ਇਸਲਾਮਾਬਾਦ 3 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪਾਕਿਸਤਾਨ ਨੇ ਸ਼ਨਿੱਚਰਵਾਰ ਨੂੰ ਭਾਰਤ ਦੇ ਕਾਰਜਕਾਰੀ ਰਾਜਦੂਤ ਨੂੰ ਤਲਬ ਕਰਕੇ ਇੱਕ ਦਿਨ ਪਹਿਲਾਂ ਭਾਰਤ ਦੇ ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ) ਦੀ ਕਾਰਵਾਈ ਵਿੱਚ ਦੋ ਲੋਕਾਂ ਦੇ ਮਾਰੇ ਜਾਣ ਨੂੰ ਲੈ ਕੇ “ਸਖ਼ਤ ਵਿਰੋਧ” ਦਰਜ ਕਰਵਾਇਆ ਅਤੇ ਦਾਅਵਾ ਕੀਤਾ ਕਿ ਉਹ ਆਮ ਨਾਗਰਿਕ ਸਨ।
ਭਾਰਤੀ ਅਧਿਕਾਰੀਆਂ ਨੇ ਦੱਸਿਆ ਸੀ ਕਿ ਪੰਜਾਬ ਵਿੱਚ ਕੌਮਾਂਤਰੀ ਸਰਹੱਦ ‘ਤੇ ਸ਼ੁੱਕਰਵਾਰ ਨੂੰ ਬੀ ਐੱਸ ਐੱਫ ਦੀ ਕਾਰਵਾਈ ਵਿੱਚ ਦੋ ਸ਼ੱਕੀ ਪਾਕਿਸਤਾਨੀ ਘੁਸਪੈਠੀਏ ਮਾਰੇ ਗਏ ਸਨ।ਉਨ੍ਹਾਂ ਦੱਸਿਆ ਸੀ ਕਿ ਇਹ ਘਟਨਾ ਦੁਪਹਿਰ ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਵਾਪਰੀ। ਪੰਜਾਬ ਦੀ ਪਾਕਿਸਤਾਨ ਦੇ ਨਾਲ 553 ਕਿਲੋਮੀਟਰ ਲੰਮੀ ਸਰਹੱਦ ਲੱਗਦੀ ਹੈ। ਤਰਨਤਾਰਨ ਵਿੱਚ ਭਿੱਖੀਵਿੰਡ ਦੇ ਡੀ ਐੱਸ ਪੀ ਅਤੁਲ ਸੋਨੀ ਨੇ ਦੱਸਿਆ ਸੀ ਕਿ ਤਿੰਨ ਘੁਸਪੈਠੀਏ ਭਾਰਤੀ ਖੇਤਰ ਵੱਲ ਵੱਧ ਰਹੇ ਸਨ, ਪਰ ਬਾਅਦ ਵਿੱਚ ਉਨ੍ਹਾਂ ਵਿੱਚੋਂ ਇੱਕ ਪਾਕਿਸਤਾਨ ਵੱਲ ਪਰਤ ਗਿਆ।ਸੋਨੀ ਮੁਤਾਬਕ ਬੀ ਐੱਸ ਐੱਫ ਜਵਾਨਾਂ ਦੀ ਵਾਪਸ ਪਰਤਣ ਦੀ ਚਿਤਾਵਨੀ ਦੇ ਬਾਵਜੂਦ ਦੋ ਹੋਰ ਲੋਕ ਭਾਰਤੀ ਸਰਹੱਦ ਵੱਲ ਵੱਧਦੇ ਰਹੇ। ਉਨ੍ਹਾਂ ਕਿਹਾ ਕਿ ਬੀ ਐੱਸ ਐੱਫ ਦੇ ਇੱਕ ਸੰਤਰੀ ਦੇ ਅਨੁਸਾਰ, ਦੋਵੇਂ ਘੁਸਪੈਠੀਏ ਲਗਾਤਾਰ ਉਕਸਾ ਰਹੇ ਸਨ ਅਤੇ ਭਾਰਤੀ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਡੀ ਐੱਸ ਪੀ ਨੇ ਕਿਹਾ ਕਿ ਇਸ ਤੋਂ ਬਾਅਦ ਬੀ ਐੱਸ ਐੱਫ ਜਵਾਨਾਂ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਦੋਵੇਂ ਘੁਸਪੈਠੀਏ ਮਾਰੇ ਗਏ। ਉਨ੍ਹਾਂ ਦੱਸਿਆ ਕਿ ਬੀ ਐੱਸ ਐੱਫ ਦੇ ਸੀਨੀਅਰ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਡੀ ਐੱਸ ਪੀ ਸੋਨੀ ਮੁਤਾਬਕ ਦੋਵਾਂ ਘੁਸਪੈਠੀਆਂ ਦੀ ਪਛਾਣ ਹਾਲੇ ਨਹੀਂ ਹੋਈ ਹੈ।
ਦੂਜੇ ਪਾਸੇ ਪਾਕਿਸਤਾਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮਾਰੇ ਗਏ ਦੋਵੇਂ ਲੋਕ ਆਮ ਨਾਗਰਿਕ ਸਨ, ਜੋ ਸਰਹੱਦ ‘ਤੇ ਘੁੰਮਣ ਆਏ ਸਨ ਅਤੇ ਅਣਜਾਣੇ ਵਿੱਚ ਕੌਮਾਂਤਰੀ ਸਰਹੱਦ ਪਾਰ ਕਰ ਗਏ। ਪਾਕਿਸਤਾਨ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਉਹ ਘੁਸਪੈਠੀਏ ਸਨ।ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਕਾਰਜਕਾਰੀ ਰਾਜਦੂਤ ਨੂੰ ਵਿਦੇਸ਼ ਮੰਤਰਾਲੇ ਵਿੱਚ ਤਲਬ ਕਰਕੇ ”ਦੋ ਲੋਕਾਂ ਦੀ ਮੌਤ ਨੂੰ ਲੈ ਕੇ ਸਖ਼ਤ ਵਿਰੋਧ” ਦਰਜ ਕਰਵਾਇਆ ਗਿਆ।ਬਿਆਨ ਵਿੱਚ ਕਿਹਾ ਗਿਆ ਹੈ, ”ਬੀ ਐੱਸ ਐੱਫ ਜਵਾਨਾਂ ਨੇ ਨਿਹੱਥੇ ਨਾਗਰਿਕਾਂ ਦੇ ਖਿਲਾਫ਼ ਬਿਨਾਂ ਉਕਸਾਵੇ ਦੇ ਘਾਤਕ ਬਲ ਦੀ ਵਰਤੋਂ ਕੀਤੀ। ਬਲ ਦੀ ਅਜਿਹੀ ਵਰਤੋਂ ਪੂਰੀ ਤਰ੍ਹਾਂ ਗੈਰ-ਵਾਜਬ ਸੀ, ਜਿਸ ਦੇ ਨਤੀਜੇ ਵਜੋਂ ਦੋ ਕੀਮਤੀ ਜਾਨਾਂ ਚਲੀਆਂ ਗਈਆਂ।”
ਵਿਦੇਸ਼ ਦਫ਼ਤਰ ਨੇ ਮੰਗ ਕੀਤੀ ਹੈ ਕਿ ਭਾਰਤੀ ਪੱਖ ਘਟਨਾ ਦੀ “ਤੁਰੰਤ, ਪਾਰਦਰਸ਼ੀ ਅਤੇ ਭਰੋਸੇਯੋਗ ਜਾਂਚ” ਕਰੇ ਤੇ ਜ਼ਿੰਮੇਵਾਰ ਪਾਏ ਗਏ ਲੋਕਾਂ ਵਿਰੁੱਧ ਢੁਕਵੀਂ ਅਨੁਸ਼ਾਸਨੀ ਅਤੇ ਕਾਨੂੰਨੀ ਕਾਰਵਾਈ ਕਰੇ। ਇਸ ਤੋਂ ਇਲਾਵਾ ਪਾਕਿਸਤਾਨੀ ਸਰਕਾਰ ਨੂੰ ਜਾਂਚ ਦੇ ਨਤੀਜਿਆਂ ਅਤੇ ਕੀਤੀ ਗਈ ਕਾਰਵਾਈ ਬਾਰੇ ਰਸਮੀ ਤੌਰ ‘ਤੇ ਸੂਚਿਤ ਕਰੇ।












