ਪਾਰਟੀ ਪ੍ਰਧਾਨ ਪ੍ਰੇਮ ਪਾਲ ਚੌਹਾਨ ਨੇ ਪੰਜ ਉਮੀਦਵਾਰਾਂ ਦਾ ਕੀਤਾ ਐਲਾਨ, ਸਾਰੇ 35 ਵਾਰਡਾਂ ‘ਚ ਉਤਾਰਨਗੇ ਉਮੀਦਵਾਰ
ਬੋਲੇ – ਭਾਜਪਾ ਤੇ ਹੋਰ ਸਿਆਸੀ ਪਾਰਟੀਆਂ ਨੇ ਨਗਰ ਨਿਗਮ ਨੂੰ ਬਣਾਇਆ ਭ੍ਰਿਸ਼ਟਾਚਾਰ ਦਾ ਅੱਡਾ
ਚੰਡੀਗੜ੍ਹ, 26 ਅਕਤੂਬਰ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਚੰਡੀਗੜ੍ਹ ਨਗਰ ਨਿਗਮ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੇ ਸੰਕਲਪ ਨਾਲ ‘ਆਪਕੀ ਆਵਾਜ਼ ਪਾਰਟੀ’ ਨਗਰ ਨਿਗਮ ਚੋਣਾਂ ‘ਚ ਉਤਰੇਗੀ। ਇਹ ਕਹਿਣਾ ਹੈ ਪਾਰਟੀ ਪ੍ਰਧਾਨ ਪ੍ਰੇਮ ਪਾਲ ਚੌਹਾਨ ਦਾ। ਉਨ੍ਹਾਂ ਨੇ ਭਾਜਪਾ ਅਤੇ ਹੋਰ ਸਿਆਸੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਇਹਨਾਂ ਦਲਾਂ ਨੇ ਚੰਡੀਗੜ੍ਹ ਨਗਰ ਨਿਗਮ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਹਿੱਤਾਂ ਦੀ ਥਾਂ ਸਿਆਸੀ ਦਲਾਂ ਨੇ ਆਪਣੇ ਹਿੱਤਾਂ ਨੂੰ ਪਹਿਲ ਦਿੱਤੀ ਹੈ। ‘ਆਪਕੀ ਆਵਾਜ਼ ਪਾਰਟੀ’ ਇਸ ਵਿਵਸਥਾ ਨੂੰ ਬਦਲਣ ਅਤੇ ਨਗਰ ਨਿਗਮ ‘ਚ ਪਾਰਦਰਸ਼ਤਾ ਲਿਆਉਣ ਦੇ ਮੁੱਦੇ ‘ਤੇ ਚੋਣ ਲੜੇਗੀ।
ਸੋਮਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਨੇ ਸਾਰੇ 35 ਵਾਰਡਾਂ ਵਿੱਚ ਚੋਣ ਲੜਨ ਦਾ ਐਲਾਨ ਕੀਤਾ। ਇਸ ਦੌਰਾਨ ਪੰਜ ਉਮੀਦਵਾਰਾਂ ਦੇ ਨਾਮ ਵੀ ਘੋਸ਼ਿਤ ਕੀਤੇ ਗਏ।
ਪ੍ਰੇਮ ਪਾਲ ਚੌਹਾਨ ਨੇ ਕਿਹਾ ਕਿ ਨਗਰ ਨਿਗਮ ‘ਚ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਉਣਾ ਅਤੇ ਆਮ ਜਨਤਾ ਦੇ ਹਿੱਤਾਂ ਦੀ ਰਾਖੀ ਕਰਨਾ ਪਾਰਟੀ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਅਜਿਹੀ ਵਿਵਸਥਾ ਮਿਲਣੀ ਚਾਹੀਦੀ ਹੈ, ਜਿਸ ਵਿੱਚ ਉਨ੍ਹਾਂ ਦੇ ਟੈਕਸ ਦਾ ਪੈਸਾ ਲੋਕ ਹਿੱਤ ਦੇ ਕੰਮਾਂ ‘ਤੇ ਖਰਚ ਹੋਵੇ ਅਤੇ ਵਿਕਾਸ ਕਾਰਜਾਂ ਵਿੱਚ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ। ਪਾਰਟੀ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਜਨਤਾ ਵਿੱਚ ਜਾਵੇਗੀ ਅਤੇ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਵਿੱਚ ਬਦਲਾਅ ਲਈ ਆਵਾਜ਼ ਉਠਾਏਗੀ।
ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਵੀ ਚੋਣਾਂ ਵਿੱਚ ਮੁੱਖ ਤੌਰ ‘ਤੇ ਉਠਾਇਆ ਜਾਵੇਗਾ। ਇਹਨਾਂ ਵਿੱਚ ਸੜਕਾਂ ਦੀ ਖਰਾਬ ਹਾਲਤ, ਅਵਾਰਾ ਪਸ਼ੂਆਂ ਦੀ ਸਮੱਸਿਆ, ਕਾਨੂੰਨ-ਵਿਵਸਥਾ ਨਾਲ ਜੁੜੀਆਂ ਚਿੰਤਾਵਾਂ ਅਤੇ ਬਿਜਲੀ-ਪਾਣੀ ਦੀਆਂ ਦਿੱਕਤਾਂ ਸ਼ਾਮਲ ਹਨ। ਪਾਰਟੀ ਦਾ ਕਹਿਣਾ ਹੈ ਕਿ ਨਗਰ ਨਿਗਮ ਦੀ ਜ਼ਿੰਮੇਵਾਰੀ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਉਪਲਬਧ ਕਰਵਾਉਣਾ ਹੈ ਅਤੇ ਇਸ ਲਈ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
ਆਪਕੀ ਆਵਾਜ਼ ਪਾਰਟੀ ਨੇ ਨਗਰ ਨਿਗਮ ਚੋਣਾਂ ਲਈ ਪੰਜ ਵਾਰਡਾਂ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਹੈ। ਇਹਨਾਂ ਵਿੱਚ ਵਾਰਡ-13 ਤੋਂ ਰੋਹਿਤ ਕੁਮਾਰ, ਵਾਰਡ-14 ਤੋਂ ਸ਼ਾਹਨੂਰ ਚੌਧਰੀ, ਵਾਰਡ-15 ਤੋਂ ਪ੍ਰੇਮ ਪਾਲ ਚੌਹਾਨ, ਵਾਰਡ-29 ਤੋਂ ਜੋਤੀ ਦੱਤ ਅਤੇ ਵਾਰਡ-31 ਤੋਂ ਅਰਪਿਤ ਗੁਪਤਾ ਚੋਣ ਲੜਨਗੇ।
ਪਾਰਟੀ ਪ੍ਰਧਾਨ ਨੇ ਕਿਹਾ ਕਿ ਸਾਰੇ 35 ਵਾਰਡਾਂ ਵਿੱਚ ਉਮੀਦਵਾਰ ਉਤਾਰ ਕੇ ਚੋਣ ਲੜੀ ਜਾਵੇਗੀ। ਬਾਕੀ ਵਾਰਡਾਂ ਦੇ ਉਮੀਦਵਾਰਾਂ ਦੇ ਨਾਮ ਵੀ ਅੱਗੇ ਘੋਸ਼ਿਤ ਕੀਤੇ ਜਾਣਗੇ। ਪਾਰਟੀ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਅਤੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਆਪਣਾ ਮੁੱਖ ਚੋਣ ਏਜੰਡਾ ਬਣਾ ਕੇ ਜਨਤਾ ਵਿੱਚ ਜਾਵੇਗੀ।












