ਜਦੋਂ ਮੈਨੂੰ ਪੁਰਸਕਾਰ ਮਿਲਿਆ!

ਸਾਹਿਤ ਪੰਜਾਬ

ਜਦੋਂ ਮੈਨੂੰ ਪੁਰਸਕਾਰ ਮਿਲਿਆ!


ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤੇ ਜਾਂਦੇ ਪੁਰਸਕਾਰਾਂ ਉਤੇ ਪਿਛਲੇ ਸਮਿਆਂ ਤੋਂ ਮਾਣਯੋਗ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਕਿਉਂਕਿ ਇਹ ਪੁਰਸਕਾਰ ਵੰਡ ਪ੍ਰਣਾਲੀ ਵਿੱਚ ਅਨੇਕ ਖਾਮੀਆਂ ਸਾਹਮਣੇ ਆਈਆਂ। ਜੀਹਨਾਂ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਹੋਇਆ ਸੀ, ਉਹ ਉਡੀਕ ਕਰ ਰਹੇ ਹਨ ਕਿ ਕਦੋਂ ਅਦਾਲਤ ਫੈਸਲਾ ਕਰਦੀ ਹੈ। ਸੁਰਜੀਤ ਪਾਤਰ ਸਾਹਿਬ ਦਾ ਸ਼ਿਅਰ ਚੇਤੇ ਆ ਗਿਆ ਹੈ।
ਇਸ ਅਦਾਲਤ ਵਿੱਚ ਬੰਦੇ ਬਿਰਖ਼ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ,
ਇਹਨਾਂ ਨੂੰ ਆਖੋ ਕਿ ਉਜੜੇ ਘਰੀਂ ਜਾਣ ਹੁਣ ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ!
ਹੁਣ ਇਹ ਤਾਂ ਪਤਾ ਨਹੀਂ ਕਿ ਉਜੜੇ ਹੋਏ ਘਰ ਕਿਹੜੇ ਹਨ। ਪਰ ਪੁਰਸਕਾਰ ਤੇ ਮੌਤ ਵਿਚਲਾ ਫਾਸਲਾ ਜਦੋਂ ਕੋਈ ਪੂਰਾ ਕਰਦਾ ਹੈ ਤਾਂ ਜਿਉਂਦੇ ਵਸਦੇ ਮਨੁੱਖ ਰੁਦਨ ਕਰਦੇ ਹਨ। ਉਹਨਾਂ ਇਹ ਰੁਦਨ ਸ੍ਵਾਰਥ ਰਹਿਤ ਨਹੀਂ ਹੁੰਦਾ, ਉਸਦੇ ਹੰਝੂਆਂ ਅੰਦਰ ਇਕ ਲਾਲਚ ਤੇ ਲਾਲਸਾ ਹੁੰਦੀ ਹੈ। ਜਿਹੜੀ ਸੂਖਮਭਾਵੀ ਦ੍ਰਿਸ਼ਟੀ ਨਾਲ ਹੀ ਦਿਖਦੀ ਹੈ। ਮੈਨੂੰ ਇੱਕ ਪੱਤਰਕਾਰ ਨੇ ਗੱਲ ਦੱਸੀ ਕਿ ਇੱਕ ਸਿਆਸੀ ਪਾਰਟੀ ਦੇ ਸਿਆਸੀ ਸਲਾਹਕਾਰ ਨੇ ਆਪਣੇ ਬਾਪ ਦੀ ਮੌਤ ਨੂੰ ਉਦੋਂ ਤੱਕ ਲੋਕਾਂ ਤੋਂ ਛੁਪਾਈ ਰੱਖਿਆ ਜਦੋਂ ਤੱਕ ਜਾਅਲੀ ਵਸੀਅਤ ਤਿਆਰ ਕਰਕੇ ਜ਼ਮੀਨ ਜਾਇਦਾਦ ਆਪਣੇ ਨਾਂ ਨਹੀਂ ਹੋਈ।
ਪੁਰਸਕਾਰ ਵਿਜੇਤਾ ਸ਼ਾਇਰ ਜਦੋਂ ਧੌਣ ਕੁਕੜ ਵਾਂਗ ਚੁੱਕ ਤੁਰਦਾ ਹੈ ਤਾਂ ਬੜਾ ਫੱਬਦਾ ਹੈ। ਇਸ ਤਰ੍ਹਾਂ ਲੱਗਦਾ ਜਿਵੇਂ ਕੋਟ ਈਸੇ ਖਾਂ ਵਾਲ਼ੀ ਬੀਬੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਅਦਾਲਤ ਵਿਚੋਂ ਬਾਹਰ ਨਿਕਲ ਕੇ ਆਖਦੀ ਹੈ, ਆਲ ਇੰਜ ਵੈਲ।
