ਨਵੀਂ ਦਿੱਲੀ 3 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਵਿਰੁੱਧ ਜੰਤਰ-ਮੰਤਰ ਵਿਖੇ ਚੱਲ ਰਿਹਾ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਰਿਹਾ। ਬੀਤੇ ਦਿਨ 1,000 ਤੋਂ ਵੱਧ ਵਿਦਿਆਰਥੀਆਂ, ਸਿਆਸੀ ਆਗੂਆਂ ਅਤੇ ਕਾਰਕੁਨਾਂ ਦੀ ਹਿਰਾਸਤ ਤੋਂ ਬਾਅਦ ਸ਼ਨੀਵਾਰ ਨੂੰ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) ਦੇ ਮੈਂਬਰ ਮੁੜ ਜੰਤਰ-ਮੰਤਰ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਪੁਲੀਸ ਨੇ ਇਲਾਕੇ ’ਚ ਸੁਰੱਖਿਆ ਹੋਰ ਸਖ਼ਤ ਕਰਦਿਆਂ ਬੈਰੀਕੇਡਿੰਗ ਲਗਾ ਦਿੱਤੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈਣਾ ਸ਼ੁਰੂ ਕਰ ਦਿੱਤਾ।

ਇਹ ਵਿਰੋਧ ਪ੍ਰਦਰਸ਼ਨ AISA ਦੀ ਕੌਮੀਂ ਪ੍ਰਧਾਨ ਨੇਹਾ ਬੋਰਾ ਦੇ ਸੱਦੇ ‘ਤੇ ਦੁਪਹਿਰ 1 ਵਜੇ ਮੁੜ ਸ਼ੁਰੂ ਹੋਇਆ। ਨੇਹਾ ਬੋਰਾ, ਜਿਨ੍ਹਾਂ ਨੂੰ ਸ਼ੁੱਕਰਵਾਰ ਨੂੰ ਧਰਨੇ ਦੌਰਾਨ ਹਿਰਾਸਤ ’ਚ ਲਿਆ ਗਿਆ ਸੀ, ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਕਾਰਕੁਨਾਂ ਨੂੰ ਜੰਤਰ-ਮੰਤਰ ਪਹੁੰਚਣ ਦੀ ਅਪੀਲ ਕੀਤੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲੀਸ ਕਾਰਵਾਈ ਨਾਲ ਅੰਦੋਲਨ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਪ੍ਰਦਰਸ਼ਨ ਵਿੱਚ AISA ਤੋਂ ਇਲਾਵਾ SFI, NSUI, ਆਮ ਆਦਮੀ ਪਾਰਟੀ (AAP) ਅਤੇ ਹੋਰ ਵਿਰੋਧੀ ਧਿਰਾਂ ਦੇ ਆਗੂ ਸ਼ਾਮਲ ਹਨ। ਪ੍ਰਦਰਸ਼ਨਕਾਰੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਸੁਧਾਰ (SIR) ਪ੍ਰਕਿਰਿਆ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਵਿੱਚ ਵੱਡੀਆਂ ਗੜਬੜੀਆਂ ਦੇ ਦੋਸ਼ ਲਗਾ ਰਹੇ ਹਨ। ਬੀਤੇ ਦਿਨ ਪੁਲੀਸ ਨੇ ਸਾਬਕਾ ਮੁੱਖ ਮੰਤਰੀ ਆਤਿਸ਼ੀ, ਯੋਗੇਂਦਰ ਯਾਦਵ ਅਤੇ ਕਈ ਹੋਰ ਪ੍ਰਮੁੱਖ ਆਗੂਆਂ ਨੂੰ ਵੀ ਹਿਰਾਸਤ ’ਚ ਲਿਆ ਸੀ।












