ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਮੋਹਾਲੀ ਪੂਰੀ ਤਰ੍ਹਾਂ ਤਿਆਰ

ਖੇਡਾਂ ਪੰਜਾਬ

ਦਰਸ਼ਕਾਂ ਲਈ ਦਾਖ਼ਲਾ ਬਿਲਕੁਲ ਮੁਫ਼ਤ; ਸਟੇਡੀਅਮ ਵਿੱਚ ਲਗਭਗ 13 ਹਜ਼ਾਰ ਹਾਕੀ ਅਤੇ ਖੇਡ ਪ੍ਰੇਮੀਆਂ ਦੇ ਪਹੁੰਚਣ ਦੀ ਉਮੀਦ

ਸੱਭਿਆਚਾਰਕ ਪ੍ਰੋਗਰਾਮ, ਗਾਇਕਾਂ ਦੀਆਂ ਪੇਸ਼ਕਾਰੀਆਂ, ਸਾਡਾ ਪਿੰਡ ਅਤੇ ਫੂਡ ਕੋਰਟ ਹੋਣਗੇ ਵਿਸ਼ੇਸ਼ ਖਿੱਚ ਦਾ ਕੇਂਦਰ

ਖੇਡ ਸਕੱਤਰ ਵਰੁਣ ਰੂਜਮ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਮੇਅਰ ਸਰਬਜੀਤ ਸਿੰਘ ਸਮਾਣਾ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਤਿਆਰੀਆਂ ਦਾ ਜਾਇਜ਼ਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 31 ਅਕਤੂਬਰ,ਬੋਲੇ ਪੰਜਾਬ ਬਿਊਰੋ:

ਮੋਹਾਲੀ ਦੇ ਫੇਜ਼-9 ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ 4 ਅਤੇ 5 ਨਵੰਬਰ ਨੂੰ ਹੋਣ ਵਾਲੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਸ਼ਹਿਰ ਪੂਰੀ ਤਰ੍ਹਾਂ ਤਿਆਰ ਹੈ। ਤਿਆਰੀਆਂ ਲਗਭਗ ਮੁਕੰਮਲ ਹੋਣ ਦੇ ਨਾਲ ਸਟੇਡੀਅਮ ਵਿੱਚ ਕਰੀਬ 13 ਹਜ਼ਾਰ ਹਾਕੀ ਅਤੇ ਖੇਡ ਪ੍ਰੇਮੀਆਂ ਦੇ ਪਹੁੰਚਣ ਦੀ ਉਮੀਦ ਹੈ।

ਖੇਡ ਸਕੱਤਰ ਵਰੁਣ ਰੂਜਮ ਨੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸ਼ਨੀਵਾਰ ਨੂੰ ਸਟੇਡੀਅਮ ਵਿਖੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਤਿਆਰੀਆਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ। ਇਸ ਦੌਰਾਨ ਸਟੇਡੀਅਮ ਦੇ ਬੁਨਿਆਦੀ ਢਾਂਚੇ, ਦਰਸ਼ਕਾਂ ਨਾਲ ਸਬੰਧਤ ਸਹੂਲਤਾਂ, ਸੁਰੱਖਿਆ ਪ੍ਰਬੰਧਾਂ, ਆਵਾਜਾਈ ਪ੍ਰਬੰਧਨ, ਤਕਨੀਕੀ ਲੋੜਾਂ ਅਤੇ ਹੋਰ ਪ੍ਰਬੰਧਕੀ ਪਹਿਲੂਆਂ ਦੀ ਸਮੀਖਿਆ ਕੀਤੀ ਗਈ ਤਾਂ ਜੋ ਮੁਕਾਬਲਿਆਂ ਦਾ ਸੁਚਾਰੂ ਆਯੋਜਨ ਯਕੀਨੀ ਬਣਾਇਆ ਜਾ ਸਕੇ।

