ਮੋਹਾਲੀ ਵਪਾਰ ਦੇ ਖੇਤਰ ਵਿੱਚ ਯੂਰਪੀ ਦੇਸ਼ਾਂ ਨਾਲ ਵੱਡੀਆਂ ਪੁਲਾਂਘਾਂ ਦੀਆਂ ਤਿਆਰੀਆਂ ਵਿੱਚ
ਵਪਾਰ ਵਧਣ ਨਾਲ ਰੋਜ਼ਗਾਰ ਦੇ ਮੌਕੇ ਵਿਕਸਿਤ ਹੋਣਗੇ।
ਮੋਹਾਲੀ 3 ਮਾਰਚ ,ਬੋਲੇ ਪੰਜਾਬ ਬਿਊਰੋ:
ਭਾਰਤ ਅਤੇ ਯੂਰਪੀ ਦੇਸ਼ਾਂ ਵਿਚਕਾਰ ਵਪਾਰਕ ਸਾਂਝ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ‘ਇੰਡੋ ਆਈਸਲੈਂਡ ਬਿਜਨਸ ਐਸੋਸੀਏਸ਼ਨ‘ ਦੀ ਪੰਜਾਬ ਯੂਨਿਟ ਦਾ ਇੱਕ ਉੱਚ ਪੱਧਰੀ ਵਫਦ, ਜਿਸ ਵਿੱਚ ਐਡਵੋਕੇਟ ਲਵਨੀਤ ਠਾਕੁਰ, ਹਿਰਦੇਪਾਲ ਸਿੰਘ ਔਲਖ, ਐਡਵੋਕੇਟ ਮਨਦੀਪ ਸਿੰਘ ਲਾਂਬਾ, ਰੁਪਿੰਦਰਪਾਲ ਸਿੰਘ ਅਤੇ ਗੁਰਦੀਪ ਸਿੰਘ ਬਰਾੜ ਸ਼ਾਮਿਲ ਹਨ, ਅੱਜ ਮੋਹਾਲੀ ਤੋਂ ਆਈਸਲੈਂਡ ਲਈ ਯੂਰਪੀ ਦੌਰੇ ਤੇ ਪੁੱਜਾ। ਵਰਨਣ ਯੋਗ ਹੈ ਕਿ ਇਸ ਵਫਦ ਵਿੱਚ ਪੂਰੇ ਭਾਰਤ ਵਿੱਚੋਂ ੩੦ ਡੈਲੀਗੇਟ ਸ਼ਾਮਲ ਹਨ। ਜਿਨ੍ਹਾਂ ਵਿੱਚ ਉੱਪਰ ਦਿੱਤੇ ਗਏ ੫ ਮੈਂਬਰ ਮੋਹਾਲੀ ਸ਼ਹਿਰ ਵਿੱਚੋਂ ਹਨ। ਇਸ ਦੌਰੇ ਦੌਰਾਨ ਇਹ ਟੀਮ ਆਈਸਲੈਂਡ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨਾਲ ਅਹਿਮ ਮੀਟਿੰਗਾਂ ਵਿੱਚ ਸ਼ਾਮਿਲ ਹੋਵੇਗੀ। ਆਈਸਲੈਂਡ ਤੋਂ ਬਾਅਦ ਇਹ ਵਫਦ ਨਾਰਵੇ, ਸਵਿਟਜ਼ਰਲੈਂਡ ਅਤੇ ਲਿਚੇਨਸਟਿਨ ਦੇ ਸਰਕਾਰੀ ਅਤੇ ਵਪਾਰਕ ਨੁਮਾਇੰਦਿਆਂ ਨਾਲ ਵੀ ਮੁਲਾਕਾਤਾਂ ਕਰੇਗਾ।
ਇਹ ਵਫਦ ਵੱਖ ਵੱਖ ਖੇਤਰਾਂ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰੇਗਾ। ਜਿਸ ਨਾਲ ਸਾਡੇ ਵਪਾਰੀਆਂ ਦੇ ਵਪਾਰ ਅਤੇ ਵੱਖੋਂ ਵੱਖਰੇ ਦੇਸ਼ਾਂ ਨਾਲ ਸਾਡੇ ਸਬੰਧ ਸੁਖਾਵੇਂ ਹੋਣਗੇ।
