ਦੇਹਰਾਦੂਨ 3 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਮੌਨਸੂਨ ਦੀ ਵਾਪਸੀ ਦੇ ਨਾਲ, ਉੱਤਰਾਖੰਡ ਵਿੱਚ ਚਾਰ ਧਾਮ ਯਾਤਰਾ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਹੈ। ਲੰਮੇ ਵੀਕਐਂਡ ਦੌਰਾਨ ਸੈਲਾਨੀਆਂ ਦੀ ਵਧੀ ਗਿਣਤੀ ਕਰਕੇ ਸੜਕਾਂ ‘ਤੇ ਟਰੈਫਿਕ ਜਾਮ ਲੱਗ ਰਹੇ ਹਨ।
ਮੌਸਮ ਵਿੱਚ ਸੁਧਾਰ ਤੋਂ ਬਾਅਦ, ਪਹਾੜੀ ਸੂਬੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋਇਆ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, ਸ਼ੁੱਕਰਵਾਰ ਨੂੰ 39,567 ਸ਼ਰਧਾਲੂਆਂ ਨੇ ਚਾਰ ਧਾਮ ਅਤੇ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ, ਜੋ ਪਿਛਲੇ ਦਿਨਾਂ ਦੇ ਮੁਕਾਬਲੇ ਬਹੁਤ ਵੱਡਾ ਵਾਧਾ ਹੈ।ਅੰਕੜੇ ਦੱਸਦੇ ਹਨ ਕਿ ਸ਼ੁੱਕਰਵਾਰ ਨੂੰ ਕੇਦਾਰਨਾਥ ਵਿੱਚ ਸਭ ਤੋਂ ਵੱਧ ਸ਼ਰਧਾਲੂ ਪਹੁੰਚੇ, ਜਿਨ੍ਹਾਂ ਦੀ ਗਿਣਤੀ 12,844 ਸੀ। ਇਸ ਤੋਂ ਬਾਅਦ 10,708 ਸ਼ਰਧਾਲੂਆਂ ਨੇ ਗੰਗੋਤਰੀ, 7,582 ਨੇ ਬਦਰੀਨਾਥ ਅਤੇ 6,121 ਨੇ ਯਮੁਨੋਤਰੀ ਧਾਮ ਦੇ ਦਰਸ਼ਨ ਕੀਤੇ। ਇਸ ਤੋਂ ਇਲਾਵਾ, 2,312 ਸ਼ਰਧਾਲੂ ਹੇਮਕੁੰਟ ਸਾਹਿਬ ਪਹੁੰਚੇ। ਵੀਰਵਾਰ ਨੂੰ ਵੀ ਭਾਰੀ ਭੀੜ ਦੇਖਣ ਨੂੰ ਮਿਲੀ, ਜਿਸ ਵਿੱਚ 42,002 ਸ਼ਰਧਾਲੂਆਂ ਨੇ ਚਾਰ ਧਾਮ ਅਤੇ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ।ਸ਼ੁੱਕਰਵਾਰ ਨੂੰ ਗਾਂਧੀ ਜਯੰਤੀ ਦੀ ਛੁੱਟੀ ਹੋਣ ਕਾਰਨ, ਲੰਮੇ ਵੀਕਐਂਡ ਕਰਕੇ ਸੂਬੇ ਭਰ ਦੇ ਹੋਰ ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ ‘ਤੇ ਵੀ ਭਾਰੀ ਭੀੜ ਦੇਖੀ ਗਈ ਹੈ, ਜਿਸ ਨਾਲ ਪ੍ਰਮੁੱਖ ਰਾਜਮਾਰਗਾਂ ਅਤੇ ਹੋਰ ਸੜਕਾਂ ‘ਤੇ ਟਰੈਫਿਕ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਚਾਰ ਧਾਮ ਦੇ ਨਾਲ ਹੀ ਮਸੂਰੀ, ਹਰਿਦੁਆਰ, ਰਿਸ਼ੀਕੇਸ਼ ਅਤੇ ਨੈਨੀਤਾਲ ਦੇ ਕੈਂਚੀ ਧਾਮ, ਮੁਕਤੇਸ਼ਵਰ ਅਤੇ ਭੀਮਤਾਲ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਸੈਲਾਨੀਆਂ ਦੇ ਆਉਣ ਕਾਰਨ ਕਈ ਥਾਵਾਂ ‘ਤੇ ਭਾਰੀ ਟਰੈਫਿਕ ਜਾਮ ਲੱਗ ਗਿਆ।
ਵੱਖ-ਵੱਖ ਥਾਵਾਂ ‘ਤੇ, ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਚਾਰ ਤੋਂ ਪੰਜ ਘੰਟੇ ਤੱਕ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਤੋਂ ਬਾਅਦ ਟਰੈਫਿਕ ਨੂੰ ਸੰਭਾਲਣ ਲਈ ਵਾਧੂ ਪੁਲੀਸ ਬਲ ਤਾਇਨਾਤ ਕੀਤੇ ਗਏ ਸਨ।
ਨੈਨੀਤਾਲ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲੀਸ (ਐੱਸ ਐੱਸ ਪੀ) ਮੰਜੂਨਾਥ ਟੀਸੀ ਨੇ ਕਿਹਾ ਕਿ ਟਰੈਫਿਕ ਨੂੰ ਕੰਟਰੋਲ ਕਰਨ ਲਈ ਢੁਕਵੇਂ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਕਈ ਥਾਵਾਂ ‘ਤੇ ਆਵਾਜਾਈ ਨੂੰ ਮੋੜ ਕੇ (ਡਾਇਵਰਟ ਕਰਕੇ) ਟਰੈਫਿਕ ਦੀ ਰਫ਼ਤਾਰ ਨੂੰ ਠੀਕ ਕਰਨ ਦੇ ਯਤਨ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਕੈਂਚੀ ਧਾਮ ਵਿਖੇ ਪਹੁੰਚ ਰਹੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਮੱਦੇਨਜ਼ਰ ਟਰੈਫਿਕ ਰੂਟ ਬਦਲ ਦਿੱਤੇ ਗਏ ਹਨ। ਸ਼ਰਧਾਲੂਆਂ ਨੂੰ ਸ਼ਟਲ ਵਾਹਨਾਂ ਰਾਹੀਂ ਕੈਂਚੀ ਧਾਮ ਲਿਜਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਲਈ ਇੱਕ ਤੈਅ ਕੀਤੀ ਕਤਾਰ ਵਿੱਚ ਦਰਸ਼ਨ ਕਰਨ ਦੇ ਪ੍ਰਬੰਧ ਕੀਤੇ ਗਏ ਹਨ।
ਦੇਹਰਾਦੂਨ ਅਤੇ ਮਸੂਰੀ ਵਿੱਚ ਵੀ ਸੈਲਾਨੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਘੰਟਿਆਂਬੱਧੀ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਹਰਾਦੂਨ ਤੋਂ ਮਸੂਰੀ ਦਾ ਸਫ਼ਰ, ਜਿਸ ਵਿੱਚ ਆਮ ਤੌਰ ‘ਤੇ ਇੱਕ ਤੋਂ ਡੇਢ ਘੰਟਾ ਲੱਗਦਾ ਹੈ, ਹੁਣ ਤਿੰਨ ਤੋਂ ਚਾਰ ਘੰਟੇ ਲੈ ਰਿਹਾ ਹੈ।