ਇਸ ਮੌਕੇ ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਮੀਤ ਪ੍ਰਧਾਨ ਨਿਤਿਨ ਕੋਹਲੀ ਨੇ ਸਮੂਹ ਹਾਕੀ ਅਤੇ ਖੇਡ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਉਹ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਵੱਕਾਰੀ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਰੋਮਾਂਚਕ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਦਾ ਆਨੰਦ ਮਾਣਨ ਅਤੇ ਭਾਗ ਲੈ ਰਹੀਆਂ ਟੀਮਾਂ ਦਾ ਹੌਸਲਾ ਵਧਾਉਣ। ਉਨ੍ਹਾਂ ਕਿਹਾ ਕਿ ਇਹ ਮੌਕਾ ਖੇਡ ਪ੍ਰੇਮੀਆਂ ਨੂੰ ਉੱਚ ਪੱਧਰੀ ਅੰਤਰਰਾਸ਼ਟਰੀ ਹਾਕੀ ਦੇਖਣ ਦੇ ਨਾਲ-ਨਾਲ ਖੇਡ ਭਾਵਨਾ ਅਤੇ ਹਾਕੀ ਪ੍ਰਤੀ ਉਤਸ਼ਾਹ ਭਰਪੂਰ ਜਨੂੰਨ ਦਾ ਜਸ਼ਨ ਮਨਾਉਣ ਦਾ ਵੀ ਮੌਕਾ ਪ੍ਰਦਾਨ ਕਰੇਗਾ।

ਮੇਅਰ ਸਰਬਜੀਤ ਸਿੰਘ ਸਮਾਣਾ ਨੇ ਐਲਾਨ ਕੀਤਾ ਕਿ ਸਟੇਡੀਅਮ ਵਿੱਚ ਸਾਰੇ ਦਰਸ਼ਕਾਂ ਲਈ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ। ਉਨ੍ਹਾਂ ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਟੀਮਾਂ ਦੀ ਹੌਸਲਾ ਅਫ਼ਜ਼ਾਈ ਕਰਨ ਦੀ ਅਪੀਲ ਕੀਤੀ। ਦਰਸ਼ਕ ਆਪਣੀਆਂ ਮੁਫ਼ਤ ਡਿਜੀਟਲ ਦਾਖ਼ਲਾ ਟਿਕਟਾਂ www.ticketgenie.in ਰਾਹੀਂ ਜਾਂ ਅਧਿਕਾਰਤ ਕਿਊ.ਆਰ. ਕੋਡ ਸਕੈਨ ਕਰਕੇ ਰਜਿਸਟ੍ਰੇਸ਼ਨ ਕਰਨ ਅਤੇ ਆਪਣੀ ਪਸੰਦ ਦੇ ਮੈਚ ਚੁਣ ਕੇ ਪ੍ਰਾਪਤ ਕਰ ਸਕਦੇ ਹਨ।

ਮੀਟਿੰਗ ਵਿੱਚ ਡਾ. ਐਸ.ਪੀ. ਆਨੰਦ ਕੁਮਾਰ, ਵਿਸ਼ੇਸ਼ ਸਕੱਤਰ, ਖੇਡ ਵਿਭਾਗ; ਅਭਿਜੀਤ ਕਪਲਿਸ਼, ਡਾਇਰੈਕਟਰ, ਖੇਡ ਵਿਭਾਗ; ਡਿਪਟੀ ਕਮਿਸ਼ਨਰ ਕੋਮਲ ਮਿੱਤਲ; ਐਸ.ਐਸ.ਪੀ. ਵਰੁਣ ਸ਼ਰਮਾ; ਸੰਦੀਪ ਸਿੰਘ ਗਾੜ੍ਹਾ, ਕਮਿਸ਼ਨਰ, ਨਗਰ ਨਿਗਮ ਮੋਹਾਲੀ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਅਧਿਕਾਰੀਆਂ ਨੇ ਸਮੁੱਚੇ ਪ੍ਰਬੰਧਾਂ ਦੀ ਵਿਸਥਾਰ ਨਾਲ ਸਮੀਖਿਆ ਕਰਦਿਆਂ ਸਾਰੇ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਤਾਂ ਜੋ ਖਿਡਾਰੀਆਂ, ਦਰਸ਼ਕਾਂ ਅਤੇ ਆਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਹੋਣਗੇ ਵਿਸ਼ੇਸ਼ ਖਿੱਚ

ਮੈਦਾਨ ਵਿੱਚ ਹੋਣ ਵਾਲੇ ਰੋਮਾਂਚਕ ਹਾਕੀ ਮੁਕਾਬਲਿਆਂ ਤੋਂ ਇਲਾਵਾ ਦਰਸ਼ਕਾਂ ਲਈ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਪ੍ਰਸਿੱਧ ਗਾਇਕਾਂ ਦੀਆਂ ਪੇਸ਼ਕਾਰੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ‘ਸਾਡਾ ਪਿੰਡ’ ਅਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਵਾਲੀ ਫੂਡ ਕੋਰਟ ਵੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ।