ਪੁਰਸਕਾਰ ਦੀ ਉਡੀਕ ਵਿੱਚ ਬੈਠੇ ਉਹਨਾਂ ਲੇਖਕਾਂ ਤੋਂ ਮਾਫ਼ੀ ਚਾਹੁੰਦਾ ਹਾਂ। ਕਿਉਂਕਿ ਇਹ ਮੈਨੂੰ ਮਿਲੇ ਨਹੀਂ ਸਗੋਂ ਹਥਿਆਏ ਪੁਰਸਕਾਰ ਦਾ ਰੁਦਨ ਹੈ।
++++
ਜਦੋਂ ਮੈਨੂੰ ਪੁਰਸਕਾਰ ਮਿਲਿਆ ਤਾਂ ਮੇਰੀ ਚਾਰੇ ਪਾਸੇ ਬੱਲੇ-ਬੱਲੇ ਹੋ ਗਈ। ਅਖ਼ਬਾਰਾਂ ਵਿੱਚ ਮੇਰੀਆਂ ਲਿਖਤਾਂ ਅਤੇ ਜੀਵਨ ਬਾਰੇ ਵੱਡੇ-ਵੱਡੇ ਫੀਚਰ ਛਪੇ। ਕਈ ਦਿਨ ਫੋਨ ਦੀਆਂ ਘੰਟੀਆਂ ਵੱਜਦੀਆਂ ਰਹੀਆਂ। ਸਾਹਿਤ ਸਭਾਵਾਂ ਵਾਲਿਆਂ ਨੇ ਮੈਨੂੰ ਪੁਰਸਕਾਰ ਮਿਲਣ ’ਤੇ ਮੇਰੀ ਸ਼ੋਭਾ ਵਿੱਚ ਮੀਟਿੰਗਾਂ ਤੇ ਸਮਾਗਮ ਰਚਾਏ। ਕਾਲਜਾਂ ਵਿੱਚ ਮੇਰੇ ਲਗਾਤਾਰ ਰੂ-ਬਰੂ ਪ੍ਰੋਗਰਾਮ ਰੱਖੇ ਗਏ। ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਉੱਤੇ ਮੇਰੀਆਂ ਮੁਲਾਕਾਤਾਂ ਦੇ ਪ੍ਰੋਗਰਾਮ ਚੱਲੇ।
ਕਈ ਹਫ਼ਤੇ ਹੀ ਨਹੀਂ, ਬਲਕਿ ਕਈ ਮਹੀਨੇ ਮੇਰੇ ਮਾਣ ਵਿੱਚ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਪ੍ਰੋਗਰਾਮ ਹੁੰਦੇ ਰਹੇ। ਵਧਾਈਆਂ ਦੀ ਧੂੜ ਹੀ ਨਹੀਂ ਉੱਡੀ, ਸਗੋਂ ਹਨੇਰੀ ਆ ਗਈ। ਜਿਸ ਦੇ ਨਾਲ ਮੈਂ ਹਵਾ ਵਿੱਚ ਉੱਡਣ ਲੱਗਿਆ। ਹਵਾ ਵਿੱਚ ਉੱਡਦਾ ਵੀ ਕਿਉਂ ਨਾ, ਮੈਨੂੰ ਸਾਹਿਤ ਦਾ ਸਭ ਤੋਂ ਵੱਡਾ ਪੁਰਸਕਾਰ ਮਿਲਿਆ ਸੀ!
ਇਸ ਪੁਰਸਕਾਰ ਮਿਲਣ ਦੇ ਨਾਲ ਮੇਰੇ ਬਹੁਤੇ ਸਮਕਾਲੀ ਖਾਰ ਖਾਣ ਲੱਗ ਪਏ। ਉਂਝ ਉਹ ਮੂੰਹ ਉੱਤੇ ਪ੍ਰਸ਼ੰਸਾ ਕਰਦੇ, ਪਰ ਪਿੱਠ ਮੋੜਦਿਆਂ ਹੀ ਮੇਰੀਆਂ ਚੁਗਲੀਆਂ ਕਰਨ ਅਤੇ ਪੈਰ ਵੱਢਣ ਲੱਗਦੇ। ਉਹ ਮੇਰੀਆਂ ਲਿਖਤਾਂ ਦੀ ਪੁਣਛਾਣ ਕਰਨ ਲੱਗ ਪਏ।
ਪੁਰਸਕਾਰ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ। ਉਨ੍ਹਾਂ ਦੀਆਂ ਕਹਾਣੀਆਂ ਜਦੋਂ ਮੇਰੇ ਤੱਕ ਪੁੱਜਦੀਆਂ ਤਾਂ ਮੇਰੀਆਂ ਪੁੜਪੁੜੀਆਂ ਵਿੱਚੋਂ ਸੇਕ ਨਿਕਲਣ ਲੱਗਦਾ। ਮੁੱਠੀਆਂ ਮੀਚੀਆਂ ਜਾਂਦੀਆਂ ਤੇ ਅੱਖਾਂ ਲਾਲ ਹੋ ਜਾਂਦੀਆਂ। ਗੁੱਸਾ ਦਿਮਾਗ ਨੂੰ ਚੜ੍ਹਨ ਲੱਗਦਾ।
ਪਰ ਉਹ ਗੁੱਸਾ ਮੈਂ ਕਿਸ ਉੱਤੇ ਕੱਢਾਂ?
