ਸ੍ਰੀ ਆਨੰਦਪੁਰ ਸਾਹਿਬ 2 ਨਵੰਬਰ ,ਬੋਲੇ ਪੰਜਾਬ ਬਿਊਰੋ;
ਸ੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਮਾਰਗ ’ਤੇ ਪਿੰਡ ਬੋੜਾ ਵਿਚ ਅੱਜ ਸ਼ਾਮ ਪਰਾਲੀ ਨਾਲ ਲੱਦੇ ਇਕ ਕੈਂਟਰ ਨੂੰ ਅੱਗ ਲੱਗਣ ਕਾਰਨ ਕੈਂਟਰ ਨੁਕਸਾਨਿਆ ਗਿਆ, ਜਦਕਿ ਇਸ ਦਾ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਗੁਰਚਰਨ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਪਰਾਲੀ ਦੀਆਂ ਗੰਢਾਂ ਨਾਲ ਲੱਦਿਆ ਕੈਂਟਰ ਜਦੋਂ ਮੁੱਖ ਸੜਕ ’ਤੇ ਇਕ ਪਲਾਟ ਵਿੱਚ ਦਾਖ਼ਲ ਹੋ ਰਿਹਾ ਸੀ ਤਾਂ ਇਸ ਦੀਆਂ ਕੁਝ ਗੰਢਾਂ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਈਆਂ। ਇਨ੍ਹਾਂ ਗੰਢਾਂ ਨੂੰ ਕੱਢਣ ਲਈ ਚਾਲਕ ਗੁਰਚਰਨ ਸਿੰਘ ਕੈਂਟਰ ਦੀ ਛੱਤ ’ਤੇ ਚੜ੍ਹ ਗਿਆ ਅਤੇ ਇਸ ਦੌਰਾਨ ਉਹ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ।ਇਸੇ ਦੌਰਾਨ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ ਅਤੇ ਕੁਝ ਹੀ ਪਲਾਂ ਵਿੱਚ ਅੱਗ ਨੇ ਪੂਰੇ ਕੈਂਟਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਕਾਰਨ ਕੈਂਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਗੰਭੀਰ ਜ਼ਖ਼ਮੀ ਚਾਲਕ ਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।












