ਵ੍ਰਿੰਦਾਵਨ, 7 ਅਕਤੂਬਰ, ਬੋਲੇ ਪੰਜਾਬ ਬਿਊਰੋ :
ਵ੍ਰਿੰਦਾਵਨ ਦੇ ਚੈਤਨਯ ਵਿਹਾਰ ਸੈਕਟਰ-2 ਸਥਿਤ ਪਾਣਿਨੀ ਸੰਸਕ੍ਰਿਤ ਗੁਰੂਕੁਲਮ ਦੇ ਚਾਰ ਵਿਦਿਆਰਥੀ ਪਾਣੀ ਦੀ ਟੈਂਕੀ ਨੂੰ ਸਾਫ਼ ਕਰਨ ਲਈ ਅੰਦਰ ਉਤਰਨ ਤੋਂ ਬਾਅਦ ਫ਼ੌਤ ਹੋ ਗਏ। ਟੈਂਕੀ ਵਿੱਚ ਜਮ੍ਹਾਂ ਹੋਈ ਜ਼ਹਿਰੀਲੀ ਗੈਸ ਕਾਰਨ ਵਿਦਿਆਰਥੀਆਂ – ਮਨੂ ਕਟਾਰੇ (22), ਵਿਸ਼ੂ ਸ਼ਰਮਾ (19), ਆਰੀਅਨ ਪਾਂਡੇ (16) ਅਤੇ 17 ਸਾਲਾ ਦੇਵਾਂਸ਼ ਸ਼ਰਮਾ – ਦੀ ਮੌਤ ਹੋ ਗਈ, ਜਦਕਿ ਰੁਦਰਾਕਸ਼ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਇਸ ਘਟਨਾ ਤੋਂ ਬਾਅਦ ਗੁਰੂਕੁਲਮ ਦਾ ਸੰਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਵਿਦਿਆਰਥੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਘਟਨਾ ਮੰਗਲਵਾਰ ਰਾਤ ਕਰੀਬ 10 ਵਜੇ ਵਾਪਰੀ।
ਇੱਕ ਸਾਲ ਪਹਿਲਾਂ ਤੱਕ, ਜਿੱਥੇ ਹੁਣ ਪਾਣਿਨੀ ਸੰਸਕ੍ਰਿਤ ਗੁਰੂਕੁਲਮ ਸਥਿਤ ਹੈ, ਉੱਥੇ ‘ਉਮਾ ਕਮਲਾ’ ਨਾਮਕ ਇੱਕ ਗੈਸਟ ਹਾਊਸ ਚੱਲਦਾ ਸੀ। ਆਸ਼ੀਸ਼ ਸ਼ਰਮਾ ਨੇ ਜ਼ਮੀਨ ਕਿਰਾਏ ‘ਤੇ ਲਈ ਅਤੇ ਗੁਰੂਕੁਲਮ ਚਲਾਉਣਾ ਸ਼ੁਰੂ ਕੀਤਾ। ਇਸ ਦੇ ਪਿਛਲੇ ਪਾਸੇ ਲਗਭਗ 12 ਫੁੱਟ ਡੂੰਘੀ ਪਾਣੀ ਦੀ ਟੈਂਕੀ ਬਣੀ ਹੋਈ ਹੈ; ਗੁਰੂਕੁਲਮ ਦੇ ਸ਼ੁਰੂ ਹੋਣ ਤੋਂ ਬਾਅਦ ਇਹ ਟੈਂਕੀ ਵਰਤੋਂ ਵਿੱਚ ਨਹੀਂ ਸੀ ਆਈ। ਗੁਰੂਕੁਲਮ ਵਿੱਚ 200 ਤੋਂ ਵੱਧ ਵਿਦਿਆਰਥੀ ਸੰਸਕ੍ਰਿਤ ਦੀ ਪੜ੍ਹਾਈ ਕਰਦੇ ਹਨ ਅਤੇ ਇਸ ਸਮੇਂ 100 ਵਿਦਿਆਰਥੀ ਇੱਥੇ ਹੀ ਰਹਿ ਰਹੇ ਹਨ। ਇਹ ਸੰਸਥਾ 6ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਕਲਾਸਾਂ ਚਲਾਉਂਦੀ ਹੈ।