ਇਨ੍ਹਾਂ ਪ੍ਰਬੰਧਾਂ ਦਾ ਮਕਸਦ ਇਸ ਦੋ ਰੋਜ਼ਾ ਖੇਡ ਸਮਾਗਮ ਨੂੰ ਸਿਰਫ਼ ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ਤੱਕ ਸੀਮਤ ਨਾ ਰੱਖਦਿਆਂ ਪੰਜਾਬ ਦੇ ਸੱਭਿਆਚਾਰ, ਮਹਿਮਾਨਨਿਵਾਜ਼ੀ ਅਤੇ ਖੇਡ ਭਾਵਨਾ ਦੇ ਜਸ਼ਨ ਵਜੋਂ ਮਨਾਉਣਾ ਹੈ।

ਮੋਹਾਲੀ ਵਿਖੇ ਮੈਚਾਂ ਦਾ ਸਮਾਂ-ਸਾਰਣੀ

4 ਨਵੰਬਰ, 2026 – ਸੈਮੀਫਾਈਨਲ ਅਤੇ ਵਰਗੀਕਰਨ ਮੁਕਾਬਲੇ

ਦੁਪਹਿਰ 2:00 ਵਜੇ – ਪੂਲ ਵਿੱਚ ਪੰਜਵੇਂ ਸਥਾਨ ਦੀ ਟੀਮ ਬਨਾਮ ਛੇਵੇਂ ਸਥਾਨ ਦੀ ਟੀਮ (ਮੈਚ ਨੰਬਰ 16)

ਸ਼ਾਮ 4:30 ਵਜੇ – ਪਹਿਲਾ ਸੈਮੀਫਾਈਨਲ: ਪੂਲ ਵਿੱਚ ਪਹਿਲੇ ਸਥਾਨ ਦੀ ਟੀਮ ਬਨਾਮ ਚੌਥੇ ਸਥਾਨ ਦੀ ਟੀਮ (ਮੈਚ ਨੰਬਰ 17)

ਸ਼ਾਮ 7:00 ਵਜੇ – ਦੂਜਾ ਸੈਮੀਫਾਈਨਲ: ਪੂਲ ਵਿੱਚ ਦੂਜੇ ਸਥਾਨ ਦੀ ਟੀਮ ਬਨਾਮ ਤੀਜੇ ਸਥਾਨ ਦੀ ਟੀਮ (ਮੈਚ ਨੰਬਰ 18)

5 ਨਵੰਬਰ, 2026 – ਤਮਗਾ ਮੁਕਾਬਲੇ

  • ਸ਼ਾਮ 4:30 ਵਜੇ – ਕਾਂਸੀ ਤਮਗੇ ਲਈ ਮੁਕਾਬਲਾ: ਮੈਚ ਨੰਬਰ 17 ਅਤੇ 18 ਵਿੱਚ ਹਾਰਨ ਵਾਲੀਆਂ ਟੀਮਾਂ ਵਿਚਕਾਰ
  • ਸ਼ਾਮ 7:00 ਵਜੇ – ਸੋਨ ਤਮਗੇ ਲਈ ਫਾਈਨਲ: ਮੈਚ ਨੰਬਰ 17 ਅਤੇ 18 ਵਿੱਚ ਜਿੱਤਣ ਵਾਲੀਆਂ ਟੀਮਾਂ ਵਿਚਕਾਰ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਮੁਫ਼ਤ ਦਾਖ਼ਲੇ, ਉੱਚ ਪੱਧਰੀ ਹਾਕੀ ਮੁਕਾਬਲਿਆਂ, ਸੱਭਿਆਚਾਰਕ ਪੇਸ਼ਕਾਰੀਆਂ, ਪੰਜਾਬੀ ਵਿਰਾਸਤ ਨਾਲ ਜੁੜੀਆਂ ਵਿਸ਼ੇਸ਼ ਖਿੱਚਾਂ ਅਤੇ ਵੱਖ-ਵੱਖ ਪਕਵਾਨਾਂ ਦੇ ਪ੍ਰਬੰਧਾਂ ਨਾਲ ਮੋਹਾਲੀ 4 ਅਤੇ 5 ਨਵੰਬਰ ਨੂੰ ਹਾਕੀ ਤੇ ਖੇਡ ਪ੍ਰੇਮੀਆਂ ਲਈ ਯਾਦਗਾਰੀ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਹੈ। ਉਨ੍ਹਾਂ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਸ਼ਾਨਦਾਰ ਅੰਤਰਰਾਸ਼ਟਰੀ ਖੇਡ ਸਮਾਗਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।