ ਧਾਰਮਿਕ ਸੰਸਥਾਵਾਂ ਵੀ ਸਿਆਸੀ ਤਾਕਤ, ਚੰਦੇ ਅਤੇ ਪ੍ਰਭਾਵ ਦੀ ਦੌੜ ਵਿੱਚ ਆ ਜਾਂਦੀਆਂ ਹਨ ਤਾਂ ਸਵਾਲ ਪੁੱਛਣਾ ਬਣਦਾ ਹੈ ਕਿ ਮਾਇਆ ਕਿੱਥੋਂ ਆਈ? ਕਿੱਥੇ ਲੱਗੀ? ਕਿਸ ਦੇ ਹਿਸਾਬ ਵਿੱਚ ਹੈ?
ਵੱਡੀਆਂ ਇਮਾਰਤਾਂ, ਚਿੱਟਾ ਮਾਰਬਲ, ਵੱਡੇ ਦਫ਼ਤਰ—ਇਹ ਸਭ ਆਪਣੀ ਥਾਂ। ਪਰ ਹਿਸਾਬ ਦੀ ਕਿਤਾਬ ਸਭ ਤੋਂ ਵੱਡਾ ਮਾਰਬਲ ਹੈ, ਜਿਹੜਾ ਜਿੰਨਾ ਵੀ ਚਿੱਟਾ ਹੋਵੇ, ਉਸ ਉੱਤੇ ਸੱਚ ਦੀ ਲਕੀਰ ਸਾਫ਼ ਦਿਖਾਈ ਦਿੰਦੀ ਹੈ।
ਕਲਯੁੱਗ ਦਾ ਅਸਲ ਅਰਥ ਕੀ ਐ?
ਆਸਾ ਰਾਮ ਬੈਦਵਾਣ ਨਾਲ ਜੋੜੀ ਚੰਡੀਗੜ੍ਹ ਬਾਰੇ ਪੁਰਾਣੀ ਭਵਿੱਖਬਾਣੀ ਦੀ ਲੋਕ-ਚਰਚਾ ਮਿਲਦੀ ਹੈ; 1917 ਵਿੱਚ ਚੰਡੀਗੜ੍ਹ ਦੇ ਭਵਿੱਖ ਬਾਰੇ ਉਨ੍ਹਾਂ ਦੀ ਭਵਿੱਖਬਾਣੀ ਦਾ ਜ਼ਿਕਰ ਵੀ ਪ੍ਰਕਾਸ਼ਿਤ ਸਰੋਤਾਂ ਵਿੱਚ ਮਿਲਦਾ ਹੈ। ਪਰ ਆਪਾਂ ਭਵਿੱਖਬਾਣੀਆਂ ਦੇ ਚੱਕਰ ਵਿੱਚ ਨਾ ਪਈਏ।
ਕਲਯੁੱਗ ਦਾ ਅਰਥ ਇਹ ਨਹੀਂ ਕਿ ਕੋਈ ਆਕਾਸ਼ ਤੋਂ ਆ ਕੇ ਦੁਨੀਆ ਬਦਲ ਦੇਵੇਗਾ। ਕਲਯੁੱਗ ਉਦੋਂ ਹੈ ਜਦੋਂ ਝੂਠ ਨੂੰ ਸਿਆਣਪ ਅਤੇ ਸੱਚ ਨੂੰ ਮੂਰਖਤਾ ਕਿਹਾ ਜਾਣ ਲੱਗੇ।
ਅਖ਼ੀਰ ਵਿੱਚ ਧੋਖੇਬਾਜ਼ੀ ਦੀ ਦੁਨੀਆ ਵਿੱਚ ਸਭ ਤੋਂ ਵੱਡੀ ਲੋੜ ਹੈ, ਯਾਦਦਾਸ਼ਤ ਦੀ।
ਲੋਕ ਯਾਦ ਰੱਖਣ ਕਿ ਕਿਸ ਨੇ ਕੀ ਕਿਹਾ ਸੀ। ਕਿਸ ਨੇ ਕੀ ਵਾਅਦਾ ਕੀਤਾ ਸੀ। ਕਿਸ ਨੇ ਕਿਸ ਦੇ ਹੱਕ ਵਿੱਚ ਆਵਾਜ਼ ਚੁੱਕੀ ਸੀ। ਕਿਸ ਨੇ ਕਦੋਂ ਚੁੱਪੀ ਧਾਰੀ ਸੀ। ਤੇ ਕਿਸ ਨੇ ਲੋਕਾਂ ਦੇ ਦੁੱਖ ਨੂੰ ਆਪਣੀ ਸਿਆਸਤ ਦੀ ਸੀੜ੍ਹੀ ਬਣਾਇਆ ਸੀ। ਕਿਉਂਕਿ ਲੋਕਤੰਤਰ ਵਿੱਚ ਵੋਟਰ ਭਾਵੇਂ ਪੰਜ ਸਾਲ ਬਾਅਦ ਬੋਲਦਾ ਹੈ, ਪਰ ਉਸ ਦੀ ਯਾਦ ਹਰ ਰੋਜ਼ ਹਿਸਾਬ ਲਿਖਦੀ ਰਹਿੰਦੀ ਹੈ।
ਰਾਂਝਾ ਸਿਆਲਾਂ ਦੀ ਛੋਕਰੀ ਨੂੰ ਪੁੱਛਦਾ ਸੀ।
ਧੋਖਾ ਕਿਉਂ ਕੀਤਾ?
ਅੱਜ ਪੰਜਾਬ ਆਪਣੇ ਹਾਕਮਾਂ, ਸੰਸਥਾਵਾਂ, ਸਿਆਸਤਦਾਨਾਂ ਅਤੇ ਆਪਣੇ ਆਪ ਨੂੰ ਪੁੱਛ ਰਿਹਾ ਹੈ—
ਧੋਖਾ ਕਿਸ ਨੇ ਕੀਤਾ?
ਤੇ ਅਸੀਂ ਕਦੋਂ ਤੱਕ ਤਮਾਸ਼ਾ ਦੇਖਦੇ ਰਹਾਂਗੇ?
ਮੇਰਾ ਮਕਸਦ ਖਿਲਾਰਾ ਪਾਉਣਾ ਨਹੀਂ ਸਗੋਂ ਮੱਥੇ ਅੰਦਰ ਪਿਆ ਸਵਾਲ ਜਗਾਉਣਾ ਹੈ।
+++++
ਬੁੱਧ ਸਿੰਘ ਨੀਲੋਂ
9464370823