ਯੂਰਪੀਅਨ ਫਰੀ ਟਰੇਡ ਐਸੋਸੀਏਸ਼ਨ ਵੱਲੋਂ ਭਾਰਤ ਸਰਕਾਰ ਨਾਲ ਕੀਤੇ ਸਮਝੌਤੇ ਤਹਿਤ ਇਹ ਚਾਰ ਦੇਸ਼ ਭਾਰਤ ਵਿੱਚ 100 ਬਿਲੀਅਨ ਡਾਲਰ ਦਾ ਨਿਵੇਸ਼ ਕਰਨਗੇ। ਜਿਸ ਤਹਿਤ ਆਈਸਲੈਂਡ ਭਾਰਤ ਤੋਂ ਮੱਛੀ ਪਾਲਣ ਉਦਯੋਗ ਲਈ ਸੋਇਆਬੀਨ ਅਤੇ ਹੋਰ ਸਮਾਨ ਦੀ ਆਯਾਤ ਕਰੇਗਾ। ਜਦਕਿ ਭਾਰਤ ਉੱਥੋਂ ‘ਬਾਇਓ ਐਨਰਜੀ‘ ਅਤੇ ਸਮੁੰਦਰੀ ਭੋਜਨ ਮੰਗਵਾਉਂਦਾ ਹੈ। ਇਸ ਮੌਕੇ ਤੇ ਲਵਨੀਤ ਠਾਕਰ ਨੇ ਕਿਹਾ ਕਿ ਵਫਦ ਵੱਲੋਂ ਪੁਰਜੋਰ ਕੋਸ਼ਿਸ਼ ਕੀਤੀ ਜਾਵੇਗੀ ਕਿ ਸਟੀਲ, ਲੋਹਾ, ਕੱਪੜਾ, ਖੇਤੀਬਾੜੀ ਉਤਪਾਦ, ਮੈਡੀਕਲ ਸਹੂਲਤਾਂ ਅਤੇ ਕੈਮੀਕਲ ਖੇਤਰ ਵਿੱਚ ਪੰਜਾਬ ਦੇ ਵਪਾਰੀਆਂ ਨੂੰ ਯੂਰਪੀ ਬਾਜਾਰਾਂ ਨਾਲ ਜੋੜਿਆ ਜਾਵੇ। ਇਸੇ ਕੋਸ਼ਿਸ਼ ਅਧੀਨ ਯੂਰਪੀ ਵਪਾਰੀਆਂ ਨਾਲ ਪੰਜਾਬ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਉੱਚ ਪੱਧਰੀ ਮੀਟਿੰਗਾਂ ਅਤੇ ਸੈਮੀਨਾਰਾਂ ਦਾ ਆਯੋਜਨ ਵੀ ਕਰਵਾਇਆ ਜਾਵੇਗਾ। ਇਸ ਮੌਕੇ ਤੇ ਸਤਨਾਮ ਦਾਊਂ ਨੇ ‘ਇੰਡੋ ਆਈਸਲੈਂਡ ਬਿਜਨਸ ਐਸੋਸੀਏਸਨ’ ਦਾ ਧੰਨਵਾਦ ਕਰਦੇ ਹੋਏ ਕਿਹਾ ਵਫਦ ਵਿੱਚ ਪੰਜਾਬ ਵੱਲੋਂ ਸਾਡੇ ਸ਼ਹਿਰ ਦੇ ੫ ਮੈਂਬਰ ਸ਼ਾਮਲ ਹਨ। ਇਨ੍ਹਾਂ ਮੈਂਬਰਾਂ ਨੂੰ ਸਤਨਾਮ ਦਾਊਂ ਅਤੇ ਉਨ੍ਹਾਂ ਦੀ ਟੀਮ ਨੇ ਆਪਣੇ ਘਰ ਤੋਂ ਵਿਸ਼ੇਸ਼ ਸਨਮਾਨ ਵਜੋਂ ਰਾਸ਼ਟਰੀ ਝੰਡਾ ਦੇ ਕੇ ਰਵਾਨਾ ਕੀਤਾ। ਜੋ ਕਿ ਅੱਜ ਆਈਸਲੈਂਡ ਵਿਖੇ ਪਹੰੁਚ ਗਏ ਹਨ। ਇਹ ਮੈਂਬਰ ਆਈਸਲੈਂਡ ਤੋਂ ਬਾਅਦ ਨਾਰਵੇ, ਸਵਿਟਜ਼ਰਲੈਂਡ ਅਤੇ ਲਿਚੇਨਸਟਿਨ ਦੇਸ਼ਾਂ ਵਿਖੇ ਜਾਣਗੇ।
