ਚੰਡੀਗੜ੍ਹ, 8 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਨਗਰ ਨਿਗਮ ਚੰਡੀਗੜ੍ਹ ਵਿੱਚ ਜੇਸੀਬੀ-ਟਿੱਪਰ ਦਾ ਕੰਮ ਕਰਨ ਵਾਲੇ ਠੇਕੇਦਾਰ ਤੋਂ ਕਥਿਤ 14 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਸੈਨੇਟਰੀ ਇੰਸਪੈਕਟਰ ਸ਼ਕਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਹੋਰ MC ਅਧਿਕਾਰੀ ਵੀ CBI ਦੀ ਜਾਂਚ ਦੇ ਘੇਰੇ ਵਿੱਚ ਆ ਸਕਦੇ ਹਨ। CBI ਵੱਲੋਂ ਦਰਜ FIR ਮੁਤਾਬਕ, ਸੈਨੇਟਰੀ ਇੰਸਪੈਕਟਰ ਸ਼ਕਤੀ ’ਤੇ ਜੁਲਾਈ 2025 ਤੋਂ ਠੇਕੇਦਾਰ ਤੋਂ ਹਰ ਮਹੀਨੇ 1 ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗਣ ਦੇ ਦੋਸ਼ ਹਨ। ਸ਼ਿਕਾਇਤ ਮੁਤਾਬਕ ਪੁਰਾਣੇ ਬਿੱਲਾਂ ਦੀ ਅਦਾਇਗੀ ਅਤੇ ਆਉਣ ਵਾਲੇ ਬਿੱਲ ਪਾਸ ਕਰਵਾਉਣ ਲਈ ਵੀ ਰਕਮ ਮੰਗੀ ਗਈ।
ਠੇਕੇਦਾਰ ਨੇ ਕਥਿਤ ਤੌਰ ’ਤੇ ਇਸ ਮਾਮਲੇ ਸਬੰਧੀ MC ਦੇ ਜੁਆਇੰਟ ਕਮਿਸ਼ਨਰ ਬਲਬੀਰ ਰਾਜ ਸਿੰਘ ਅਤੇ SAS/ਅਕਾਊਂਟ ਸੈਕਸ਼ਨ ਦੇ ਸੰਦੀਪ ਸੇਠੀ ਨਾਲ ਵੀ ਸੰਪਰਕ ਕੀਤਾ ਸੀ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸ ਨੂੰ ਕਥਿਤ ਤੌਰ ’ਤੇ ਰਿਸ਼ਵਤ ਦੇਣ ਲਈ ਕਿਹਾ ਗਿਆ ਅਤੇ ਅਜਿਹਾ ਨਾ ਕਰਨ ’ਤੇ ਆਉਣ ਵਾਲੀਆਂ ਅਦਾਇਗੀਆਂ ਰੋਕਣ ਜਾਂ ਟੈਂਡਰ ਰੱਦ ਕਰਨ ਦੀ ਗੱਲ ਕਹੀ ਗਈ।
CBI ਨੇ ਸ਼ਿਕਾਇਤ ਅਤੇ 7 ਅਕਤੂਬਰ 2026 ਦੀ ਵੈਰੀਫਿਕੇਸ਼ਨ ਰਿਪੋਰਟ ਦੇ ਆਧਾਰ ’ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ FIR ਦਰਜ ਕੀਤੀ ਹੈ। FIR ਵਿੱਚ ਮੁਲਜ਼ਮ ਵਜੋਂ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸ਼ਕਤੀ ਦਾ ਨਾਮ ਦਰਜ ਹੈ।
CBI ਨੇ FIR ਵਿੱਚ ਸਪੱਸ਼ਟ ਕੀਤਾ ਹੈ ਕਿ ਜਾਂਚ ਦੌਰਾਨ ਹੋਰ ਨਗਰ ਨਿਗਮ ਅਧਿਕਾਰੀਆਂ ਦੀ ਭੂਮਿਕਾ ਵੀ ਦੇਖੀ ਜਾਵੇਗੀ। ਇਸ ਲਈ ਜਾਂਚ ਅੱਗੇ ਵਧਣ ਨਾਲ ਇਹ ਸਪੱਸ਼ਟ ਹੋਵੇਗਾ ਕਿ ਕਥਿਤ ਰਿਸ਼ਵਤ ਦੀ ਮੰਗ ਅਤੇ ਇਸ ਨਾਲ ਜੁੜੇ ਮਾਮਲੇ ਵਿੱਚ ਹੋਰ ਕਿਸ-ਕਿਸ ਅਧਿਕਾਰੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ।












