ਆਸ਼ਕੀ ਦਲ ਦੀ ਖੁੱਦੋ!

ਸਾਹਿਤ ਪੰਜਾਬ

ਆਸ਼ਕੀ ਦਲ ਦੀ ਖੁੱਦੋ!

ਦਲ ਜਦੋਂ ਦਲਦਲ ਬਣ ਜਾਂਦਾ ਤਾਂ ਉਹ ਆਪਣੇ ਵਿੱਚ ਆਇਆਂ ਨੂੰ ਜਿਉਂਦੇ ਨਹੀਂ ਬਾਹਰ ਨਿਕਲਣ ਦੇਂਦਾ। ਦਲ ਅਸਲ ਵਿੱਚ ਧੜਾ ਹੁੰਦਾ ਹੈ, ਕੁੱਝ ਸਾਂਝੇ ਵਿਚਾਰਾਂ ਵਾਲਿਆਂ ਦੀ ਟੋਲੀ ਹੁੰਦੀ ਹੈ, ਖੇਡ ਜਗਤ ਵਿਚ ਇਸ ਨੂੰ ਟੀਮ ਆਖਦੇ ਹਨ। ਦਲ ਦੀ ਕੋਰ ਕਮੇਟੀ ਹੁੰਦੀ ਹੈ। ਕਮੇਟੀ ਵਿੱਚ ਧੜੇ ਹੁੰਦੇ ਹਨ। ਇਹਨਾਂ ਧੜਿਆਂ ਦਾ ਆਪਸ ਵਿੱਚ ਟਕਰਾ ਹੁੰਦਾ ਹੈ। ਲੈਣ ਦੇਣ ਨਾਲ ਮਸਲਾ ਠੰਡੇ ਬਸਤੇ ਵਿੱਚ ਪਿਆ ਰਹਿੰਦਾ ਹੈ। ਧਰਤੀ ਵਿੱਚ ਪਿਆ ਬੀਜ ਹੋਏ ਜਾਂ ਕਿਸੇ ਨੂੰ ਕਹੀ ਗੱਲ ਹੋਵੇ। ਕੋਈ ਨਿੱਜੀ ਸਬੰਧ ਹੋਵੇ, ਉਸਨੇ ਇੱਕ ਦਿਨ ਉਗਣਾ ਹੈ, ਬੋਲਣਾ ਹੈ ਤੇ ਹਿਸਾਬ ਮੰਗਣਾ ਹੈ। ਉਸਨੂੰ ਟੰਗਣਾ ਹੁੰਦਾ ਹੈ। ਸਿਆਣੇ ਕਹਿੰਦੇ ਹਨ ਕਿ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ। ਮੌਸਮ ਬਦਲਦਾ ਰਹਿੰਦਾ ਹੈ। ਜਿਵੇਂ ਹੁਣ ਖੇਡਾਂ ਬਦਲ ਗਈਆਂ ਹਨ। ਨਵੀਆਂ ਖੇਡਾਂ ਨਵੇਂ ਤਰੀਕੇ।
ਨਿੱਕੇ ਹੁੰਦੇ ਅਸੀਂ ਪੁਰਾਣੇ ਕੱਪੜਿਆਂ ਦੀ ਖੁੱਦੋ-ਖੂੰਡੀ ਖੇਡਿਆ ਕਰਦੇ ਸੀ। ਦੋ-ਚਾਰ ਦਿਨਾਂ ਬਾਅਦ ਟੁੱਲ ਵੱਜਣ ਨਾਲ ਖੁੱਦੋ ਉਧੜਨੀ ਸ਼ੁਰੂ ਹੋ ਜਾਂਦੀ। ਇੱਕ ਪਾਸਿਓਂ ਲੀਰ ਨਿਕਲਦੀ, ਦੂਜੇ ਪਾਸਿਓਂ ਹੋਰ ਰੰਗ ਦੀ। ਅਖ਼ੀਰ ਖੁੱਦੋ ਦਾ ਉਹ ਹਾਲ ਹੋ ਜਾਂਦਾ ਕਿ ਪਤਾ ਹੀ ਨਹੀਂ ਲੱਗਦਾ ਸੀ, ਇਹ ਖੇਡਣ ਵਾਲੀ ਚੀਜ਼ ਹੈ ਜਾਂ ਪੁਰਾਣੇ ਕੱਪੜਿਆਂ ਦੀ ਗੱਠੜੀ! ਫਿਰ ਜਦੋਂ ਅਸੀਂ ਉਸਨੂੰ ਦੁਬਾਰਾ ਮੜ੍ਹਨ ਲੱਗਦੇ ਤਾਂ ਘਰੋਂ ਗਾਲਾਂ ਪੈਂਦੀਆਂ।