ਦੂਜੇ ਪਲ ਆਪਣੇ ਆਪ ਨੂੰ ਆਖਦਾ ਕਿ ਉਨ੍ਹਾਂ ਉੱਤੇ ਗੁੱਸਾ ਕਾਹਦਾ? ਆਖ਼ਰ ਉਹ ਕਹਾਣੀਆਂ ਕਿਹੜੀਆਂ ਝੂਠੀਆਂ ਬਣਾਉਂਦੇ ਹਨ! ਇਨ੍ਹਾਂ ਵਿੱਚ ਕੁਝ ਨਾ ਕੁਝ ਤਾਂ ਸੱਚ ਹੀ ਹੈ।
ਜਦੋਂ ‘ਸੱਚ’ ਸ਼ਬਦ ਮੇਰੇ ਬੁੱਲ੍ਹਾਂ ਉੱਤੇ ਆਇਆ ਤਾਂ ਮੇਰੀ ‘ਮੈਂ’ ਨੇ ਸਿਰ ਚੁੱਕ ਲਿਆ।
ਮੈਂ ਆਪਣੀ ‘ਮੈਂ’ ਦੇ ਅੱਗੇ ਬੌਣਾ ਹੋ ਗਿਆ।
ਤੁਸੀਂ ਦੱਸੋ ਕਿ ਬੰਦਾ ਆਪਣੀ ‘ਮੈਂ’ ਤੋਂ ਕਿੱਥੇ ਭੱਜ ਕੇ ਜਾਊਗਾ?
ਹੁਣ ਤੁਸੀਂ ਕਹੋਗੇ ਕਿ ਮੈਂ ਆਪਣੀ ਹੀ ‘ਮੈਂ’ ਦੇ ਅੱਗੇ ਬੌਣਾ ਕਿਉਂ ਹੋ ਗਿਆ?
ਅਸਲ ਗੱਲ ਤਾਂ ਇਹ ਹੈ ਕਿ ਅਸੀਂ ਆਪ ਜਿੰਨੇ ਮਰਜ਼ੀ ਲੋਕਾਂ ਦੇ ਸਾਹਮਣੇ ਵੱਡੇ ਬਣੀ ਜਾਈਏ, ਪਰ ਆਪਣੀ ‘ਮੈਂ’ ਦੇ ਸਾਹਮਣੇ ਅਸੀਂ ਕਦੇ ਵੀ ਵੱਡੇ ਨਹੀਂ ਹੋ ਸਕਦੇ। ਕਿਉਂਕਿ ਉਸ ਨੂੰ ਸਾਡੀਆਂ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਹੈ। ਜਿਵੇਂ ਹਮਾਮ ਵਿੱਚ ਸਭ ਨੰਗੇ ਹੁੰਦੇ ਹਨ, ਉਸੇ ਤਰ੍ਹਾਂ ਅਸੀਂ ਆਪਣੀ ‘ਮੈਂ’ ਦੇ ਅੱਗੇ ਨੰਗੇ ਹੁੰਦੇ ਹਾਂ। ਨੰਗੀ ਚੀਜ਼ ਕੋਈ ਵੀ ਚੰਗੀ ਨਹੀਂ ਹੁੰਦੀ।
ਕਈ ਵਾਰ ਆਪਣੇ ਹੀ ‘ਨੰਗ’ ਤੋਂ ਸ਼ਰਮ ਆਉਣ ਲੱਗਦੀ ਹੈ। ਪਰ ਅਸੀਂ ਬੇਸ਼ਰਮ ਬਣ ਕੇ ਆਪਣੀ ‘ਮੈਂ’ ਨੂੰ ਖੂੰਜੇ ਲਾਈ ਰੱਖਦੇ ਹਾਂ। ਜਿਹੜੀ ਚੀਜ਼ ਖੂੰਜੇ ਲੱਗ ਜਾਵੇ, ਉਹ ਇੱਕ ਦਿਨ ਆਪਣੀ ਮਹੱਤਤਾ ਦਿਖਾ ਹੀ ਦਿੰਦੀ ਹੈ। ਫਿਰ ਜਦੋਂ ਕਦੇ ਉਹ ਬੋਲਦੀ ਹੈ ਤਾਂ ਵੱਡਿਆਂ-ਵੱਡਿਆਂ ਦੀ ਗੋਡਣੀ ਲਵਾ ਦਿੰਦੀ ਹੈ। ਫਿਰ ਬੰਦਾ ਉਹੀ ਕੁਝ ਬੋਲਦਾ ਤੇ ਕਰਦਾ ਹੈ, ਜੋ ਉਸ ਦੀ ‘ਮੈਂ’ ਕਰਵਾਉਂਦੀ ਹੈ।
ਵਧਾਈਆਂ ਦੀ ਧੂੜ ਅਜੇ ਬੈਠੀ ਨਹੀਂ ਸੀ ਕਿ ਇੱਕ ਦਿਨ ਮੇਰੀ ‘ਮੈਂ’ ਕਾਲੇ ਨਾਗ ਵਾਂਗ ਮੇਰੀ ਹਿੱਕ ਉੱਤੇ ਫਣ ਤਾਣ ਕੇ ਬੈਠ ਗਈ।
ਮੈਂ ਅਜੇ ਬੈੱਡ ਉੱਤੇ ਹੀ ਪਿਆ ਸੀ। ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ।
ਹੁਣ ਮੈਂ ਨਾ ਤਾਂ ਝੂਠ ਬੋਲ ਸਕਦਾ ਸੀ ਤੇ ਨਾ ਹੀ ਕਿਤੇ ਭੱਜ ਕੇ ਜਾ ਸਕਦਾ ਸੀ।
