ਨਵੀਂ ਦਿੱਲੀ, 4 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਬਾਲੀਵੁੱਡ ਅਦਾਕਾਰ ਸੰਜੇ ਦੱਤ ਦਾ ਕਿਰਦਾਰ ‘ਮੁੰਨਾਭਾਈ’ ਅੱਜ ਵੀ ਦਰਸ਼ਕਾਂ ਵਿੱਚ ਕਾਫ਼ੀ ਮਕਬੂਲ ਹੈ। ਹਾਲ ਹੀ ਵਿੱਚ ਸੰਜੇ ਦੱਤ ਸ਼ੇਖਰ ਸੁਮਨ ਦੇ ਸ਼ੋਅ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਮੁੰਨਾਭਾਈ ਦੇ ਅੰਦਾਜ਼ ਵਿੱਚ ਭਾਸ਼ਣ ਦਿੱਤਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇ ਮੁੰਨਾਭਾਈ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਅਤੇ ਦੁਨੀਆ ਦੇ ਹਿੱਤ ਵਿੱਚ ਕੀ ਫ਼ੈਸਲੇ ਲੈਂਦੇ, ਤਾਂ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਖ਼ਾਸ ਸੁਨੇਹਾ ਦਿੱਤਾ।
ਮੁੰਨਾਭਾਈ ਦੇ ਅੰਦਾਜ਼ ਵਿੱਚ ਸੰਜੇ ਦੱਤ ਨੇ ਕਿਹਾ ਕਿ ਟਰੰਪ ਦੁਨੀਆ ਭਰ ਵਿੱਚ ਤਣਾਅ ਵਧਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਅਮਰੀਕਾ ਜਾ ਕੇ ਟਰੰਪ ਨੂੰ ਪਿਆਰ ਨਾਲ ਸਮਝਾਉਣਗੇ ਕਿ ਦੂਜੇ ਦੇਸ਼ਾਂ ’ਤੇ ਹਮਲੇ ਕਰਨ ਨਾਲ ਦੁਨੀਆ ਵਿੱਚ ਸ਼ਾਂਤੀ ਨਹੀਂ ਆ ਸਕਦੀ। ਉਨ੍ਹਾਂ ਕਿਹਾ, “ਜੇ ਤੁਸੀਂ ਇੱਕ ਦੇਸ਼ ’ਤੇ ਹਮਲਾ ਕਰੋਗੇ ਤਾਂ ਤੁਹਾਨੂੰ ਦੇਖ ਕੇ ਦੂਜਾ ਦੇਸ਼ ਤੀਜੇ ’ਤੇ ਹਮਲਾ ਕਰੇਗਾ। ਫਿਰ ਸਾਰੇ ਮਿਲ ਕੇ ‘ਵਰਲਡ ਪੀਸ’ ਕਹਿਣਗੇ। ਇੰਨਾ ਲਫੜਾ ਕਰਨ ਤੋਂ ਬਾਅਦ ਸ਼ਾਂਤੀ ਕਿੱਥੋਂ ਆਵੇਗੀ ? ਸ਼ਾਂਤੀ ਪਿਆਰ ਨਾਲ ਆਉਂਦੀ ਹੈ ਅਤੇ ਪਿਆਰ ਗਾਂਧੀਗਿਰੀ ਨਾਲ।”
ਸੰਜੇ ਦੱਤ ਨੇ ਟਰੰਪ ਨੂੰ ਸਲਾਹ ਦਿੱਤੀ ਕਿ ਦੁਨੀਆ ਵਿੱਚ ਪਹਿਲਾਂ ਹੀ ਬਹੁਤ ਮਿਜ਼ਾਈਲਾਂ ਹਨ, ਹੁਣ ਪਿਆਰ ਵੀ ਫੈਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਮਿਜ਼ਾਈਲ ਭੇਜਣ ਦਾ ਮਨ ਕਰੇ ਤਾਂ ਪਹਿਲਾਂ ਇੱਕ ਵੱਡਾ ਗੁਲਦਸਤਾ ਭੇਜੋ। ਕਿਸੇ ਨੂੰ ਧਮਕੀ ਦੇਣ ਦੀ ਬਜਾਏ ਉਸ ਨੂੰ ਫ਼ੋਨ ਕਰਕੇ ਘਰ ਬੁਲਾਓ ਅਤੇ ਚਾਹ ਪੀਂਦਿਆਂ ਉਸ ਦੀ ਗੱਲ ਸੁਣੋ। ਟਰੰਪ ਵੱਲੋਂ ਲਗਾਏ ਜਾਂਦੇ ਟੈਰਿਫਾਂ ’ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਟੈਰਿਫ ਲਗਾਉਣ ਦੀ ਬਜਾਏ ਲੋਕਾਂ ਦੀ ਤਾਰੀਫ਼ ਕਰਨੀ ਸ਼ੁਰੂ ਕਰੋ। ਇਸ ਨਾਲ ਦਿਲ ਨੂੰ ਸਕੂਨ ਮਿਲੇਗਾ। ਅਖੀਰ ਵਿੱਚ ਉਨ੍ਹਾਂ ਨੇ ਮੁੰਨਾਭਾਈ ਦੇ ਅੰਦਾਜ਼ ਵਿੱਚ ਕਿਹਾ ਕਿ ਉਹ ਟਰੰਪ ਨੂੰ ‘ਜਾਦੂ ਕੀ ਝੱਪੀ’ ਦੇਣ ਲਈ ਅਮਰੀਕਾ ਆ ਰਹੇ ਹਨ।