ਇਸ ਮੌਕੇ ਤੇ ਸਤਨਾਮ ਦਾਊਂ ਨੇ ਦੱਸਿਆ ਕਿ ਇਸ ਵਿੱਚ ਮੋਹਾਲੀ ਇੰਡਸਟਰੀ ਐਸੋਸੀਏਸਨ ਦੇ ਪ੍ਰਧਾਨ ਸ੍ਰੀ ਅਸ਼ੋਕ ਗੁਪਤਾ, ਮੈਂਬਰ ਜਸਵਿੰਦਰ ਰੰਧਾਵਾ ਅਤੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਅਤੇ ਉਪਰੋਕਤ ਸੰਸਥਾ ਦੇ ਸੀਨੀਅਰ ਮੈਂਬਰ ਸਤਨਾਮ ਦਾਊਂ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਯੂਰਪੀ ਦੇਸ਼ਾਂ ਨੂੰ ਪੰਜਾਬ ਵਿੱਚ ਵਪਾਰਕ ਸਬੰਧਾਂ ਲਈ ਪੇ੍ਰਰਿਤ ਕੀਤਾ। ਇਨ੍ਹਾਂ ਦੇਸ਼ਾਂ ਵਿੱਚ ਇਹ ਵੀਡੀਓ ਸੰਦੇਸ਼ ਮੀਟਿੰਗਾਂ ਦੌਰਾਨ ਪ੍ਰਸਾਰਿਤ ਕੀਤੇ ਜਾਣਗੇ। ਇਸ ਦੌਰਾਨ ਉਪਰੋਕਤ ਸਾਰੇ ਵਿਅਕਤੀਆਂ ਵੱਲੋਂ ਡੈਲੀਗੇਟਾਂ ਨੂੰ ਸੁਭਕਾਮਨਾਵਾਂ ਭੇਜੀਆਂ ਗਈਆਂ।
ਇਸੇ ਦੌਰਾਨ ਸਤਨਾਮ ਦਾਊਂ ਨੇ ਇੱਕ ਅਹਿਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੇਕਰ ਇਹਨਾਂ ਯੂਰਪੀ ਦੇਸਾਂ ਵਿੱਚ ਕੋਈ ਵੀ ਭਾਰਤੀ ਇਮੀਗਰੇਸਨ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ ਜਾਂ ਕਿਸੇ ਮੁਸੀਬਤ ਵਿੱਚ ਫਸਿਆ ਹੈ, ਤਾਂ ਉਹ ਸਤਨਾਮ ਦਾਊਂ ਰਾਹੀਂ, ਐਸੋਸੀਏਸਨ ਨਾਲ ਸੰਪਰਕ ਕਰ ਸਕਦਾ ਹੈ। ਜਿੱਥੇ ਐਸੋਸੀਏਸ਼ਨ ਦੇ ਨੁਮਾਇੰਦੇ ਉਨ੍ਹਾਂ ਦੇਸ਼ਾਂ ਦੇ ਭਾਰਤੀ ਨੁਮਾਇੰਦਿਆਂ ਅਤੇ ਉੱਥੇ ਦੀਆਂ ਸਰਕਾਰਾਂ ਨਾਲ ਤਾਲਮੇਲ ਕਰਕੇ ਉਹਨਾਂ ਦੀ ਬਣਦੀ ਜਾਇਜ ਮਦਦ ਕੀਤੀ ਜਾਵੇਗੀ।












