ਕੋਹ ਨਾ ਚੱਲੀ, ਬਾਬਾ ਤਿਹਾਈ!

ਸਾਹਿਤ ਪੰਜਾਬ

ਕੋਹ ਨਾ ਚੱਲੀ, ਬਾਬਾ ਤਿਹਾਈ!

ਤੁਰਦੀ ਜ਼ਿੰਦਗੀ ਤੇ ਵਗਦਾ ਪਾਣੀ ਧੜਕਦੀ ਜ਼ਿੰਦਗੀ ਦੇ ਚਿੰਨ੍ਹ ਹੁੰਦੇ ਹਨ। ਜਦੋਂ ਪਾਣੀ ਰੁਕ ਜਾਂਦਾ ਹੈ ਤਾਂ ਉਹ ਝੀਲ ਦਾ ਰੂਪ ਧਾਰ ਲੈਂਦਾ ਹੈ। ਰੁਕਿਆ ਹੋਇਆ ਪਾਣੀ ਹੌਲੀ-ਹੌਲੀ ਗੰਦਲਾ ਹੋ ਜਾਂਦਾ ਹੈ ਅਤੇ ਗੰਦਲੇ ਪਾਣੀ ਵਿੱਚੋਂ ਬੋਅ ਆਉਣ ਲੱਗ ਪੈਂਦੀ ਹੈ।
ਇਹੋ ਹਾਲ ਜ਼ਿੰਦਗੀ ਦਾ ਹੁੰਦਾ ਹੈ। ਸਾਹ ਲੈਂਦੀ, ਤੁਰਦੀ-ਫਿਰਦੀ ਜ਼ਿੰਦਗੀ ਹੀ ਚੰਗੀ ਲੱਗਦੀ ਹੈ। ਜਦੋਂ ਕਿਸੇ ਮੋੜ ਉੱਤੇ ਜ਼ਿੰਦਗੀ ਆ ਕੇ ਰੁਕ ਜਾਂਦੀ ਹੈ ਤਾਂ ਤੁਰਦਾ-ਫਿਰਦਾ ਮਨੁੱਖ ਅੰਦਰੋਂ ਖਾਲੀ ਹੋਣ ਲੱਗਦਾ ਹੈ। ਫਿਰ ਉਹ ਜਿਉਂਦੇ ਹੋਣ ਦਾ ਭਰਮ ਪਾਲਦਾ ਹੋਇਆ ਆਪਣੀ ਹੀ ਜੜ੍ਹਤਾ ਦਾ ਭਾਰ ਚੁੱਕੀ ਫਿਰਦਾ ਹੈ।
ਤੁਰਦੇ ਬੰਦੇ ਹੀ ਮੰਜ਼ਿਲ ਉੱਤੇ ਪੁੱਜਦੇ ਹਨ। ਜਿਹੜੇ ਕਿਸੇ ਚੁਰਾਹੇ ਉੱਤੇ ਰੁਕ ਜਾਂਦੇ ਹਨ, ਉਹ ਸੜਕਾਂ ਦੇ ਮੀਲ-ਪੱਥਰ ਬਣ ਜਾਂਦੇ ਹਨ। ਮੀਲ-ਪੱਥਰ ਮੰਜ਼ਿਲ ਦਾ ਸੂਚਕ ਤਾਂ ਹੁੰਦਾ ਹੈ, ਪਰ ਆਪ ਮੰਜ਼ਿਲ ਨਹੀਂ ਹੁੰਦਾ।
ਰੁਕੀ ਹੋਈ ਜ਼ਿੰਦਗੀ ਵੀ ਕੁਝ ਇਸੇ ਤਰ੍ਹਾਂ ਦੀ ਹੁੰਦੀ ਹੈ।
ਉਸ ਦੀ ਹਾਲਤ ਉਸ ਪੱਤੇ ਵਰਗੀ ਹੁੰਦੀ ਹੈ ਜਿਹੜਾ ਰੁੱਖ ਨਾਲੋਂ ਟੁੱਟ ਗਿਆ ਹੋਵੇ। ਹਵਾ ਉਸ ਨੂੰ ਇੱਧਰ-ਉੱਧਰ ਉਡਾਉਂਦੀ ਰਹਿੰਦੀ ਹੈ। ਆਖ਼ਰ ਉਹ ਕਿਸੇ ਕੋਨੇ ਵਿੱਚ ਜਾ ਰੁਕਦਾ ਹੈ ਅਤੇ ਹੌਲੀ-ਹੌਲੀ ਹਨੇਰੇ ਵਿੱਚ ਗੁਆਚ ਜਾਂਦਾ ਹੈ।
