ਜੀਵਨ ਚ ਬਦਲਾਅ ਦਾ ਸੁਨੇਹਾ ਦਿੰਦਾ ਹੈ,ਬਸੰਤ ਪੰਚਮੀ ਦਾ ਤਿਉਹਾਰ 

ਚੰਡੀਗੜ੍ਹ ਪੰਜਾਬ

ਮੌਸਮ ਦੇ ਖ਼ੂਬਸੂਰਤ ਪਰਿਵਰਤਨ ਦਾ ਨਾਮ ਹੈ ਬਸੰਤ। ਇਹ ਰੁੱਤ ਮਾਨਵਤਾ ਦੀ ਖੁਸ਼ਹਾਲੀ ਦੀ ਪ੍ਰਤੀਕ ਹੈ।ਦੇਸ਼ ਅੰਦਰ ਪੂਰੇ ਵਰ੍ਹੇ ਚ ਛੇ ਰੁੱਤਾਂ ਆਉਂਦੀਆਂ ਹਨ। ਜਿਸ ਵਿਚੋਂ ਬਸੰਤ ਰੁੱਤ ਨੂੰ ਸਭ ਤੋ ਸਰਬੋਤਮ ਤੇ ਰੁੱਤਾਂ ਦਾ ਰਾਜਾ ਆਖਿਆ ਗਿਆ ਹੈ।ਜਿਸ ਦੀ ਵਜ੍ਹਾ ਇਹ ਹੈ ਕੇ ਇਹ ਸਭ ਤੋ ਸੁਹਾਵਣੀ ਤੇ ਬਦਲਾਅ ਵਾਲੀ ਹੁੰਦੀ ਹੈ।ਕਿਉਂਕਿ ਜਨਵਰੀ ਦੇ ਅੰਤ ਚ ਮੌਸਮ ਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ।ਇੱਥੋ ਹੀ ਬਸੰਤ ਰੁੱਤ ਦੀ ਸ਼ੁਰੂਆਤ ਮੰਨੀ ਜਾਂਦੀ ਹੈ।ਇਸ ਮੌਸਮ ਨੂੰ ਪ੍ਰਕਿਰਤੀ ਵਿੱਚ ਇੱਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ।ਬਸੰਤ ਰੁੱਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਢ ਦਾ ਦਬਾਓ ਘਟ ਜਾਂਦਾ ਹੈ ਅਤੇ ਦਰੱਖਤਾਂ ਅਤੇ ਪੌਦਿਆਂ ਦੇ ਝੜੇ ਪੱਤੇ ਅਤੇ ਫੁੱਲ ਫਿਰ ਨਵੇਂ ਰੂਪ ਵਿੱਚ ਖਿੜ ਉੱਠਦੇ ਹਨ।ਸਭਨਾਂ ਵਿੱਚ ਇੱਕ ਨਵੀਂ ਸ਼ਕਤੀ ਦਿਖਾਈ ਦੇਣ ਲੱਗਦੀ ਹੈ।ਮਨੁੱਖੀ ਸਰੀਰ ਵਿੱਚ ਖੂਨ ਦਾ ਵਹਾਅ ਤੇਜ਼ ਹੋਣ ਲੱਗਦਾ ਹੈ।ਮਨੁੱਖ ਨਵੀਂ ਫੁਰਤੀ ਅਨੁਭਵ ਕਰਨ ਲੱਗਦਾ ਹੈ।ਮਨੁੱਖ ਦਾ ਮਨ ਕੁਝ ਨਵਾਂ ਕਰਨ ਲਈ ਉਤਾਵਲਾ ਹੋਣ ਲੱਗਦਾ ਹੈ।ਮਨ ਚ ਇੱਕ ਨਵੀਂ ਉਮੰਗ  ਉੱਠਦੀ ਹੈ।ਮਨ ਉਡਾਰੀਆਂ ਮਾਰਨ ਲੱਗਦਾ ਹੈ।