ਤੁਸੀਂ ਘਰ, ਸਮਾਜ ਤੋਂ ਭੱਜ ਕੇ ਦੂਰ ਜਾ ਸਕਦੇ ਹੋ, ਪਰ ਆਪਣੀ ‘ਮੈਂ’ ਕੋਲੋਂ ਕਿਤੇ ਵੀ ਭੱਜ ਨਹੀਂ ਸਕਦੇ। ਇਹ ਹਰ ਵੇਲੇ ਤੁਹਾਨੂੰ ਘੇਰੀ ਰੱਖਦੀ ਹੈ।
ਉਹ ਆਖਣ ਲੱਗੀ ਕਿ “ਵੱਡਿਆ ਕਵੀਆ! ਬਹੁਤ ਹੋ ਗਈ ਪ੍ਰਸ਼ੰਸਾ। ਬਹੁਤ ਮਿਲ ਗਈਆਂ ਵਧਾਈਆਂ। ਮਾਣ-ਸਨਮਾਨ ਵੀ ਬਹੁਤ ਮਿਲ ਗਿਆ। ਪਰ ਜਿਨ੍ਹਾਂ ਦਾ ਤੂੰ ਹੱਕ ਮਾਰਿਆ, ਕਦੇ ਉਨ੍ਹਾਂ ਬਾਰੇ ਵੀ ਸੋਚਿਆ?
ਤੂੰ ਕਿਹੜੀ ਕਿਹੜੀ ਜੁਗਾੜਬੰਦੀ, ਪੌੜੀ ਤੇ ਹਰਬਾ ਨਹੀਂ ਵਰਤਿਆ ਇਹ ਪੁਰਸਕਾਰ ਲੈਣ ਲਈ? ਤੂੰ ਕਹਿੰਦਾ ਹੈਂ ਕਿ ਮੈਨੂੰ ਇਹ ਪੁਰਸਕਾਰ ਯੋਗਤਾ ਦੇ ਆਧਾਰ ’ਤੇ ਮਿਲਿਆ। ਭਲਾ ਦੱਸ ਖਾਂ ਤੇਰੀ ਯੋਗਤਾ ਕੀ ਹੈ?”
“ਚੰਗਾ ਭਲਾ ‘ਲੋਕ ਕਵੀ’ ਬਣਦਾ-ਬਣਦਾ ਤੂੰ ‘ਰਾਜ ਕਵੀ’ ਬਣ ਗਿਆ। ਫਿਰ ਦਰਬਾਰੀ ਕਵੀ ਬਣ ਕੇ ਸੱਤਾ ਦੇ ਸੋਹਿਲੇ ਗਾਉਣ ਲੱਗ ਪਿਆ। ਮੈਂ ਉਦੋਂ ਵੀ ਚੁੱਪ ਰਹੀ। ਪਰ ਹੁਣ ਤਾਂ ਤੂੰ ਹੱਦ ਹੀ ਟੱਪ ਗਿਆ।”
“ਤੈਨੂੰ ਕਿਸੇ ਪੇਂਡੂ ਸਾਹਿਤ ਸਭਾ ਨੇ ਕਦੇ ਸਨਮਾਨਿਤ ਨਹੀਂ ਕੀਤਾ ਤੇ ਤੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਤੱਕ ਪੁੱਜ ਗਿਆ! ਤੈਨੂੰ ਸ਼ਰਮ ਹਿਆ ਹੈ ਕਿ ਨਹੀਂ ?”
ਹਾਲਤ ਮੇਰੀ ਉਸ ਜੇਤੂ ਐਮ.ਐਲ.ਏ. ਤੇ ਐਮ.ਪੀ. ਵਰਗੀ ਹੋ ਗਈ, ਜਿਨ੍ਹਾਂ ਨੂੰ ਪਿੰਡ ਵਾਲਿਆਂ ਨੇ ਪੰਚ ਬਣਨ ਦੇ ਯੋਗ ਵੀ ਨਹੀਂ ਸੀ ਸਮਝਿਆ ਤੇ ਉਹ ਐਮ.ਐਲ.ਏ. ਤੇ ਐਮ.ਪੀ. ਬਣ ਗਏ। ਹੁਣ ਲੋਕ ਪਾਥੀਆਂ ਮਾਰਦੇ ਹਨ। ਵਿਕਾਸ ਦੀ ਗਤੀ ਚੈੱਕ ਕਰਦੇ ਹਨ।
ਇਵੇਂ ਹੀ ਯੂਨੀਵਰਸਿਟੀਆਂ ਵਿੱਚ ਕਈ ਅਜਿਹੇ ਲੋਕ ਵੀ ਪਹੁੰਚ ਗਏ, ਜਿਹੜੇ ਸਕੂਲ ਦੇ ਮਾਸਟਰ ਬਣਨ ਦੇ ਯੋਗ ਨਹੀਂ ਸਨ, ਪਰ ਪ੍ਰੋਫੈਸਰ ਬਣ ਗਏ। ਇਸੇ ਤਰ੍ਹਾਂ ਸਾਡੇ ਨਾਲ ਹੋਈ।
ਆਪਣੀ ਮੈਂ ਦੀਆਂ ਗੱਲਾਂ ਸੁਣ ਕੇ ਸਿਆਲ ਦੇ ਦਿਨਾਂ ਵਿੱਚ ਮੈਨੂੰ ਏਨਾ ਪਸੀਨਾ ਆਇਆ, ਜਿਵੇਂ ਮੈਂ ਬੈੱਡ ਉੱਤੇ ਨਹੀਂ, ਦਰਿਆ ਵਿੱਚ ਸਣੇ ਕੱਪੜਿਆਂ ਪਿਆ ਹੋਵਾਂ।
ਮੁੜਕੋ-ਮੁੜਕੀ ਹੋਇਆ ਪਿਆ ਰਿਹਾ।
ਹੋਰ ਕਰਦਾ ਵੀ ਕੀ?