ਜਦੋਂ ਕੋਈ ਚੀਜ਼ ਸਾਡੇ ਕੋਲੋਂ ਗੁਆਚ ਜਾਂਦੀ ਹੈ, ਉਦੋਂ ਸਾਨੂੰ ਉਸ ਦੀ ਕੀਮਤ ਦਾ ਅਹਿਸਾਸ ਹੁੰਦਾ ਹੈ। ਜਦੋਂ ਤੱਕ ਚੀਜ਼ ਕੋਲ ਹੁੰਦੀ ਹੈ, ਅਸੀਂ ਬੇਫ਼ਿਕਰ ਰਹਿੰਦੇ ਹਾਂ। ਜਦੋਂ ਹੱਥੋਂ ਕਿਰ ਜਾਂਦੀ ਹੈ ਜਾਂ ਵਿਛੜ ਜਾਂਦੀ ਹੈ ਤਾਂ ਅਸੀਂ ਅਤੀਤ ਦੇ ਵਰਕੇ ਫਰੋਲਣ ਲੱਗ ਪੈਂਦੇ ਹਾਂ। ਕਿਸੇ ਨੇ ਕਿਹਾ ਹੈ ਕਿ,
“ਮਿੱਟੀ ਨਾ ਫਰੋਲ ਜੰਗੀਆ,
ਨਹੀਂ ਲੱਭਣੇ ਲਾਲ ਗਵਾਚੇ।”
ਪਰ ਅਸੀਂ ਫਿਰ ਵੀ ਮਿੱਟੀ ਫਰੋਲਦੇ ਰਹਿੰਦੇ ਹਾਂ। ਹੱਥਾਂ ਵਿੱਚ ਯਾਦਾਂ ਆਉਂਦੀਆਂ ਹਨ, ਅੱਖਾਂ ਵਿੱਚ ਹੰਝੂ ਆਉਂਦੇ ਹਨ, ਪਰ ਲੰਘਿਆ ਸਮਾਂ ਮੁੜ ਹੱਥ ਨਹੀਂ ਆਉਂਦਾ।
ਪਾਣੀ ਪੁਲਾਂ ਹੇਠੋਂ ਇੱਕੋ ਵਾਰ ਲੰਘਦਾ ਹੈ। ਲੰਘਿਆ ਪਾਣੀ ਤੇ ਲੰਘੀ ਜ਼ਿੰਦਗੀ ਮੁੜ ਕੇ ਨਹੀਂ ਆਉਂਦੀ।
ਅਸੀਂ ਉਸ ਨੂੰ ਵਾਪਸ ਲਿਆਉਣ ਦੇ ਸੁਪਨੇ ਜ਼ਰੂਰ ਸਿਰਜਦੇ ਹਾਂ। ਸੁਪਨੇ ਸਾਨੂੰ ਇੱਕ ਵੱਖਰੀ ਦੁਨੀਆਂ ਵਿੱਚ ਲੈ ਜਾਂਦੇ ਹਨ। ਅਸੀਂ ਧਰਤੀ ਉੱਤੇ ਰਹਿੰਦੇ ਹਾਂ, ਪਰ ਮਨ ਕਈ ਵਾਰ ਹਕੀਕਤ ਤੋਂ ਬਹੁਤ ਦੂਰ ਨਿਕਲ ਜਾਂਦਾ ਹੈ।
ਧਰਤੀ ਤੋਂ ਉੱਪਰ ਉੱਠਦੇ-ਉੱਠਦੇ ਸਾਡੇ ਮਨਾਂ ਅੰਦਰ ਬੇਚੈਨੀ, ਗੁੱਸਾ, ਨਫ਼ਰਤ ਅਤੇ ਹੰਕਾਰ ਵੀ ਵਧਦਾ ਜਾਂਦਾ ਹੈ। ਅਸੀਂ ਆਪਣੀ-ਆਪਣੀ ‘ਮੈਂ’ ਵਿੱਚ ਫਸਦੇ ਜਾਂਦੇ ਹਾਂ।
ਜਦੋਂ ਅਸੀਂ ਆਪਣੀ ‘ਮੈਂ’ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਹਾਂ, ਉਦੋਂ ਤੱਕ ਸਮਾਂ ਬਹੁਤ ਅੱਗੇ ਨਿਕਲ ਚੁੱਕਾ ਹੁੰਦਾ ਹੈ। ਅਸੀਂ ਪਿੱਛੇ ਰਹਿ ਜਾਂਦੇ ਹਾਂ। ਤੇ ਸੱਚ ਇਹ ਹੈ ਕਿ ਪਿੱਛੇ ਰਹਿ ਗਿਆਂ ਨੂੰ ਆਪਣੇ ਨਾਲ ਰਲਾਉਣ ਲਈ ਹਰ ਕੋਈ ਰੁਕਦਾ ਨਹੀਂ।
