ਫਰੀਦਕੋਟ, 7 ਜੁਲਾਈ, ਬੋਲੇ ਪੰਜਾਬ ਬਿਊਰੋ :
ਪੰਜਾਬ ਤੋਂ ਅਮਰਨਾਥ ਯਾਤਰਾ ‘ਤੇ ਸਾਈਕਲ ਸਵਾਰ ਬਠਿੰਡਾ ਦੇ ਸ਼ਰਧਾਲੂਆਂ ‘ਤੇ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਪਿੰਡ ਚਾਹਿਲ ਨੇੜੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੋ ਮੋਟਰਸਾਈਕਲ ਸਵਾਰਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਨਕਦੀ, ਸਾਮਾਨ ਅਤੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬਠਿੰਡਾ ਦੇ ਪਿੰਡ ਜੀਦਾ ਨਾਲ ਸਬੰਧਤ 22 ਸ਼ਰਧਾਲੂਆਂ ਦਾ ਜਥਾ 11 ਮੋਟਰਸਾਈਕਲਾਂ ’ਤੇ ਅਮਰਨਾਥ ਲਈ ਜਾ ਰਿਹਾ ਸੀ। ਜਦੋਂ ਉਹ ਤੜਕੇ 3 ਵਜੇ ਦੇ ਕਰੀਬ ਫਰੀਦਕੋਟ ਨੇੜੇ ਪਹੁੰਚੇ ਤਾਂ ਪਿੰਡ ਚਹਿਲ ਦੇ ਸੇਮ ਨਾਲੇ ਕੋਲ ਲੁਕੇ ਤਿੰਨ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਮੋਟਰਸਾਈਕਲ ਸਵਾਰਾਂ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਇਕ ਯਾਤਰੀ ਦੀ ਉਂਗਲੀ ਕੱਟੀ ਗਈ ਅਤੇ ਦੂਜੇ ਦੀ ਪੈਰ ਜ਼ਖਮੀ ਹੋ ਗਿਆ।
ਇਸ ਹਮਲੇ ਤੋਂ ਬਾਅਦ ਜਦੋਂ ਦੋਵੇਂ ਯਾਤਰੀ ਆਪਣੀ ਜਾਨ ਬਚਾਉਣ ਲਈ ਖੇਤਾਂ ਵੱਲ ਭੱਜੇ ਤਾਂ ਲੁਟੇਰੇ ਮੋਟਰਸਾਈਕਲ ਸਮੇਤ ਉਨ੍ਹਾਂ ਦਾ ਸਾਮਾਨ ਅਤੇ ਨਕਦੀ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਅੱਗੇ-ਪਿੱਛੇ ਆ ਰਹੇ ਸਨ। ਲੁਟੇਰਿਆਂ ਨੇ ਪਹਿਲਾਂ ਮੋਟਰਸਾਈਕਲ ’ਤੇ ਹਮਲਾ ਕੀਤਾ ਪਰ ਉਹ ਕਿਸੇ ਤਰ੍ਹਾਂ ਬਚ ਗਏ।
ਪਿੱਛੇ ਆ ਰਹੇ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐਸਆਈ ਚਮਕੌਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਕਾਬੂ ਕਰ ਲਿਆ ਜਾਵੇਗਾ।