ਮਰਦਾ ਕੀ ਨਾ ਕਰਦਾ!
ਮੇਰੀ ‘ਮੈਂ’ ਨੇ ਜੋ ਵੀ ਸਵਾਲ ਪੁੱਛੇ, ਮੇਰੇ ਕੋਲ ਉਨ੍ਹਾਂ ਦਾ ਕੋਈ ਜਵਾਬ ਨਹੀਂ ਸੀ। ਉਂਝ ਜਵਾਬ ਤਾਂ ਸਾਰੇ ਮਨ ਵਿੱਚ ਸਨ, ਪਰ ਜ਼ੁਬਾਨ ਸਾਥ ਨਹੀਂ ਸੀ ਦੇ ਰਹੀ।
ਹੌਸਲਾ ਇਕੱਠਾ ਕਰਦਾ। ਬੋਲਣ ਦੀ ਹਿੰਮਤ ਕਰਦਾ। ਪਰ ਮੈਥੋਂ ਬੋਲਿਆ ਕੁਝ ਵੀ ਨਹੀਂ ਸੀ ਜਾਂਦਾ।
ਮੈਂ ਬਹੁਤ ਪਰੇਸ਼ਾਨ ਸੀ।
ਕਰਾਂ ਤਾਂ ਕੀ ਕਰਾਂ?
ਆਖ਼ਰ ਹਿੰਮਤ ਜਿਹੀ ਇਕੱਠੀ ਕਰਕੇ ਮੈਂ ਕਿਹਾ ਕਿ “ਮੇਰੇ ਵਿਚਲਾ ਕਾਮਰੇਡ ਜਾਗ ਪਿਆ ਹੈ। ਭਲਾ ਹੱਕ ਮੰਗਿਆਂ ਕਦੇ ਮਿਲਦੇ ਹਨ? ਇਹ ਤਾਂ ਖੋਹੇ ਜਾਂਦੇ ਹਨ। ਮੈਂ ਵੀ ਇਹ ਪੁਰਸਕਾਰ ਖੋਹਿਆ ਹੀ ਹੈ। ਜੇ ਮੈਂ ਨਾ ਖੋਹਦਾ ਤਾਂ ਮੇਰੇ ਨਾਲੋਂ ਕੋਈ ਹੋਰ ਜ਼ੋਰਾਵਰ ਖੋਹ ਕੇ ਲੈ ਜਾਂਦਾ।”
“ਨਾਲੇ ਕਿੰਨਾ ਚਿਰ ਹੋ ਗਿਆ ਮੈਨੂੰ ਲਿਖਦੇ ਨੂੰ? ਡੇਢ ਦਰਜਨ ਕਿਤਾਬਾਂ ਮੈਂ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਈਆਂ। ਅੱਧੀ ਦਰਜਨ ਖਰੜੇ ਪਏ ਹਨ। ਇਹ ਕੋਈ ਘੱਟ ਪ੍ਰਾਪਤੀ ਹੈ? ਮੇਰੀਆਂ ਪ੍ਰਾਪਤੀਆਂ ਨੂੰ ਇਹ ਮਾਣ ਮਿਲਣਾ ਚਾਹੀਦਾ ਸੀ। ਪਰ ਅਗਲਿਆਂ ਦਿੱਤਾ ਨਹੀਂ ਤਾਂ ਜ਼ਬਰਦਸਤੀ ਲੈਣਾ ਪਿਆ!”
“ਅੱਛਾ! ਇਹ ਤੇਰੀਆਂ ਪ੍ਰਾਪਤੀਆਂ ਨੂੰ ਇਨਾਮ, ਸਨਮਾਨ ਤੇ ਪੁਰਸਕਾਰ ਮਿਲਿਆ ਹੈ?”
ਉਸ ਨੇ ਮੇਰੀ ਗੱਲ ਵਿਚੋਂ ਹੀ ਕੱਟ ਦਿੱਤੀ ਤੇ ਫਿਰ ਸਵਾਲ ਦਾਗ ਦਿੱਤਾ।
“ਸੌ ਹੱਥ ਰੱਸਾ, ਸਿਰੇ ’ਤੇ ਗੰਢ! ਤੂੰ ਕਹਾਣੀਆਂ ਨਾ ਪਾ, ਸਿੱਧੀ ਗੱਲ ਦੱਸ।”
“ਤੂੰ ਇਹ ਪੁਰਸਕਾਰ ਲੈਣ ਲਈ ਕੀ-ਕੀ ਨਹੀਂ ਪਾਪੜ ਵੇਲੇ? ਲੋਕਾਂ ਦੀਆਂ ਜੁੱਤੀਆਂ ਘਸਦੀਆਂ ਨੇ, ਤੇਰੇ ਤਾਂ ਕਾਰ ਦੇ ਟਾਇਰ ਹੀ ਘਸੇ ਪਏ ਨੇ! ਬੈਂਕ ਬੇਲੈਸ ਘੱਟ ਗਿਆ।”
“ਨਾਲੇ ਤੇਰੀਆਂ ਮਨ ਨਾਲ ਕੀਤੀਆਂ ਗੱਲਾਂ ਵਾਲੀਆਂ ਰਚਨਾਵਾਂ ਨੇ ਲੋਕਾਂ ਦਾ ਕੀ ਸੰਵਾਰਨਾ ਹੈ? ਤੈਨੂੰ ਪਤਾ ਹੈ ਕਿ ਇੱਥੇ ਆਮ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ? ਤੂੰ ਇਸ਼ਕ ਦੀਆਂ ਗੱਲਾਂ ਕਰੀ ਜਾਂਦਾ ਹੈਂ। ਸਾਰਾ ਕਿੱਸਾ-ਕਾਵਿ ਤਾਂ ਇਨ੍ਹਾਂ ਨਾਲ ਭਰਿਆ ਪਿਆ ਹੈ। ਤੂੰ ਕੀ ਨਵਾਂ ਚੰਦ ਚਾੜ੍ਹ ਰਿਹਾ ਹੈਂ?”
“ਦੂਜੇ ਪਾਸੇ ਆਮ ਲੋਕਾਂ ਦਾ ਕਚੂੰਬਰ ਨਿਕਲ ਗਿਆ ਤੇ ਤੂੰ ਪਿਆਰ ਦੀਆਂ ਗੱਲਾਂ ਕਰੀ ਜਾਂਦਾ ਹੈਂ?”
“ਉਨ੍ਹਾਂ ਲੋਕਾਂ ਬਾਰੇ ਵੀ ਕੁਝ ਲਿਖ, ਜਿਨ੍ਹਾਂ ਦੀ ਮਿਹਨਤ ਵਿੱਚੋਂ ਇਹ ਪੁਰਸਕਾਰ ਮਿਲਿਆ। ਪੈਸਾ ਤਾਂ ਲੋਕਾਂ ਦਾ ਹੈ। ਪਰ ਤੈਂ ਕਦੇ ਲੋਕਾਂ ਦੀ ਗੱਲ ਕੀਤੀ ਹੈ?”
“ਇੱਥੇ ਹਰ ਬੰਦਾ ਟੈਕਸ ਅਦਾ ਕਰਦਾ ਹੈ। ਇਨਾਮ ਤਾਂ ਲੋਕ ਦਿੰਦੇ ਹਨ। ਕਦੇ ਲੋਕਾਂ ਨੇ ਤੈਨੂੰ ਪੁਰਸਕਾਰ ਦਿੱਤਾ ਹੈ, ਵੱਡਿਆ ਕਵੀਆ?”
“ਵੱਡਾ ਵਿਦਵਾਨ ਬਣਿਆ ਫਿਰਦਾ!”
ਇਨ੍ਹਾਂ ਸਵਾਲਾਂ ਦੀ ਝੜੀ ਨੇ ਮੈਨੂੰ ਪਾਣੀ-ਪਾਣੀ ਕਰ ਦਿੱਤਾ।
ਮੈਂ ਸੋਚਣ ਲੱਗਿਆ ਕਿ
“ਕੀ ਖੱਟਿਆ ਮੈਂ ਇਹ ਪੁਰਸਕਾਰ ਲੈ ਕੇ?”