ਕਈ ਵਾਰ ਸਾਡੇ ਕੋਲ ਲੱਤਾਂ ਹੁੰਦੀਆਂ ਹਨ ਪਰ ਅਸੀਂ ਤੁਰ ਨਹੀਂ ਸਕਦੇ। ਜੀਭ ਹੁੰਦੀ ਹੈ ਪਰ ਗੱਲ ਕਹਿਣ ਦੀ ਤਾਕਤ ਨਹੀਂ ਰਹਿੰਦੀ। ਆਵਾਜ਼ ਹੁੰਦੀ ਹੈ ਪਰ ਸੁਣਨ ਵਾਲਾ ਕੋਈ ਨਹੀਂ ਹੁੰਦਾ।
ਵਾਜਾਂ ਮਾਰੀਆਂ, ਬੁਲਾਇਆ ਕਈ ਵਾਰ ਵੇ,
ਕਿਸੇ ਨੇ ਮੇਰੀ ਗੱਲ ਨਾ ਸੁਣੀ।
ਸਾਡੀ ਗੱਲ ਸੁਣਨ ਲਈ ਕਿਸੇ ਕੋਲ ਸਮਾਂ ਨਹੀਂ। ਅਸੀਂ ਪਦਾਰਥਾਂ ਪਿੱਛੇ ਦੌੜ ਰਹੇ ਹਾਂ। ਵਸਤੂਆਂ ਨਾਲ ਘਰ ਭਰ ਲਏ ਹਨ, ਪਰ ਘਰਾਂ ਵਿੱਚੋਂ ਜ਼ਿੰਦਗੀ ਦੂਰ ਹੁੰਦੀ ਜਾ ਰਹੀ ਹੈ।
ਘਰ ਸਟੋਰ ਬਣ ਗਏ ਹਨ। ਸਟੋਰਾਂ ਵਿੱਚ ਵਸਤੂਆਂ ਤਾਂ ਹੁੰਦੀਆਂ ਹਨ, ਪਰ ਧੜਕਦੀ ਜ਼ਿੰਦਗੀ ਨਹੀਂ ਹੁੰਦੀ।
ਬਿੱਲ ਆਉਂਦੇ ਹਨ। ਅਸੀਂ ਬਿੱਲ ਉਤਾਰਦੇ-ਉਤਾਰਦੇ ਆਪ ਹੀ ਇੱਕ ਵਸਤੂ ਬਣ ਜਾਂਦੇ ਹਾਂ।
ਸਾਡੇ ਅੰਦਰ ਦੀ ਸੁਹਜ-ਸੰਵੇਦਨਾ ਸੁੱਕ ਰਹੀ ਹੈ। ਅਸੀਂ ਪੱਥਰ ਬਣਦੇ ਜਾ ਰਹੇ ਹਾਂ। ਤੁਰਦੀਆਂ-ਫਿਰਦੀਆਂ ਮੂਰਤੀਆਂ ਵਰਗੇ ਜਿਸਮਾਂ ਲਈ ਇੱਕ ਦੂਜੇ ਨੂੰ ਲਤਾੜਦੇ ਹੋਏ ਦੌੜ ਰਹੇ ਹਾਂ।
ਇਹ ਅੰਨ੍ਹੀ ਦੌੜ ਕਿੱਥੇ ਖ਼ਤਮ ਹੋਵੇਗੀ? ਇਸ ਦੌੜ ਨੇ ਸਾਡੇ ਕੋਲੋਂ ਬੜਾ ਕੁਝ ਖੋਹ ਲਿਆ ਹੈ। ਸਾਡੇ ਹੱਥਾਂ ਵਿੱਚੋਂ ਕਿਰਤ ਖਿਸਕ ਗਈ ਹੈ ਅਤੇ ਸਾਡੇ ਹੱਥਾਂ ਵਿੱਚ ਕਈ ਵਾਰ ਸਿਰਫ਼ ਸਹਾਇਤਾ ਦੇ ਕਾਰਡ ਰਹਿ ਜਾਂਦੇ ਹਨ।
ਅਸੀਂ ਸਵਾਲ ਘੱਟ ਪੁੱਛਦੇ ਹਾਂ ਤੇ ਸਹੂਲਤਾਂ ਦੇ ਵਾਅਦੇ ਜ਼ਿਆਦਾ ਸੁਣਦੇ ਹਾਂ। ਸਾਨੂੰ ਇਹ ਵੀ ਪੁੱਛਣਾ ਚਾਹੀਦਾ ਹੈ ਕਿ ਲੋਕਾਂ ਦੀ ਜ਼ਿੰਦਗੀ ਵਿੱਚ ਸਥਾਈ ਰੋਜ਼ਗਾਰ, ਸਿੱਖਿਆ, ਸਿਹਤ ਅਤੇ ਇੱਜ਼ਤ ਕਿੱਥੇ ਹੈ? ਸਿਆਸਤ ਜੇ ਸਿਰਫ਼ ਤੁਰੰਤ ਰਾਹਤ ਦੇਣ ਤੱਕ ਸੀਮਤ ਰਹਿ ਜਾਵੇ ਤਾਂ ਲੋਕਾਂ ਦੀਆਂ ਲੰਮੇ ਸਮੇਂ ਦੀਆਂ ਲੋੜਾਂ ਕੌਣ ਪੂਰੀ ਕਰੇਗਾ?