ਅੱਜ ਸਿਆਸਤ ਦੀਆਂ ਕੁਝ ਖੁੱਦੋਆਂ ਦਾ ਵੀ ਇਹੋ ਹਾਲ ਹੈ। ਇਹਨਾਂ ਦੀਆਂ ਲੀਰਾਂ ਬਾਹਰ ਆਉਣ ਲੱਗੀਆਂ ਹਨ।ਜਿਹੜਾ ਅੰਦਰਲੀ ਸਿਲਾਈ ਉਧੇੜਨ ਦੀ ਕੋਸ਼ਿਸ਼ ਕਰਦਾ ਹੈ, ਉਸਨੂੰ ਪਹਿਲਾਂ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ, ਫਿਰ ਧਾਰਮਿਕ ਅਖਾੜੇ ਵਿੱਚ ਉਸਨੂੰ ਛੇਕਣ ਦੀਆਂ ਗੱਲਾਂ ਹੁੰਦੀਆਂ ਹਨ ਅਤੇ ਕੁਝ ਸਮੇਂ ਬਾਅਦ ਉਹੀ ਲੋਕ ਮੁੜ ਇੱਕ ਮੇਜ਼ ਉੱਤੇ ਬੈਠੇ ਦਿਸਦੇ ਹਨ।
ਫਿਰ ਸਮਝੌਤੇ ਦੀ ਹੌਲੀ ਜਿਹੀ ਮੁਸਕਰਾਹਟ ਵਿੱਚ ਬਦਲ ਜਾਂਦੇ ਹਨ। ਕਿਉਂਕਿ ਧਰਤੀ ਗੋਲ ਹੈ, ਕੋਈ ਕਿਸ ਮੋੜ ਤੇ ਮਿਲ ਜਾਵੇ ਜਾਂ ਵਿਛੜ ਜਾਵੇ, ਇਹ ਕੁਦਰਤੀ ਵਰਤਾਰਾ ਹੈ। ਇਸ ਵਰਤਾਰੇ ਵਿਚ ਇਕ ਅੰਦਰੂਨੀ ਡਿਜ਼ਾਇਨ ਕੀਤਾ ਜਾਂਦਾ ਹੈ। ਜਿਹੜਾ ਬਾਹਰ ਨਜ਼ਰ ਆਉਂਦਾ। ਸਹਿਮਤੀ ਹੁੰਦੀ ਹੈ। “ਤੂੰ ਸਾਡੀਆਂ ਲੀਰਾਂ ਨਾ ਲਾਹ, ਅਸੀਂ ਤੇਰੀਆਂ ਨਹੀਂ ਲਾਉਂਦੇ।”
ਕਿਉਂਕਿ ਕਹਾਵਤ ਹੈ ਕਿ ਇਸ ਹਮਾਮ ਵਿੱਚ ਸਭ ਨੰਗੇ ਹਨ। ਮਸਲਾ ਕਿਸੇ ਇੱਕ ਬੰਦੇ ਦਾ ਨਹੀਂ। ਮਸਲਾ ਉਸ ਪ੍ਰਬੰਧ ਦਾ ਹੈ ਜਿੱਥੇ ਨੈਤਿਕਤਾ ਦੇ ਭਾਸ਼ਣ ਵੱਡੇ ਹੁੰਦੇ ਹਨ ਤੇ ਆਤਮ-ਪੜਚੋਲ ਛੋਟੀ। ਇਹੋ ਦੁਖਾਂਤ ਸਾਰੀਆਂ ਸੰਸਥਾਵਾਂ ਵਿੱਚ ਪਨਪ ਰਿਹਾ ਹੈ। ਸੰਸਥਾਵਾਂ ਨੇ ਛੱਪੜਾਂ ਦਾ ਰੂਪ ਧਾਰਨ ਕਰ ਲਿਆ ਹੈ ਜਿਥੇ ਹਰ ਤਰ੍ਹਾਂ ਦਾ ਗੰਦ ਆਉਂਦਾ ਹੈ ਤੇ ਬੁਦਬੂ ਫੈਲਾਉਂਦਾ ਹੈ।
ਮਨੁੱਖ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਹੈ, ਇਹ ਪੰਜ ਵਿਕਾਰ ਦੱਸੇ ਗਏ ਹਨ। ਇਨ੍ਹਾਂ ਵਿੱਚੋਂ ਕੋਈ ਵੀ ਕਿਸੇ ਇੱਕ ਜਾਤ, ਪੰਥ, ਪਾਰਟੀ ਜਾਂ ਸੰਸਥਾ ਦੀ ਜਾਇਦਾਦ ਨਹੀਂ। ਧਰਮੀ ਹੋਵੇ ਜਾਂ ਗ਼ੈਰ-ਧਰਮੀ, ਮਨੁੱਖ ਪਹਿਲਾਂ ਮਨੁੱਖ ਹੈ।
