ਨਵੀਂ ਦਿਲੀ 31 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਦਿੱਲੀ ਵਿੱਚ ਆਪਣੇ ਕੰਸਰਟ ਨਾਲ ਭਾਰਤ ਵਿੱਚ ‘ਔਰਾ ਟੂਰ’ ਦੇ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਹੋਇਆ ਇਹ ਹਾਊਸਫੁੱਲ ਕੰਸਰਟ ਸਖ਼ਤ ਸੁਰੱਖਿਆ ਹੇਠ ਨੇਪਰੇ ਚੜ੍ਹਿਆ। ਦੋਸਾਂਝ ਨੇ ਪ੍ਰਸ਼ੰਸਕਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ 20 ਦਸੰਬਰ ਤੱਕ ਪੂਰੇ ਭਾਰਤ ਵਿੱਚ ਸ਼ੋਅ ਕਰਨਾ ਜਾਰੀ ਰੱਖਣਗੇ।
ਇਸ ਦੌਰਾਨ ਸੰਗੀਤ ਦੇ ਵਿਚਕਾਰ ਗਾਇਕ ਨੇ ਆਪਣੇ ਆਲੋਚਕਾਂ ਨੂੰ ਇੱਕ ਸੁਨੇਹਾ ਵੀ ਦਿੱਤਾ ਅਤੇ ਕਿਹਾ, “ਪੰਜਾਬੀਆਂ ਨੂੰ ਲੜਾਈਆਂ ਲੜਨੀਆਂ ਨਾ ਸਿਖਾਓ।”ਉਨ੍ਹਾਂ ਦਰਸ਼ਕਾਂ ਨੂੰ ਕਿਹਾ, “ਇਹ ਸਾਡਾ ਪਹਿਲਾ ਸ਼ੋਅ ਸੀ। ਮੈਨੂੰ ਰੋਕਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰ ਮੈਂ 20 ਦਸੰਬਰ ਤੱਕ ਇੱਥੇ ਭਾਰਤ ਵਿੱਚ ਹੀ ਹਾਂ। ਬਾਕੀ ਸ਼ੋਅ ਲਾਈਵ ਹੋਣਗੇ। ਪਰ ਮੈਂ ਇੱਕ ਵੱਡਾ ਧੰਨਵਾਦ ਕਰਨਾ ਚਾਹੁੰਦਾ ਹਾਂ।”ਦਿੱਲੀ ਪੁਲੀਸ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਦੀਆਂ ਵਚਨਬੱਧਤਾਵਾਂ ਦਾ ਹਵਾਲਾ ਦਿੰਦਿਆਂ ਸ਼ੁਰੂ ਵਿੱਚ ਇਜਾਜ਼ਤ ਰੋਕਣ ਤੋਂ ਬਾਅਦ ਦਿੱਲੀ ਸ਼ੋਅ ‘ਤੇ ਅਨਿਸ਼ਚਿਤਤਾ ਦੇ ਬਾਦਲ ਛਾਏ ਹੋਏ ਸਨ।
ਹਾਲਾਂਕਿ ਮਾਰਕੀਟਿੰਗ ਓਰਗਨਾਈਜ਼ਰਜ਼, ਬੁੱਕਮਾਈਸ਼ੋਅ ਲਾਈਵ ਵੱਲੋਂ ਇੱਕ ਵਿਸਥਾਰਪੂਰਵਕ ਸੁਰੱਖਿਆ, ਟਰੈਫਿਕ ਅਤੇ ਭੀੜ-ਪ੍ਰਬੰਧਨ ਯੋਜਨਾ ਜਮ੍ਹਾਂ ਕਰਵਾਉਣ ਅਤੇ ਪੁਲੀਸ ਨੂੰ ਇਸ ਦੀਆਂ ਲੋੜਾਂ ਦੀ ਪਾਲਣਾ ਕਰਨ ਦਾ ਭਰੋਸਾ ਦਿਵਾਉਣ ਤੋਂ ਬਾਅਦ ਮਨਜ਼ੂਰੀ ‘ਤੇ ਦੁਬਾਰਾ ਵਿਚਾਰ ਕੀਤਾ ਗਿਆ ਅਤੇ ਇਜਾਜ਼ਤ ਦਿੱਤੀ ਗਈ।
ਪੇਸ਼ਕਾਰੀ ਦੇ ਅੱਧ ਵਿੱਚ ਦੋਸਾਂਝ ਨੇ ਇੱਕ ਸੀਆਰਪੀਐੱਫ (CRPF) ਕਰਮੀ ਨੂੰ ਵੀ ਸਟੇਜ ‘ਤੇ ਬੁਲਾਇਆ ਅਤੇ ਉਨ੍ਹਾਂ ਦੀ ਸੇਵਾ ਲਈ ਧੰਨਵਾਦ ਕੀਤਾ।