ਅਸੀਂ ਆਪੋ-ਆਪਣੇ ਖੋਲਾਂ ਅੰਦਰ ਗਵਾਚ ਗਏ ਹਾਂ। ਵਿਕਾਸ ਦੇ ਨਾਂ ਉੱਤੇ ਜੇ ਮਨੁੱਖ ਤੋਂ ਉਸ ਦੀ ਰੋਟੀ, ਰੋਜ਼ਗਾਰ, ਜ਼ਮੀਨ, ਪਾਣੀ ਅਤੇ ਹਵਾ ਦੂਰ ਹੁੰਦੇ ਜਾਣ ਤਾਂ ਸਵਾਲ ਪੁੱਛਣਾ ਬਣਦਾ ਹੈ—ਇਹ ਵਿਕਾਸ ਕਿਸ ਲਈ ਹੈ? ਕਿਸੇ ਮਨੁੱਖ ਕੋਲੋਂ ਰੁਜ਼ਗਾਰ ਖੋਹ ਲੈਣਾ ਸਿਰਫ਼ ਉਸ ਦੀ ਆਮਦਨ ਖੋਹਣਾ ਨਹੀਂ; ਇਹ ਉਸ ਦੇ ਜੀਵਨ ਦੀ ਸੁਰੱਖਿਆ ਅਤੇ ਸਵੈ-ਮਾਣ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਪੌਣ-ਪਾਣੀ ਤੇ ਧਰਤੀ ਨਾਲੋਂ ਮਨੁੱਖ ਨੂੰ ਵੱਖ ਕਰਕੇ ਕੋਈ ਸਮਾਜ ਲੰਮੇ ਸਮੇਂ ਤੱਕ ਤੰਦਰੁਸਤ ਨਹੀਂ ਰਹਿ ਸਕਦਾ।
ਖੜ੍ਹਾ ਪਾਣੀ ਮੁਸ਼ਕ ਜਾਂਦਾ ਹੈ।
ਰੁਕਿਆ ਮਨੁੱਖ ਵੀ ਮੁਸ਼ਕਣ ਲੱਗ ਪੈਂਦਾ ਹੈ।
ਅਸੀਂ ਮੁਸ਼ਕ ਰਹੇ ਹਾਂ।
ਰੁੱਖਾਂ ਵਾਂਗ ਸੁੱਕ ਰਹੇ ਹਾਂ।
ਸਾਨੂੰ ਪਾਣੀ ਦੇਣ ਵਾਲੇ ਹੱਥ ਹੀ ਕਮਜ਼ੋਰ ਕਰ ਦਿੱਤੇ ਹਨ। ਸਦੀਆਂ ਲੰਘ ਗਈਆਂ। ਪਾਣੀ ਵਹਿ ਗਿਆ। ਪਰ ਅਸੀਂ ਅਜੇ ਵੀ ਉਸੇ ਮਿਰਗ-ਤ੍ਰਿਸ਼ਨਾ ਦੇ ਪਿੱਛੇ ਦੌੜ ਰਹੇ ਹਾਂ। ਇੱਕ ਥਾਂ ਤੋਂ ਦੂਜੀ ਥਾਂ। ਇੱਕ ਲਾਲਚ ਤੋਂ ਦੂਜੇ ਲਾਲਚ ਤੱਕ।
ਢਿੱਡ ਭਰ ਗਿਆ, ਨੀਤ ਨਹੀਂ ਭਰੀ।
ਇਹੀ ਤਾਂ ਸਾਡੀ ਤ੍ਰਾਸਦੀ ਹੈ।