ਲੋਕਾਂ ਵਿੱਚ ਤਾਂ ਜ਼ਰੂਰ ਮੈਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ, ਸ਼੍ਰੋਮਣੀ ਕਵੀ, ਕੌਮੀ ਤੇ ਰਾਜ ਕਵੀ ਬਣ ਗਿਆ, ਪਰ ਆਪਣੀ ‘ਮੈਂ’ ਦੇ ਸਾਹਮਣੇ ਮੈਂ ਕੁਝ ਵੀ ਨਹੀਂ।
ਨਾਲੇ ਸਰਕਾਰੀ ਇਨਾਮ ਲੈਣ ਨਾਲ ਬੰਦਾ ਵੱਡਾ ਲੇਖਕ ਨਹੀਂ ਬਣ ਜਾਂਦਾ। ਉਹ ਵੱਡਾ ਲੇਖਕ ਤਾਂ ਹੀ ਬਣ ਸਕਦਾ ਹੈ, ਜੇ ਲੋਕ ਉਸ ਨੂੰ ਮਾਨਤਾ ਦੇਣ। ਮੈਨੂੰ ਲੋਕਾਂ ਨੇ ਤਾਂ ਮਾਨਤਾ ਦਿੱਤੀ ਹੀ ਨਹੀਂ। ਨਾਲੇ ਲੋਕ ਤਾਂ ਹੀ ਮਾਨਤਾ ਦੇਣਗੇ, ਜੇ ਮੈਂ ਲੋਕਾਂ ਦੀ ਗੱਲ ਕਰਾਂਗਾ।
ਮੈਂ ਤਾਂ ਅਜੇ ਪਿਆਰ ਵਿੱਚੋਂ ਹੀ ਬਾਹਰ ਨਹੀਂ ਨਿਕਲਿਆ। ਕਬਰਾਂ ਵਿੱਚ ਲੱਤਾਂ ਆ ਗਈਆਂ, ਅਜੇ ਵੀ ਮੈਨੂੰ ‘ਮਹਿਬੂਬ’ ਦੀ ਉਡੀਕ ਹੈ। ਇਸੇ ਕਰਕੇ ਮੈਂ ਆਪਣੀ ਮਹਿਬੂਬ ਦੀ ਉਡੀਕ ਵਿੱਚ ਲਿਖੀ ਜਾਂਦਾ ਹਾਂ।
ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ।
ਗੱਲਾਂ ਤਾਂ ਮੈਂ ਕਰਦਾ ਸੀ, ਪਰ ਆਪਣੀ ‘ਮੈਂ’ ਦੇ ਸਾਹਮਣੇ ਗੋਡੇ ਟੇਕੀ ਬੈਠਾ ਸੀ।
ਇੱਕ ਵਾਰ ਮਨ ਵਿੱਚ ਆਇਆ ਕਿ ਮੈਂ ਘਰੋਂ ਬਾਹਰ ਨਿਕਲ ਕੇ ਉੱਚੀ-ਉੱਚੀ ਰੌਲਾ ਪਾਵਾਂ।
“ਮੈਨੂੰ ਇਹ ਪੁਰਸਕਾਰ ਮਿਲਿਆ ਨਹੀਂ, ਸਗੋਂ ਮੈਂ ਇਸ ਨੂੰ ਹਥਿਆਇਆ ਹੈ। ਇਸ ਦੀ ਜਿਊਰੀ ਦੇ ਮੈਂਬਰਾਂ ਨੂੰ ਗੰਢਿਆ ਹੈ। ਉਨ੍ਹਾਂ ਦੀ ‘ਸੇਵਾ’ ਕੀਤੀ ਹੈ। ‘ਸੇਵਾ’ ਵਿੱਚ ਸਭ ਕੁਝ—ਪੱਕੇ ਤੋਂ ਕੱਚੇ ਮਾਸ ਤੱਕ—ਸ਼ਾਮਲ ਸੀ।”
“ਪਰ ਮੈਂ ਇਸ ਪੁਰਸਕਾਰ ਦਾ ਹੱਕਦਾਰ ਨਹੀਂ ਸੀ। ਮੈਂ ਕਿਸੇ ਹੋਰ ਦਾ ਹੱਕ ਮਾਰਿਆ ਹੈ। ਮੈਂ ਦੋਸ਼ੀ ਹਾਂ—ਲੋਕਾਂ ਦਾ ਵੀ ਤੇ ਆਪਣੀ ਜ਼ਮੀਰ ਦਾ ਵੀ।”
ਮੈਂ ਸੱਚਮੁੱਚ ਉੱਚੀ-ਉੱਚੀ ਚੀਕ ਰਿਹਾ ਸੀ।
ਮੇਰੀ ਘਰਵਾਲੀ ਮੇਰੇ ਕੋਲ ਕੜਛੀ ਵਿੱਚ ਗੁੱਗਲ ਲਈ ਖੜ੍ਹੀ ਸੀ। ਘਰ ਵਿੱਚ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ, ਪਰ ਉਸ ਦੀ ਨਿਗ੍ਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੱਲ ਸੀ।
ਉਹ ਅਰਦਾਸ ਕਰ ਰਹੀ ਸੀ। ਮੈਨੂੰ ਨਹੀਂ ਪਤਾ ਕਿ ਉਹ ਅਰਦਾਸ ਕੀ ਕਰਦੀ ਸੀ?