ਸਭ ਕੁਝ ਨਵਾਂ ਨਵਾਂ ਜਾਪਦਾ ਹੈ। ਇਸ ਕੁਦਰਤੀ ਬਦਲਾਅ ਨਾਲ ਸਭ ਸੋਹਣਾ ਸੋਹਣਾ ਲੱਗਣ ਲੱਗਦਾ ਹੈ ਕੁਦਰਤ ਦੇ ਇਸ ਵਰਤਾਰੇ ਨਾਲ ਨਵੀਂ ਦਿਸ਼ਾ ਮਿਲਦੀ ਹੈ।ਬਸੰਤ ਰੁੱਤ ਦੀ ਆਮਦ ਸਰਦ ਰੁੱਤ ਦੇ ਖਤਮ ਹੋਣ ਦੀ ਸੂਚਕ ਮੰਨੀ ਜਾਂਦੀ ਹੈ।ਇਸੇ ਲਈ ਕਿਹਾ ਜਾਂਦਾ ਹੈ: ‘ਆਈ ਬਸੰਤ ਪਾਲਾ ਉਡੰਤ’।ਇਸ ਰੁੱਤ ਦੇ ਸ਼ੁਰੂ ਹੋਣ ਨਾਲ ਕਿਸਾਨ ਆਪਣੀ ਕਮਾਈ ਦੀ ਖੁਸ਼ੀ, ਭਰਪੂਰ ਖਿੜੀਆਂ ਪੱਕ ਰਹੀਆਂ ਫਸਲਾਂ ਦੇ ਸੁਨਹਿਰੀ ਦ੍ਰਿਸ਼,ਘਰੇਲੂ ਮਜਬੂਰੀਆ ਅਤੇ ਕਰਜ਼ਿਆਂ ਤੋਂ ਛੁਟਕਾਰਾ ਪਾਉਣ ਦੀ ਉਮੀਦ ਚ ਤਤਪਰ ਹੁੰਦਾ ਹੈ।ਬਸੰਤ ਪ੍ਰਦੂਸ਼ਨ ਨੂੰ ਦੂਰ ਕਰ ਜੰਗਲ ਚ ਮੰਗਲ ਕਰਦੀ ਹੈ ।ਇਹ ਰੁੱਤ ਸਰੀਰ ਚ ਨਵੀਂ ਊਰਜਾ,ਉਤਸ਼ਾਹ,ਸਿਹਤ ਅਤੇ ਨਿਰੋਗਤਾ ਦੀ ਪ੍ਰਤੀਕ ਹੈ। ਇਹ ਖੁਸ਼ੀਆਂ ਦਾ ਸੁਨੇਹਾ ਦਿੰਦੀ ਹੈ। ਕਹਿੰਦੇ ਹਨ ਕੇ ਮਹਾਭਾਰਤ ਕਾਲ ਚ ਸ੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਕਿਹਾ ਸੀ,“ਮੈਂ ਰੁੱਤਾਂ ਵਿੱਚੋਂ ਰੁੱਤ ਬਸੰਤ ਹਾਂ”।ਬਸੰਤ ਵਾਲੇ ਦਿਨ ਧਾਰਮਿਕ ਸਥਾਨਾਂ ਵਿਖੇ ਕੀਰਤਨ ਅਤੇ ਪਰਵਚਨਾਂ ਨਾਲ ਬਸੰਤ ਦੀ ਉਸਤਤ ਕੀਤੀ ਜਾਂਦੀ ਹੈ। ਖ਼ਾਸ ਕਰਕੇ ਸ੍ਰੀ ਹਰਿਮੰਦਰ  ਸਾਹਿਬ (ਦਰਬਾਰ ਸਾਹਿਬ )ਅੰਮ੍ਰਿਤਸਰ ਸਾਹਿਬ ਵਿਖੇ ਸਾਰਾ ਦਿਨ ਬਸੰਤ ਦੀ ਉਸਤਤ ਚ ਸ਼ਬਦ ਗਾਇਨ ਕੀਤੇ ਜਾਂਦੇ ਹਨ। ਇਸੇ ਤਰਾਂ ਪਟਿਆਲਾ ਵਿਖੇ ਬਸੰਤ ਪੰਚਮੀ ਨੂੰ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੁੰਦੀਆਂ ਹਨ।