ਚੇਨਈ, 3 ਮਈ ,ਬੋਲੇ ਪੰਜਾਬ ਬਿਊਰੋ;
ਚੇਨਈ ਇੰਟਰਨੈਸ਼ਨਲ ਏਅਰਪੋਰਟ ‘ਤੇ ਅੱਜ ਲੈਂਡਿੰਗ ਦੌਰਾਨ ਏਅਰ ਅਰੇਬੀਆ ਦੀ ਚੱਲਦੀ ਫਲਾਈਟ ਵਿੱਚ ਇੱਕ ਯਾਤਰੀ ਐਮਰਜੈਂਸੀ ਗੇਟ ਖੋਲ੍ਹ ਕੇ ਹੇਠਾਂ ਛਾਲ ਮਾਰ ਗਿਆ। ਇਹ ਫਲਾਈਟ ਸ਼ਾਰਜਾਹ ਤੋਂ ਚੇਨਈ ਪਹੁੰਚੀ ਸੀ ਅਤੇ ਇਸ ਵਿੱਚ 231 ਯਾਤਰੀ ਸਵਾਰ ਸਨ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਸਵੇਰੇ ਕਰੀਬ 3:23 ਵਜੇ ਵਾਪਰੀ। ਏਅਰਬੱਸ A320 ਮਾਡਲ ਦੀ ਫਲਾਈਟ G9 471 ਰਨਵੇ ਤੋਂ ਟਰਮੀਨਲ ਵੱਲ ਵਧ ਰਹੀ ਸੀ। ਘਟਨਾ ਤੋਂ ਤੁਰੰਤ ਬਾਅਦ ਪਾਇਲਟ ਨੇ ਜਹਾਜ਼ ਨੂੰ ਰੋਕ ਦਿੱਤਾ ਅਤੇ ਏਅਰਪੋਰਟ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਹੇਠਾਂ ਛਾਲ ਮਾਰਨ ਕਾਰਨ ਯਾਤਰੀ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਲਿਜਾਇਆ ਗਿਆ। ਮੁਲਜ਼ਮ ਦੀ ਪਛਾਣ 29 ਸਾਲਾ ਮੁਹੰਮਦ ਸ਼ਰੀਫ ਮੁਹੰਮਦ ਨਜਮੁਦੀਨ ਵਜੋਂ ਹੋਈ ਹੈ।
ਏਅਰਪੋਰਟ ਅਧਿਕਾਰੀਆਂ ਅਨੁਸਾਰ, ਜਹਾਜ਼ ਨੇ ਸੁਰੱਖਿਅਤ ਲੈਂਡਿੰਗ ਕਰ ਲਈ ਸੀ ਅਤੇ ਮੁੱਖ ਰਨਵੇ ਛੱਡਣ ਤੋਂ ਬਾਅਦ ਟੈਕਸੀਵੇਅ ‘ਤੇ ਜਾ ਰਿਹਾ ਸੀ। ਇਸੇ ਦੌਰਾਨ ਯਾਤਰੀ ਨੇ ਅਚਾਨਕ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਬਾਹਰ ਨਿਕਲ ਗਿਆ। ਇਸ ਘਟਨਾ ਕਾਰਨ ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚ ਡਰ ਅਤੇ ਘਬਰਾਹਟ ਦਾ ਮਾਹੌਲ ਬਣ ਗਿਆ, ਜਦਕਿ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ ਕਰ ਦਿੱਤਾ ਗਿਆ।
ਚੇਨਈ ਇੰਟਰਨੈਸ਼ਨਲ ਏਅਰਪੋਰਟ ਦੇ ਇੱਕ ਸੀਨੀਅਰ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਿਸ ਸਮੇਂ ਯਾਤਰੀ ਨੇ ਛਾਲ ਮਾਰੀ, ਉਸ ਵੇਲੇ ਜਹਾਜ਼ ਪੂਰੀ ਤਰ੍ਹਾਂ ਰੁਕਿਆ ਨਹੀਂ ਸੀ, ਸਗੋਂ ਹੌਲੀ ਰਫ਼ਤਾਰ ਵਿੱਚ ਸੀ। ਅਧਿਕਾਰੀ ਮੁਤਾਬਕ, ਇਸ ਘਟਨਾ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ।