ਬਾਬਾ ਨਾਨਕ ਪੱਚੀ ਸਾਲ ਉਦਾਸੀਆਂ ਕਰਦਾ ਤੁਰਿਆ। ਪੈਰਾਂ ਨਾਲ ਪੈਂਡੇ ਮਾਪੇ, ਪਰ ਮਕਸਦ ਸਿਰਫ਼ ਦੂਰੀ ਮਾਪਣਾ ਨਹੀਂ ਸੀ। ਸ਼ਬਦ ਅਤੇ ਰਬਾਬ ਰਾਹੀਂ ਮਨੁੱਖ ਨੂੰ ਜਗਾਉਣਾ ਸੀ। ਮਨੁੱਖ ਨੂੰ ‘ਮੈਂ’ ਦੇ ਘੇਰੇ ਵਿੱਚੋਂ ਬਾਹਰ ਕੱਢਣਾ ਸੀ। ਕਿਰਤ ਦੀ ਇੱਜ਼ਤ, ਹੱਕ ਦੀ ਗੱਲ ਅਤੇ ਜ਼ਬਰ-ਜ਼ੁਲਮ ਦੇ ਵਿਰੁੱਧ ਖੜ੍ਹਨ ਦਾ ਹੌਸਲਾ ਦੇਣਾ ਸੀ।
ਬਾਬੇ ਨੇ ਤੁਰ ਕੇ ਦੱਸਿਆ ਕਿ ਰਾਹ ਸਿਰਫ਼ ਪੈਰਾਂ ਨਾਲ ਨਹੀਂ, ਵਿਚਾਰਾਂ ਨਾਲ ਵੀ ਤੈਅ ਹੁੰਦਾ ਹੈ।
ਅਸੀਂ ਅੱਜ ਵੀ ਕੋਹਾਂ ਦੇ ਕੋਹ ਤੁਰ ਰਹੇ ਹਾਂ—ਪਰ ਪਤਾ ਨਹੀਂ ਕਿਸ ਪਾਸੇ।
ਸਾਡੇ ਕੋਲ ਸਾਧਨ ਬੇਅੰਤ ਹਨ, ਪਰ ਦਿਸ਼ਾ ਦਾ ਸਵਾਲ ਅਜੇ ਵੀ ਖੜ੍ਹਾ ਹੈ। ਸਾਡੇ ਕੋਲ ਬੋਲ ਬੇਅੰਤ ਹਨ, ਪਰ ਸ਼ਬਦ ਦੀ ਰੂਹ ਕਿੱਥੇ ਹੈ? ਸਾਡੇ ਕੋਲ ਘਰ ਬੇਅੰਤ ਹਨ, ਪਰ ਘਰਾਂ ਵਿੱਚ ਮਨੁੱਖ ਕਿੱਥੇ ਹੈ? ਸਾਡੇ ਕੋਲ ਦੌੜ ਬੇਅੰਤ ਹੈ, ਪਰ ਮੰਜ਼ਿਲ ਕਿੱਥੇ ਹੈ?
ਬਾਬਾ ਤਾਂ ਪੱਚੀ ਸਾਲ ਤੁਰਿਆ ਅਤੇ ਮਨੁੱਖਤਾ ਲਈ ਚਾਨਣ ਦੇ ਨਿਸ਼ਾਨ ਛੱਡ ਗਿਆ। ਅਸੀਂ ਤਾਂ ਕੋਹ ਦਾ ਪੈਂਡਾ ਵੀ ਨਹੀਂ ਮੁਕਾਇਆ।
ਅਖੇ—“ਬਾਬਾ! ਕੋਹ ਨਾ ਚੱਲੀ,ਬਾਬਾ! ਮੈਂ ਤਿਹਾਈ।”
ਭਲਾ ਮਨ ਦੇ ਭੁੱਖੇ ਦੀ ਪਿਆਸ ਕੌਣ ਬੁਝਾਏ?
ਪਾਣੀ ਬਾਹਰ ਨਹੀਂ, ਪਹਿਲਾਂ ਅੰਦਰ ਵਗਾਉਣਾ ਪਵੇਗਾ।
ਜ਼ਿੰਦਗੀ ਨੂੰ ਰੁਕਣ ਨਹੀਂ ਦੇਣਾ
ਨਹੀਂ ਤਾਂ ਵਗਦਾ ਪਾਣੀ ਵੀ ਪੁੱਛੇਗਾ:
ਤੂੰ ਤੁਰਿਆ ਕਿੱਥੇ ਸੀ?
????
ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।