ਸੰਗਰੂਰ, 2ਫਰਵਰੀ ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿੱਚ ‘ਸਰਕਾਰੀ ਨੌਕਰੀਆਂ’ ਦਾ ਨਾਅਰਾ ਦੇਣ ਵਾਲੇ ਖ਼ਾਮੋਸ਼ ਹਨ ਜਾਂ ਫਿਰ ਜਵਾਨ ਧੀਆਂ ਦਾ ਜੇਰਾ ਦੇਖਿਆ ਜਾ ਰਿਹਾ ਹੈ ਜਿਨ੍ਹਾਂ ਨੇ ਸੰਗਰੂਰ ਦੀ ਜੂਹ ਵਿਚ ਮਸ਼ਾਲ ਬਾਲੀ ਹੈ। ਮਾਮਲਾ ਕੰਪਿਊਟਰ ਅਧਿਆਪਕਾਂ ਦਾ ਜਿੰਨ੍ਹਾਂ ’ਚ ਸ਼ਾਮਲ ਬੀਬੀਆਂ ਆਖਦੀਆਂ ਹਨ ਕਿ ਨੇਤਾ ਕਿਸ ਮਿੱਟੀ ਦੇ ਬਣੇ ਹੋਏ ਹਨ, ਇਹ ਸਮਝ ਤੋਂ ਬਾਹਰ ਹੈ। ਮਾਪਿਆਂ ਨੂੰ ਸੜਕਾਂ ਤੇ ਰੁਲਦੀਆਂ ਜਵਾਨ ਧੀਆਂ ਦਾ ਫ਼ਿਕਰ ਰਾਤਾਂ ਨੂੰ ਸੌਣ ਨਹੀਂ ਦਿੰਦਾ। ਅੱਜ ਤਾਂ ਬਸੰਤ ਪੰਚਮੀ ਮੌਕੇ ਬਸੰਤੀ ਰੰਗ ਦੇ ਪੰਤਗਾਂ ਨੂੰ ਹੱਥ ’ਚ ਲੈ ਉਨ੍ਹਾਂ ਦਹਾੜ ਮਾਰੀ ‘ਅਸੀਂ ਲੀਰਾਂ ਦੀਆਂ ਗੁੱਡੀਆਂ ਨਹੀਂ’। ਸੰਗਰੂਰ ਮੋਰਚਾ ਵਿਚ ਮਹਿਲਾ ਕੰਪਿਊਟਰ ਅਧਿਆਪਕਾਂ ਦਾ ਜੋਸ਼ ਤਖ਼ਤਾਂ ਨੂੰ ਇਹ ਸੁਨੇਹਾ ਦੇਣ ਲਈ ਕਾਫ਼ੀ ਹੈ। ਇਹ ਲੜਕੀਆਂ ਆਖਦੀਆਂ ਹਨ ਕਿ ਉਹ ਇਸ ਰਾਹ ਪੈਣਾ ਨਹੀਂ ਚਾਹੁੰਦੀਆਂ ਸਨ ਪਰ ਬਦਲਾਅ ਦਾ ਨਾਅਰਾ ਦੇਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਨੂੰ ਮਜਬੂਰ ਕੀਤਾ ਹੈ।
ਆਪਣੇ ਹੱਕਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਪਿਛਲੇ ਪੰਜ ਮਹੀਨਿਆਂ ਤੋਂ ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਭੁੱਖ ਹੜਤਾਲ ’ਤੇ ਬੈਠੇ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੇ ਐਤਕੀਂ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਪਤੰਗਾਂ ਤੇ ਲਿਖਕੇ ਆਪਣੀਆਂ ਮੰਗਾਂ ਤੇ ਮਸਲਿਆਂ ਤੋਂ ਇਲਾਵਾ ਸਰਕਾਰੀ ਬੇਵਫਾਈਆਂ ਪੰਜਾਬ ਸਰਕਾਰ ਅੱਗੇ ਰੱਖੀਆਂ ਹਨ ਅਤੇ ਮਸਲਾ ਹੱਲ ਨਾਂ ਹੋਣ ਦੀ ਸੂਰਤ ’ਚ ਤਿੱਖੇ ਸੰਘਰਸ਼ ਦੀ ਧਮਕੀ ਵੀ ਦਿੱਤੀ ਹੈ। ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਬਸੰਤ ਪੰਚਮੀ ਦੇ ਵਿਰੋਧ ਵਿੱਚ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਕੀਤੇ ਗਏ ਧੋਖੇ ਦੀ ਕਹਾਣੀ ਵੱਡੀਆਂ ਪਤੰਗਾਂ ’ਤੇ ਲਿਖੀ ਅਤੇ ਲੋਕਾਂ ਵਿੱਚ ਵੰਡੀ। ਵੱਡੀ ਗੱਲ ਇਹ ਵੀ ਹੈ ਕਿ ਵਿਰੋਧ ਸਥਾਨ ਨੂੰ ਵੀ ਇਸੇ ਤਰ੍ਹਾਂ ਦੀਆਂ ਪਤੰਗਾਂ ਨਾਲ ਸਜਾਇਆ ਗਿਆ ਸੀ ਜਿਨ੍ਹਾਂ ’ਤੇ ਸਰਕਾਰ ਦੇ ਵਾਅਦੇ ਦੀ ਉਲੰਘਣਾ ਦੇ ਸੰਦੇਸ਼ ਲਿਖੇ ਹੋਏ ਸਨ।