ਬਸੰਤ ਰੁੱਤ ਦਾ ਤਿਉਹਾਰ ਨਾ ਕੇਵਲ ਪੰਜਾਬ ਸਗੋ ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਤੇ ਮਹਾ ਰਾਸ਼ਟਰ ਸਣੇ ਦੇਸ਼ ਦੇ ਹੋਰਨਾਂ ਕਈ ਸੂਬਿਆਂ ਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਇਸ ਦਿਨ  ਦੇਸ਼ ਦੇ ਕਈ ਭਾਗਾਂ ਚ ਮੇਲੇ ਵੀ ਲਗਦੇ ਹਨ ਅਤੇ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ।ਇਸ ਤੋ ਇਲਾਵਾ ਬਸੰਤ ਵਾਲੇ ਦਿਨ ਬਹੁਤ ਸਾਰੇ ਪਿੰਡਾਂ ਤੇ ਸ਼ਹਿਰਾਂ ਚ ਨੌਜਵਾਨਾ ਵੱਲੋਂ ਪਤੰਗ ਚੜਾ ਕੇ ਬਸੰਤ ਦਾ ਤਿਉਹਾਰ ਮਨਾਇਆ ਜਾਂਦਾ ਹੈ।ਪਤੰਗ ਚੜਾਉਂਦੇ ਵਕਤ ਨੌਜਵਾਨਾ ਵੱਲੋਂ ਘਰਾਂ ਦੀਆਂ ਛੱਤਾਂ ਉੱਤੇ ਡੈੱਕ ਤੇ ਗਾਣੇ ਲਾ ਕੇ ਪਤੰਗਬਾਜ਼ੀ ਕੀਤੀ ਜਾਂਦੀ ਹੈ ਤੇ ਇਕ ਦੁਜੇ ਨਾਲ ਪਤੰਗਾ ਦੇ ਪੇਚੇ ਲਾ ਕੇ ਹਾਈ..ਬੋ  ਹਾਈ…ਬੋ  ਕਰਦਿਆਂ …ਖੁਸ਼ੀ ਮਨਾਈ ਜਾਂਦੀ ਹੈ।

ਮਨੁੱਖਤਾ ਦੇ ਜੀਵਨ ਵਿਚ ਬਸੰਤ ਰੁੱਤ ਦੀ ਮਹਾਨਤਾ ਹਿਰਦੇ ਵਿਚ ਉਤਰਨ ਵਾਲੀ ਅਤੇ ਸ਼ੁੱਧਤਾ,ਸੁੰਦਰਤਾ ਤੇ ਸ਼ਾਂਤੀ ਦੀ ਪ੍ਰਤੀਕ ਹੈ।ਇਸ ਵਾਸਤੇ ਇਹ ਰੁੱਤ ਕੇਵਲ ਰੁੱਤ ਚ ਹੀ ਬਦਲਾਅ ਦਾ ਸੰਕੇਤ ਨਹੀਂ,ਸਗੋਂ ਇਹ ਰੁੱਤ ਮਨੁੱਖ ਦੇ ਸੁਭਾਅ ਚ ਵੀ ਬਦਲਾਅ ਲਿਆਉਂਦੀ ਹੈ।ਅੱਜ ਦੇਸ਼ ਦੇ ਨੌਜਵਾਨ ਤਬਕੇ ਨੂੰ ਬਸੰਤ ਰੁੱਤ ਤੋ ਸੇਧ ਲੈਂਦਿਆਂ ਆਪਣੀ ਸੋਚ ਨੂੰ ਅਗਾਂਹਵਧੂ ਤੇ ਉਸਾਰੂ ਸੋਚ ਚ ਬਦਲਣ ਦੀ ਲੋੜ ਹੈ।ਜਿਵੇਂ ਬਸੰਤ ਰੁੱਤ ਬਾਕੀ ਰੁੱਤਾਂ ਦਾ ਰਾਜਾ ਬਣ ਕੇ ਆਉਂਦੀ ਹੈ,ਠੀਕ ਇਸੇ ਤਰਾਂ ਨਸ਼ਿਆ ਚ ਗਲਤਾਨ ਨੌਜਵਾਨ ਤਬਕੇ ਨੂੰ ਵੀ ਆਪਣੇ ਆਪ ਚ ਬਦਲਾਅ ਲਿਆਉਣਾ ਦੀ ਲੋੜ ਹੈ। ਉਸ ਨੂੰ ਬਸੰਤ ਰੁੱਤ ਵਾਂਗ ਹੀ ਆਪਣੀ ਸੋਚ ਨੂੰ ਉੱਚੀਆਂ ਉਡਾਰੀਆਂ ਮਾਰਨ ਲਈ ਤਿਆਰ ਕਰਨਾ ਚਾਹੀਦਾ ਹੈ।