ਕਾਮ ਜੀਵਨ ਦੀ ਕੁਦਰਤੀ ਪ੍ਰਵਿਰਤੀ ਹੈ, ਪਰ ਜਦੋਂ ਉਹ ਵਿਵੇਕ ਤੋਂ ਵੱਡਾ ਹੋ ਜਾਵੇ ਤਾਂ ਮਨੁੱਖ ਦੀਆਂ ਹੱਦਾਂ ਟੁੱਟਣ ਲੱਗਦੀਆਂ ਹਨ। ਇਸੇ ਤਰ੍ਹਾਂ ਲੋਭ ਜਦੋਂ ਲੋੜ ਤੋਂ ਵੱਧ ਹੋ ਜਾਵੇ ਤਾਂ ਧਨ ਸਾਧਨ ਨਹੀਂ ਰਹਿੰਦਾ, ਮਾਲਕ ਬਣ ਜਾਂਦਾ ਹੈ। ਹੰਕਾਰ ਜਦੋਂ ਸਿਰ ਚੜ੍ਹੇ ਤਾਂ ਬੰਦਾ ਆਪਣੀ ਛਾਂ ਨੂੰ ਵੀ ਸਲਾਮ ਕਰਵਾਉਣ ਲੱਗ ਪੈਂਦਾ ਹੈ।
ਇਹੋ ਜਿਹੇ ਵੇਲੇ ਧਰਮ ਦੀ ਚਾਦਰ ਵੀ ਚਰਿੱਤਰ ਦੀ ਥਾਂ ਨਹੀਂ ਲੈ ਸਕਦੀ। ਅੱਜ ਧਾਰਮਿਕ ਅਤੇ ਸਿਆਸੀ ਸੰਸਥਾਵਾਂ ਅੰਦਰੋਂ ਉੱਠਦੇ ਸਵਾਲਾਂ ਨਾਲ ਜੂਝ ਰਹੀਆਂ ਹਨ। ਕਈ ਵਾਰ ਜਿਸ ਗੱਲ ਦਾ ਵਿਰੋਧ ਬਾਹਰਲੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ, ਉਹੀ ਗੱਲ ਅੰਦਰਲੇ ਲੋਕ ਆਪਣੇ ਵਰਤਾਰੇ ਨਾਲ ਸਾਬਤ ਕਰ ਦਿੰਦੇ ਹਨ। ਫਿਰ ਸਵਾਲ ਉੱਠਦਾ ਹੈ ਕਿ ਦੁਸ਼ਮਣ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੇ ਘਰ ਦੀ ਖੁੱਦੋ ਕਿਉਂ ਨਹੀਂ ਵੇਖੀ ਜਾਂਦੀ?
ਪੁਰਾਣੀ ਖੁੱਦੋ ਦੀ ਖ਼ੂਬੀ ਇਹ ਸੀ ਕਿ ਜਿੰਨੀ ਉਧੜਦੀ, ਓਨੀ ਹੀ ਅੰਦਰਲੀਆਂ ਲੀਰਾਂ ਸਾਹਮਣੇ ਆਉਂਦੀਆਂ।
ਸਿਆਸੀ ਖੁੱਦੋ ਦੀ ਮੁਸੀਬਤ ਵੀ ਇਹੀ ਹੈ।
ਅੱਜ ਇੱਕ ਲੀਰ ਨਿਕਲਦੀ ਹੈ ਤਾਂ ਕੱਲ੍ਹ ਦੂਜੀ। ਕੋਈ ਪੁਰਾਣਾ ਫੈਸਲਾ ਸਾਹਮਣੇ ਆ ਜਾਂਦਾ ਹੈ, ਕੋਈ ਪੁਰਾਣਾ ਬਿਆਨ, ਕੋਈ ਪੁਰਾਣੀ ਸਾਂਝ, ਕੋਈ ਪੁਰਾਣਾ ਸਮਝੌਤਾ। ਫਿਰ ਉਹੀ ਲੋਕ, ਜਿਹੜੇ ਕੱਲ੍ਹ ਤੱਕ ਇੱਕ-ਦੂਜੇ ਨੂੰ ਕੋਸ ਰਹੇ ਸਨ, ਅੱਜ ਇੱਕ ਦੂਜੇ ਦੀ ਬਾਂਹ ਫੜ ਕੇ ਖੜ੍ਹੇ ਦਿਸਦੇ ਹਨ।