ਹਾਂ ਉਹ ਕਹਿ ਰਹੀ ਸੀ।
“ਇਹੋ ਜਿਹੇ ਪੁਰਸਕਾਰ ਨਾਲੋਂ ਵਾਹਿਗੁਰੂ, ਅਸੀਂ ਐਵੇਂ ਹੀ ਚੰਗੇ ਹਾਂ।”
ਹੁਣ ਮੈਂ ਚੰਗਾ ਬਣਨ ਦੀ ਸੋਚ ਰਿਹਾ ਸੀ।
ਤਾਂ ਕਿ ਜਿਨ੍ਹਾਂ ਲੋਕਾਂ ਵੱਲ ਮੈਂ ਪਿੱਠ ਮੋੜੀ ਸੀ, ਉਨ੍ਹਾਂ ਵੱਲ ਮੂੰਹ ਕਰ ਸਕਾਂ।
ਮੈਨੂੰ ਆਪਣੇ ਆਪ ਤੋਂ ਲਾਹਣਤ ਆ ਰਹੀ ਸੀ।
ਮੈਂ ਛੇਤੀ ਦੇ ਕੇ ਉੱਠਦਾ ਹਾਂ, ਪੁਰਸਕਾਰ ਚੁੱਕਦਾ ਹਾਂ ਤੇ ਘਰੋਂ ਬਾਹਰ ਵਗਾਹ ਕੇ ਮਾਰ ਦਿੰਦਾ ਹਾਂ।
ਸ਼ਾਇਦ ਉਸ ਦਿਨ ਪਹਿਲੀ ਵਾਰ ਮੈਨੂੰ ਪੁਰਸਕਾਰ ਨਹੀਂ ਸਗੋਂ ਆਪਣੀ ‘ਮੈਂ’ ਤੋਂ ਮੁਕਤੀ ਮਿਲੀ ਸੀ।
ਪੋਸਟ ਸਕ੍ਰਿਪਟ
ਹਥਿਆਰਬੰਦ ਕਲਮਾਂ ਵੱਲੋਂ ਪੁਰਸਕਾਰ ਹਥਿਆਉਣ ਕਰਕੇ ਕਈ ਸੱਚੇ ਬੰਦੇ ਵੀ ਬੋਲਦੇ ਨਹੀਂ। ਪਰ ਸੁਣਿਆ ਹੈ ਕਿ ਉਹ ਵੀ ਕੁੱਤੇ-ਝਾਕ ਵਿੱਚ ਹਨ—ਆਸ ਲਾਈ ਬੈਠੇ ਹਨ ਕਿ ਹੋ ਸਕਦਾ ਹੈ, ਕੱਲ੍ਹ ਨੂੰ ਮੈਨੂੰ ਵੀ ਪੁਰਸਕਾਰ ਮਿਲ ਜਾਵੇ!
ਹੁਣ ਇਹ ਪੁਰਸਕਾਰ ਸੰਸਥਾਵਾਂ ਵੱਲੋਂ ਦਿੱਤੇ ਨਹੀਂ ਜਾਂਦੇ, ਸਗੋਂ ਜਿਉਣੇ ਮੋੜ ਵਾਂਗ, ਲੌਂਗੋਵਾਲ ਦੀਆਂ ਤੀਆਂ ਵਾਂਗ ਲੁੱਟੇ ਜਾਂਦੇ ਹਨ।
ਜਿਹੜਾ ਬਾਜ਼ੀ ਮਾਰ ਗਿਆ—ਉਹੀ ਗੋਰਖਨਾਥ ਦਾ ਚੇਲਾ!
ਕੋਈ ਸਮਾਂ ਸੀ ਜਦੋਂ ਪੁਰਸਕਾਰ ਦੀ ਆਪਣੀ ਮਹੱਤਤਾ ਹੁੰਦੀ ਸੀ। ਹੁਣ ਤਾਂ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਇਸ ਵਾਰ ਕਿਹੜੇ ਨੂੰ ‘ਢੁੱਕੂ’ ਪੁਰਸਕਾਰ।
ਇਹ ਬਿਮਾਰੀ ਸੁਖਪਾਲਵੀਰ ਹਸਰਤ ਵੇਲੇ ਸ਼ੁਰੂ ਹੋਈ ਸੀ, ਜੋ ਹੁਣ ਕੈਂਸਰ ਬਣ ਗਈ ਹੈ। ਹੁਣ ਨਾ ਬਿਮਾਰੀ ਹਟਦੀ ਹੈ ਤੇ ਨਾ ਮਰੀਜ਼—ਲੇਖਕ, ਕਵੀ, ਆਲੋਚਕ, ਪੱਤਰਕਾਰ, ਰਾਗੀ, ਢਾਡੀ—ਕੋਈ ਬਚਦਾ ਹੈ।
ਬੋਲਣਾ ਸਮੇਂ ਦੀ ਲੋੜ ਹੁੰਦਾ ਹੈ।
ਤੁਸੀਂ ਇਸ ਵੇਲੇ ਵੀ ਨਹੀਂ ਬੋਲੇ ਤਾਂ ਤੁਸੀਂ ਜਿਊਂਦੇ ਨਹੀਂ—ਲਾਸ਼ਾਂ ਹੋ!
ਉਂਝ ਜਸਵੀਰ ਸਿੰਘ ਭੁੱਲਰ ਨੇ ਆਪਣੇ ਨਾਵਲ ‘ਖਿੱਦੋ’ ਵਿੱਚ ਕੁਝ ਕੁ ਮੁੱਖ ਲੀਰਾਂ ਬਾਰੇ ਦੱਸਿਆ ਹੈ।
ਬਾਕੀ ਸਭ ਕਤਾਰ ਵਿੱਚ ਲੱਗੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।