ਪੰਜਾਬ ’ਚ ਸੰਘਰਸ਼ੀ ਲੋਹੜੀਆਂ ਜਾਂ ਦਿਵਾਲੀਆਂ ਮਨਾਉਣ ਦਾ ਸਿਲਸਿਲਾ ਤਾਂ ਚੱਲਦਾ ਆ ਰਿਹਾ ਹੈ ਪਰ ਕੰਪਿਊਟਰ ਅਧਿਆਪਕਾਂ ਨੇ ਬਸੰਤ ਪੰਚਮੀ ਨੂੰ ਸੰਘਰਸ਼ੀ ਰੰਗ ਦੇਣ ਦੀ ਨਵੀਂ ਪਿਰਤ ਪਾਈ ਹੈ। ਇਸ ਮੌਕੇ ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਲਟਕਦੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸੂਬਾ ਕਮੇਟੀ ਮੈਂਬਰ ਨਵਦੀਪ ਸ਼ਰਮਾ, ਹਰਜਿੰਦਰ ਕੌਰ (ਤਰਨਤਾਰਨ) ਅਤੇ ਹਰਪ੍ਰੀਤ ਸਾਹਨੇਵਾਲ ਨੇ ਕੀਤੀ। ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਮੌਜੂਦ ਸਨ, ਜੋ ਆਪਣੇ ਹੱਕਾਂ ਲਈ ਲਗਾਤਾਰ ਲੜ ਰਹੇ ਹਨ।ਕੰਪਿਊਟਰ ਅਧਿਆਪਕਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀਆਂ ਮੰਗਾਂ ਨਵੀਆਂ ਨਹੀਂ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਿਯਮਤ ਆਦੇਸ਼ਾਂ ਵਿੱਚ ਦੱਸੇ ਗਏ ਸਾਰੇ ਲਾਭ, ਜਿਨ੍ਹਾਂ ਵਿੱਚ ਛੇਵੇਂ ਤਨਖਾਹ ਕਮਿਸ਼ਨ ਅਧੀਨ ਲਾਭ ਵੀ ਸ਼ਾਮਲ ਹਨ, ਨੂੰ ਬਿਨਾਂ ਕਿਸੇ ਸ਼ਰਤ ਅਤੇ ਦੇਰੀ ਦੇ ਸਿੱਖਿਆ ਵਿਭਾਗ ਵਿੱਚ ਮਿਲਾਇਆ ਜਾਵੇ।
ਹੱਥਾਂ ’ਚ ਪਤੰਗਾਂ ਫੜੀ ਕੰਪਿਊਟਰ ਅਧਿਆਪਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਇਹ ਲੜਾਈ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਰਹੇਗੀ, ਸਗੋਂ ਇਸਦੀ ਗੂੰਜ ਦਿੱਲੀ ਤੱਕ ਸੁਣਾਈ ਦੇਵੇਗੀ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਦੀ ਹੋਵੇਗੀ। ਸੰਘਰਸ਼ ਕਮੇਟੀ ਆਗੂ ਗੁਬਖਸ਼ ਲਾਲ ਬਠਿੰਡਾ ਦਾ ਪ੍ਰਤੀਕਰਮ ਸੀ ਕਿ ਸਰਕਾਰ ਹੁਣ ਕੀਤੇ ਵਾਅਦੇ ਮੁਤਾਬਕ ਉਨ੍ਹਾਂ ਦੀਆਂ ਮੰਗਾਂ ਮੰਨੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਰਕਾਰੀ ਭਰੋਸਿਆਂ ਦਾ ਮੁੱਲ ਨਾ ਪਿਆ ਤਾਂ ਹੀ ਕੰਪਿਊਟਰ ਅਧਿਆਪਕ ਵੀ ਸਰਕਾਰ ਨਾਲ ਦੋ ਹੱਥ ਕਰਨ ਲਈ ਸੜਕਾਂ ’ਤੇ ਨਿਕਲੇ ਹਨ