ਇੰਡੀਅਨ ਰੈੱਡ ਕਰਾਸ ਸੁਸਾਇਟੀ, ਵਿਸ਼ਵਾਸ ਫਾਊਂਡੇਸ਼ਨ ਅਤੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ ਆਯੋਜਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਮਈ ,ਬੋਲੇ ਪੰਜਾਬ ਬਿਊਰੋ:
ਵਿਸ਼ਵ ਰੈੱਡ ਕਰਾਸ ਦਿਵਸ ਦੇ ਸਬੰਧ ਵਿੱਚ ਇੰਡੀਅਨ ਰੈੱਡ ਕਰਾਸ ਸੁਸਾਇਟੀ, ਜ਼ਿਲ੍ਹਾ ਸ਼ਾਖਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸ੍ਰੀਮਤੀ ਕੋਮਲ ਮਿੱਤਲ, ਡਿਪਟੀ ਕਮਿਸ਼ਨਰ (ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ) ਜੀ ਦੀ ਅਗਵਾਈ ਹੇਠ ਵਿਸ਼ਵਾਸ ਫਾਊਂਡੇਸ਼ਨ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ 8 ਮਈ, 2026 ਨੂੰ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਖੂਨਦਾਨ ਕੈਂਪ ਰੈੱਡ ਕਰਾਸ ਦੇ ਬਾਨੀ ਸਰ ਹੈਨਰੀ ਡਿਊਨਾ ਦੇ ਜਨਮ ਦਿਨ ਅਤੇ ਵਿਸ਼ਵ ਰੈੱਡ ਕਰਾਸ ਦਿਵਸ ਨੂੰ ਸਮਰਪਿਤ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਖੂਨਦਾਨ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਲਗਾਇਆ ਜਾਵੇਗਾ। ਕੈਂਪ ਦੌਰਾਨ ਸਿਵਲ ਹਸਪਤਾਲ ਫੇਜ਼-6, ਮੋਹਾਲੀ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਖੂਨ ਇਕੱਤਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਖੂਨ ਦਾ ਦਾਨ ਕਰੋ ਜੀਵਨ ਦਾ ਕਲਿਆਣ ਕਰੋ ਖੂਨਦਾਨ ਇੱਕ ਮਹਾਨ ਦਾਨ ਹੈ, ਜਿਸ ਨਾਲ ਕਈ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਸਮਾਜ ਦੇ ਹਰ ਤੰਦਰੁਸਤ ਨਾਗਰਿਕ ਨੂੰ ਇਸ ਪੁੰਨ ਦੇ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਖੂਨਦਾਨ ਕੈਂਪ ਵਿੱਚ ਸ਼ਮੂਲੀਅਤ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ।
ਖੂਨਦਾਨ ਕੈਂਪ ਸਬੰਧੀ ਵਧੇਰੇ ਜਾਣਕਾਰੀ ਲਈ ਸਿਵਲ ਹਸਪਤਾਲ ਫੇਜ਼-6, ਮੋਹਾਲੀ ਦੇ ਬਲੱਡ ਬੈਂਕ ਨਾਲ ਫੋਨ ਨੰਬਰ 0172-2219526, 7087087055 ਅਤੇ 92163-33300 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।











