ਪ੍ਰਾਇਮਰੀ ਹੈੱਡ ਟੀਚਰ ਮੋਤੀ ਨਗਰ ਦੀ ਬਦਲੀ ਜਿਲੇ ਤੋਂ ਬਾਹਰ ਕਰਕੇ ਜਾਂਚ ਮੁਕੰਮਲ ਕਰਨ ਦੀ ਮੰਗ
ਲੁਧਿਆਣਾ 3 ਮਾਰਚ ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ );
ਪ੍ਰਾਇਮਰੀ ਸਕੂਲ ਮੋਤੀ ਨਗਰ ਦੀ ਅਧਿਆਪਕਾ ਨਾਲ ਹੋਏ ਸ਼ੋਸ਼ਣ ਵਿਰੁੱਧ ਅਤੇ ਇਨਸਾਫ਼ ਦਿਵਾਉਣ ਲਈ ਲੁਧਿਆਣਾ ਜਿਲ੍ਹੇ ਦੀਆਂ ਅਧਿਆਪਕ ਅਤੇ ਜਨਤਕ ਜਮਹੂਰੀ ਜੱਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਦੇ ਸਾਹਮਣੇ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸਾਧੂ ਸਿੰਘ, ਪੈਂਡੂ ਮਜ਼ਦੂਰ ਯੂਨੀਅਨ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੇ ਜਨਰਲ ਸਕੱਤਰ ਅਮਨ ਦਿਓਲ, ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਜਸਦੇਵ ਲਲਤੋਂ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਿਲ੍ਹਾ ਪ੍ਰਧਾਨ ਰਮਨਜੀਤ ਸੰਧੂ, 6635 ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਆਗੂ ਦੇਸ ਰਾਜ, ਜਿਲ੍ਹਾ ਪ੍ਰਧਾਨ ਪਰਮਿੰਦਰ ਮਲੌਦ, ਐਸ.ਸੀ/ ਬੀਸੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ, ਮਿਡ-ਡੇ-ਮੀਲ ਯੂਨੀਅਨ ਦੀ ਆਗੂ ਪ੍ਰਵੀਨ ਕੁਮਾਰੀ, 4161 ਮਾਸਟਰ ਕਾਡਰ ਯੂਨੀਅਨ ਦੇ ਜਸਵਿੰਦਰ ਸਿੰਘ ਐਤੀਆਣਾ, ਜਲ ਸਪਲਾਈ ਯੂਨੀਅਨ (ਰਜਿਸਟਰ ਨੰ: 31) ਦੇ ਆਗੂ ਬਲਜੀਤ ਸਿੰਘ ਭੱਟੀ, 5994 ਈਟੀਟੀ ਯੂਨੀਅਨ ਦੇ ਪ੍ਰਿੰਸ ਕੰਬੋਜ ਅਤੇ ਅਧਿਆਪਕ ਆਗੂ ਹਰਦੇਵ ਮੁੱਲਾਂਪੁਰ ਨੇ ਇਸ ਮਾਮਲੇ ਵਿੱਚ ਪੀੜਤ ਅਧਿਆਪਕਾ ਨੂੰ ਇਨਸਾਫ਼ ਦੇਣ ਵਿੱਚ ਰੁਕਾਵਟਾਂ ਖੜੀਆਂ ਕਰਨ ਵਾਲੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਏਡੀਸੀ (ਜਨਰਲ) ਪੂਨਮ ਸਿੰਘ ਨੇ ‘ਮੰਗ ਪੱਤਰ’ ਲੈਂਦੇ ਹੋਏ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ।ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਜਿਲ੍ਹਾ ਸਕੱਤਰ ਰੁਪਿੰਦਰ ਪਾਲ ਗਿੱਲ ਅਤੇ 6635 ਈਟੀਟੀ ਯੂਨੀਅਨ ਦੇ ਜਿਲ੍ਹਾ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਸ਼ਿਕਾਇਤ ਕਰਤਾ ਪੀੜਤ ਅਧਿਆਪਕਾਂ ਨੂੰ ਹੀ 35 ਕਿਲੋਮੀਟਰ ਦੂਰ ਬਦਲਿਆ ਹੋਇਆ ਹੈ, ਜਦ ਕਿ ਕਥਿਤ ਦੋਸ਼ੀ ਹੈਡ ਟੀਚਰ ਦੀ ਸਿੱਖਿਆ ਵਿਭਾਗ ਵੱਲੋਂ ਪੰਜ ਕਿਲੋਮੀਟਰ ਦੂਰ ਬਦਲੀ ਕੀਤੀ ਗਈ ਹੈ ਅਤੇ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਪੂਰਨ ਖੁੱਲ ਦਿੱਤੀ ਹੋਈ ਹੈ। ਇਹੀ ਨਹੀਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਵੱਲੋਂ ਇਸ ਹੈਡ ਟੀਚਰ ਦੀ 13 ਫਰਵਰੀ ਨੂੰ ਕੀਤੀ ਬਦਲੀ ਨੂੰ ਵੀ ਮਿਲੀਭੁਗਤ ਅਧੀਨ ਸਬੰਧਿਤ ਬਲਾਕ ਦੀ ਪ੍ਰਾਇਮਰੀ ਸਿੱਖਿਆ ਅਧਿਕਾਰੀ ਵੱਲੋਂ ਅਮਲ ਵਿੱਚ ਲਿਆਂਦਾ ਨਹੀਂ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾ ਦੀ ਸ਼ਿਕਾਇਤ ਅਨੁਸਾਰ ਨਿਰਪੱਖ ਜਾਂਚ ਯਕੀਨੀ ਬਣਾਉਣ ਦੀ ਥਾਂ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਰਮਚਾਰੀ ਦਾ ਹੀ ਸ਼ਰੇਆਮ ਪੱਖ ਪੂਰਨ ਵਾਲੀ ਬੀ.ਪੀ.ਈ.ਓ. ਬਲਾਕ ਮਾਂਗਟ-2 ਖਿਲਾਫ ਵਿਭਾਗੀ ਅਨੁਸ਼ਾਸ਼ਨੀ ਕਾਰਵਾਈ ਆਰੰਭ ਕੀਤੀ ਜਾਵੇ ਅਤੇ ਸਬੰਧਿਤ ਸਕੂਲ ਦੇ ਹੈਡ ਟੀਚਰ ਨੂੰ ਫਾਰਗ ਕਰਕੇ ਹੋਈ ਬਦਲੀ ਦੇ ਆਰਡਰ ਤੁਰੰਤ ਪ੍ਰਭਾਵ ਤੋਂ ਲਾਗੂ ਕੀਤੇ ਜਾਣ। ਇਸ ਤੋਂ ਇਲਾਵਾ ਦੋਸ਼ਾਂ ਦਾ ਸਾਹਮਣਾ ਕਰ ਰਹੇ ਹੈਡ ਟੀਚਰ ਵੱਲੋਂ ਲੁਧਿਆਣਾ ਜਿਲ੍ਹੇ ਅੰਦਰ ਆਪਣੇ ਅਸਰ ਰਸੂਖ ਦੀ ਦੁਰਵਰਤੋਂ ਕਰਕੇ ਲਗਾਤਾਰ ਜਾਂਚ ਨੂੰ ਪ੍ਰਭਾਵਿਤ ਕੀਤੇ ਜਾਣ ਦੇ ਮੱਦੇਨਜ਼ਰ, ਇਸ ਕਰਮਚਾਰੀ ਦੀ ਬਦਲੀ ਜਿਲ੍ਹੇ ਤੋਂ ਬਾਹਰ ਕਰਕੇ ਗ੍ਰੇਡ-ਏ ਦੀਆਂ ਮਹਿਲਾ ਅਧਿਕਾਰੀਆਂ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ। ਮਹਿਲਾ ਕਰਮਚਾਰੀਆਂ ਨਾਲ ਕੰਮ ਦੀ ਥਾਂ ‘ਤੇ ਕਿਸੇ ਕਿਸਮ ਦਾ ਵਿਤਕਰਾ ਜਾਂ ਤੰਗ ਪ੍ਰੇਸ਼ਾਨੀ ਹੋਣ ਦੀ ਸ਼ਿਕਾਇਤ ਦਾ ਨਿਪਟਾਰਾ ਸੰਵੇਦਨਸ਼ੀਲਤਾ ਨਾਲ ਕੀਤਾ ਜਾਵੇ ਅਤੇ “ਕਾਰਜਸਥਾਨ ‘ਤੇ ਜਿਨਸੀ ਸੋਸ਼ਣ ਦੀ ਰੋਕਥਾਮ (POSH) ਐਕਟ, 2013” ਦੀਆਂ ਹਦਾਇਤਾਂ ਅਨੁਸਾਰ ਹਰੇਕ ਕੰਮ ਵਾਲੀ ਥਾਂ/ਸਕੂਲਾਂ/ਦਫਤਰਾਂ ਅਤੇ ਜਿਲ੍ਹਾ ਦਫਤਰਾਂ ਨੂੰ ਅੰਦਰੂਨੀ ਜਾਂਚ ਕਮੇਟੀਆਂ ਦਾ ਗਠਨ ਕਰਨ ਅਤੇ ਇਹਨਾਂ ਨੂੰ ਕਾਰਜਸ਼ੀਲ ਰੱਖਣ ਦੇ ਸਖਤ ਨਿਰਦੇਸ਼ ਦਿੱਤੇ ਜਾਣ।
ਇਸ ਮੌਕੇ ਪੀੜਤ ਅਧਿਆਪਕਾ ਨਰਿੰਦਰ ਪਾਲ ਕੌਰ ਨੇ ਦੱਸਿਆ ਕਿ ਸਕੂਲ ਮੁੱਖੀ ਵੱਲੋਂ ਉਸ ਪ੍ਰਤੀ ਭੇਦਭਾਵ ਦਾ ਰਵੱਈਆ ਅਪਣਾਉਂਦੇ ਹੋਏ ਭੱਦੀਆਂ ਟਿੱਪਣੀਆਂ ਕੀਤੀਆਂ ਹਨ ਅਤੇ ਸਕੂਲ ਮੁੱਖੀ ਨੂੰ ਜਬਰੀ ਵਸੂਲੀ ਦੇਣ ਤੋਂ ਮਨ੍ਹਾ ਕਰਨ ‘ਤੇ ਉਸ ਲਈ ਸਕੂਲ ਸਟਾਫ ਦੀ ਬਾਥਰੂਮ ਬੰਦ ਕਰਨ ਤੋਂ ਇਲਾਵਾ ਸਫ਼ਾਈ ਕਰਮਚਾਰੀ ਹੋਣ ਦੇ ਬਾਵਜੂਦ ਉਸਦੇ ਜਮਾਤ ਦੇ ਕਮਰੇ ਦੀ ਸਫਾਈ ਕਰਵਾਉਣ ਉੱਪਰ ਰੋਕ ਲਗਾਕੇ ਉਸਨੂੰ ਜਲੀਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲ ਵਿੱਚ ਹਾਜ਼ਰ ਹੋਣ ਦੇ ਬਾਵਜੂਦ ਅਧਿਕਾਰਿਤ ਢੰਗ ਨਾਲ ਹਾਜ਼ਰੀ ਰਜਿਸਟਰ ‘ਤੇ ਹਾਜ਼ਰੀ ਪਾਉਣ ਤੋਂ ਰੋਕਿਆ ਜਾਂਦਾ ਰਿਹਾ ਹੈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਰਮਿੰਦਰ ਸਿੰਘ, ਅਵਤਾਰ ਸਿੰਘ ਖਾਲਸਾ, ਰਾਜਿੰਦਰ ਜੰਡਿਆਲੀ, ਬਲਵੀਰ ਬਾਸੀਆਂ, ਪਿੰਕੀ, ਗੁਲਸ਼ਨਦੀਪ ਸਿੰਘ, ਬਰਜਿੰਦਰ ਸਿੰਘ, ਪਰਮਜੀਤ ਸਿੰਘ, ਮਲਕੀਤ ਮਾਲੜਾ, ਪਰਮਿੰਦਰ ਸਿੰਘ ਮੁਕਤਸਰ ਆਦਿ ਹਾਜ਼ਰ ਸਨ।