ਮਨ ਚ ਕੁਝ ਨਵਾਂ ਕਰਨ ਬਾਰੇ ਸੋਚਣਾ ਚਾਹੀਦਾ ਹੈ।ਨੀਰਸਤਾ ਨੂੰ ਛੱਡ ਕੇ ਬਸੰਤ ਰੁੱਤ ਚ ਖਿੜਨ ਵਾਲੇ ਫੁੱਲਾਂ ਪੌਦਿਆਂ ਦੀ ਤਰਾਂ ਖੁਦ ਖਿੜ ਕੇ ਮਹਿਕਾਂ ਵੰਡਣੀਆਂ ਚਾਹੀਦੀਆਂ ਹਨ ਤੇ ਜਿੰਦਗੀ ਦੇ ਪੰਧ ਨੂੰ ਸੁਹਾਵਣਾ ਬਣਾਉਣਾ ਚਾਹੀਦਾ ਹੈ।ਕਹਿੰਦੇ ਹਨ ਬਦਲਾਅ ਤਰੱਕੀ ਦੀ ਕੜੀ ਹੈ।ਜੋ ਸਫਲਤਾ ਦੀ ਪਉੜੀ ਚਾੜ੍ਹਨ ਚ ਵੱਡੀ ਭੂਮਿਕਾ ਨਿਭਾਉਂਦਾ ਹੈ।ਇਸ ਲਈ ਬਸੰਤ ਰੁੱਤ ਨੂੰ ਕੇਵਲ ਤਿਉਹਾਰ ਸਮਝ ਕੇ ਹੀ ਨਹੀਂ ਮਨਾਉਣਾ ਚਾਹੀਦਾ ।ਸਗੋਂ ਇਸ ਰੁੱਤ ਤੋ ਸਿਖਿਆ ਲੈਂਦਿਆਂ ਨੌਜਵਾਨਾ ਨੂੰ ਨਵੇਂ ਸੁਪਨੇ ਸਜਾਉਣ ਦੀ ਲੋੜ ਹੈ।ਸੁਪਨਿਆਂ ਨੂੰ ਸਾਕਾਰ ਕਰਨ ਲਈ ਇੱਕ ਮਨ ਇੱਕ ਚਿੱਤ ਹੋ ਕੇ ਜੁੱਟਣ ਦੀ ਲੋੜ ਹੈ ।ਤਾ ਕੇ ਬਸੰਤ ਰੁੱਤ ਦੇ ਬਦਲਾਅ ਵਾਂਗ ਉਨ੍ਹਾਂ ਦੀ ਜਿੰਦਗੀ ਵਿਚ ਵੀ ਬਦਲਾਅ ਆ ਸਕੇ।ਉਹ ਵੀ ਬਸੰਤ ਰੁੱਤ  ਵਾਂਗ ਪਰਵਾਰ,ਸਮਾਜ ਤੇ ਦੇਸ਼ ਚ ਰਾਜਾ ਬਣ ਕੇ ਜੀਵਨ ਬਤੀਤ ਕਰਨ।ਸੋ ਆਓ ! ਬਸੰਤ ਪੰਚਮੀਂ ਦੇ ਤਿਉਹਾਰ ਨੂੰ ਇੱਕ ਰੁੱਤ ਚ ਬਦਲਾਓ ਨਹੀਂ,ਸਗੋਂ ਜੀਵਨ ਚ ਬਦਲਾਅ ਦਾ ਆਗਮਨ ਮੰਨੀਏ। ਇਹੋ ਬਸੰਤ ਰੁੱਤ ਦਾ ਸੁਨੇਹਾ ਹੈ।

          ਲੈਕਚਰਾਰ ਅਜੀਤ ਖੰਨਾ 

 (  ਐਮ ਏ,ਐਮਫਿਲ,ਐਮਜੇ ਐਮਸੀ,ਬੀ ਐਡ )

       ਮੋਬਾਈਲ:76967 54669 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।