ਉਨ੍ਹਾਂ ਅੱਗੇ ਕਿਹਾ, “ਜਦੋਂ ਮੈਂ ਤੁਹਾਨੂੰ ਖੜ੍ਹੇ ਵੇਖਿਆ, ਮੈਂ ਸੋਚਿਆ ਕਿ ਮੇਰੀ ਮਾਂ ਖੜ੍ਹੀ ਹੈ। ਅੱਜ ਮੇਰੀ ਮਾਂ ਨੇ ਮੈਨੂੰ ਫੋਨ ਕੀਤਾ ਅਤੇ ਆਪਣਾ ਖਿਆਲ ਰੱਖਣ ਲਈ ਕਿਹਾ। ਮੈਂ ਉਨ੍ਹਾਂ ਨੂੰ ਕਿਹਾ ਕਿ ਚਿੰਤਾ ਨਾ ਕਰੋ।”
ਇੱਕ ਤੋਂ ਬਾਅਦ ਇੱਕ ਗੀਤ ਪੇਸ਼ ਕਰਨ ਤੋਂ ਬਾਅਦ ਬ੍ਰੇਕ ਲੈਂਦਿਆਂ ਦੋਸਾਂਝ ਨੇ ਆਪਣੇ ਆਲੋਚਕਾਂ ਲਈ ਇੱਕ ਸੁਨੇਹਾ ਸਾਂਝਾ ਕਰਦਿਆਂ ਕਿਹਾ, “ਮੈਂ ਸਾਰਿਆਂ ਨਾਲ ਪਿਆਰ ਕਰਦਾ ਹਾਂ ਕਿਉਂਕਿ ਮੈਂ ਇੱਕ ਕਲਾਕਾਰ ਹਾਂ ਬ੍ਰੋ”। ਇਹ ਕਾਕਰੋਚ ਜਨਤਾ ਪਾਰਟੀ (CJP) ਦੀ ਅਗਵਾਈ ਵਾਲੇ ਵਿਦਿਆਰਥੀ ਰੋਸ ਪ੍ਰਦਰਸ਼ਨ ਤੋਂ ਦੂਰੀ ਬਣਾਉਣ ਲਈ ਉਨ੍ਹਾਂ ਨੂੰ ਮਿਲੀ ਆਲੋਚਨਾ ਦੇ ਜਵਾਬ ਵਿੱਚ ਸੀ।
ਉਨ੍ਹਾਂ ਕਿਹਾ, “ਪੰਜਾਬੀਆਂ ਨੂੰ ਲੜਾਈਆਂ ਲੜਨੀਆਂ ਨਾ ਸਿਖਾਓ। ਜਿਸ ਫਿਲਮ ਦਾ ਤੁਸੀਂ ਸਟੇਜ ‘ਤੇ ਖੜ੍ਹੇ ਹੋ ਕੇ ਮਜ਼ਾਕ ਉਡਾਇਆ — ਜਸਵੰਤ ਸਿੰਘ ਖਾਲੜਾ ਜੀ ਦੀ ਫਿਲਮ (‘ਸਤਲੁਜ’)। ਅਸੀਂ ਉਸ ਫਿਲਮ ਲਈ ਬਹੁਤ ਲੰਬੇ ਸਮੇਂ ਤੱਕ ਲੜਾਈ ਲੜੀ ਹੈ। ਮੈਂ ਚੁੱਪ ਰਹਿੰਦਾ ਹਾਂ, ਮੈਂ ਸਾਰਿਆਂ ਨਾਲ ਪਿਆਰ ਕਰਦਾ ਹਾਂ। ਜੇ ਕੋਈ ਸਾਡੇ ਨਾਲ ਨਫ਼ਰਤ ਕਰਦਾ ਹੈ, ਕੋਈ ਗੱਲ ਨਹੀਂ। ਸਾਡੇ ਵੱਲੋਂ ਸਾਰਿਆਂ ਲਈ ਸਿਰਫ਼ ਪਿਆਰ ਹੀ ਹੈ!”
ਦਿਲਜੀਤ ਦੋਸਾਂਝ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਆਪਣੀ ਫਿਲਮ “ਸਤਲੁਜ” ਦੇ ਵਿਵਾਦ ਦਾ ਹਵਾਲਾ ਦੇ ਰਹੇ ਸਨ। ਲੰਬੀ ਦੇਰੀ ਤੋਂ ਬਾਅਦ, ਇਹ ਫਿਲਮ ਇਸੇ ਸਾਲ ਦੇ ਸ਼ੁਰੂ ਵਿੱਚ ਇੱਕ ਸਟ੍ਰੀਮਿੰਗ ਪਲੇਟਫਾਰਮ ‘ਤੇ ਰਿਲੀਜ਼ ਹੋਈ ਸੀ ਪਰ ਕੁਝ ਹੀ ਦਿਨਾਂ ਵਿੱਚ ਵਾਪਸ ਲੈ ਲਈ ਗਈ ਸੀ।
ਦੋਸਾਂਝ ਦਾ ਔਰਾ ਇੰਡੀਆ ਟੂਰ ਅਗਲੇ ਦੋ ਮਹੀਨਿਆਂ ਦੌਰਾਨ ਹੋਰ ਕਈ ਸ਼ਹਿਰਾਂ ਦਾ ਦੌਰਾ ਕਰੇਗਾ। ਉਹ 15 ਨਵੰਬਰ ਨੂੰ ਇੰਦੌਰ, 21 ਨਵੰਬਰ ਨੂੰ ਅਹਿਮਦਾਬਾਦ, 27 ਨਵੰਬਰ ਨੂੰ ਮੁੰਬਈ, 29 ਨਵੰਬਰ ਨੂੰ ਬੈਂਗਲੁਰੂ ਅਤੇ 5 ਦਸੰਬਰ ਨੂੰ ਲਖਨਊ ਵਿੱਚ ਪੇਸ਼ਕਾਰੀ ਕਰਨ ਵਾਲੇ ਹਨ। ਟੂਰ ਵਿੱਚ 12 ਦਸੰਬਰ ਨੂੰ ਚੰਡੀਗੜ੍ਹ ਅਤੇ 19 ਦਸੰਬਰ ਨੂੰ ਕੋਲਕਾਤਾ ਵਿੱਚ ਵੀ ਸ਼ੋਅ ਸ਼ਾਮਲ ਹੋਣਗੇ।