ਸਿਆਸਤ ਵਿੱਚ ਦੁਸ਼ਮਣੀ ਵੀ ਸਥਾਈ ਨਹੀਂ, ਦੋਸਤੀ ਵੀ ਸਥਾਈ ਨਹੀਂ ਹੁੰਦੀ। ਸਥਾਈ ਸਿਰਫ਼ ਸਵਾਰਥ ਦਾ ਹਿਸਾਬ ਰਹਿ ਜਾਂਦਾ ਹੈ। ਤੇ ਜਦੋਂ ਇਹ ਖੇਡ ਧਾਰਮਿਕ ਅਸਥਾਨਾਂ ਤੱਕ ਪਹੁੰਚ ਜਾਵੇ ਤਾਂ ਗੱਲ ਹੋਰ ਗੰਭੀਰ ਹੋ ਜਾਂਦੀ ਹੈ।
ਗੁਰਦੁਆਰਾ ਕਿਸੇ ਵਿਅਕਤੀ ਦੀ ਨਿੱਜੀ ਜਾਇਦਾਦ ਨਹੀਂ। ਪੰਥਕ ਸੰਸਥਾਵਾਂ ਕਿਸੇ ਧੜੇ ਦੀ ਢਾਲ ਨਹੀਂ ਹੋਣੀਆਂ ਚਾਹੀਦੀਆਂ। ਧਰਮ ਦਾ ਕੰਮ ਮਨੁੱਖ ਦੀਆਂ ਕਮਜ਼ੋਰੀਆਂ ਨੂੰ ਢਕਣਾ ਨਹੀਂ, ਉਸਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਹਿੰਮਤ ਦੇਣਾ ਹੈ।
ਪਰ ਜਦੋਂ ਗਰਜ਼ਾਂ ਵੱਡੀਆਂ ਹੋ ਜਾਣ ਤਾਂ ਕਈ ਵਾਰ ਲੋਕ ਮੂੰਹ ਉੱਤੇ ਮਿੱਟੀ ਮਲ ਕੇ ਸਭ ਕੁਝ ਵੇਖਦੇ ਰਹਿੰਦੇ ਹਨ। ਕਿਉਂ? ਕਿਉਂਕਿ,
“ਆਪਣਾ ਘਰ ਬਚਿਆ ਰਹੇ, ਭਾਵੇਂ ਗੁਆਂਢੀ ਦਾ ਵਿਹੜਾ ਚਿੱਕੜ ਨਾਲ ਭਰ ਜਾਵੇ।”
ਪਰ ਚਿੱਕੜ ਦੀ ਇੱਕ ਖ਼ਾਸੀਅਤ ਹੈ ਕਿ ਇੱਕ ਪੈਰ ਪਾਓ ਤਾਂ ਛਿੱਟਾ ਦੂਜੇ ਪਾਸੇ ਵੀ ਪੈਂਦਾ ਹੈ।
ਇਸ ਲਈ ਖੁੱਦੋ ਮੜ੍ਹਨ ਤੋਂ ਪਹਿਲਾਂ ਲੀਰਾਂ ਦੀ ਗਿਣਤੀ ਨਹੀਂ, ਖੁੱਦੋ ਦੀ ਸੱਚਾਈ ਵੇਖਣੀ ਪਵੇਗੀ।
ਨਹੀਂ ਤਾਂ ਅੱਜ ਜਿਸਦੀ ਖੁੱਦੋ ਉਧੇੜ ਰਹੇ ਹੋ, ਕੱਲ੍ਹ ਆਪਣੀ ਖੁੱਦੋ ਦੀ ਵਾਰੀ ਆ ਸਕਦੀ ਹੈ।
ਬੁੱਧ ਬਾਣ ਦਾ ਸਵਾਲ ਸਿਰਫ਼ ਇਹ ਹੈ ਕਿ ਖੁੱਦੋ ਕਿਸਦੀ ਉਧੜ ਰਹੀ ਹੈ, ਇਹ ਦੇਖਣ ਤੋਂ ਪਹਿਲਾਂ ਅਸੀਂ ਇਹ ਕਿਉਂ ਨਹੀਂ ਵੇਖਦੇ ਕਿ ਸਾਡੀ ਆਪਣੀ ਖੁੱਦੋ ਕਿੰਨੀ ਕੁ ਮਜ਼ਬੂਤ ਹੈ?
+++
ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।