ਨਵੀਂ ਦਿੱਲੀ, 14 ਜੁਲਾਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤਟੈਕਸ–2026 ਦੌਰਾਨ ਪੰਜਾਬ ਰਾਜ ਪੈਵਿਲੀਅਨ ਦਾ ਉਦਘਾਟਨ ਕਰਦਿਆਂ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਟੈਕਸਟਾਈਲ ਖੇਤਰ ਵਿੱਚ ਪੰਜਾਬ ਕੋਲ ਕਪਾਹ ਦੀ ਖੇਤੀ ਤੋਂ ਲੈ ਕੇ ਸੂਤ ਕੱਤਣ, ਕੱਪੜਾ ਤਿਆਰ ਕਰਨ, ਬੁਣਾਈ, ਪ੍ਰੋਸੈਸਿੰਗ, ਤਿਆਰ ਕੱਪੜਿਆਂ ਦੇ ਨਿਰਮਾਣ ਅਤੇ ਨਿਰਯਾਤ ਤੱਕ ਪੂਰੀ ਉਤਪਾਦਨ ਲੜੀ ਮੌਜੂਦ ਹੈ, ਜਿਸ ਕਾਰਨ ਇਹ ਸੂਬਾ ਟੈਕਸਟਾਈਲ ਉਦਯੋਗ ਲਈ ਸਭ ਤੋਂ ਉਚਿਤ ਮੰਜ਼ਿਲ ਬਣ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਉਦਯੋਗਿਕ ਅਤੇ ਕਾਰੋਬਾਰ ਵਿਕਾਸ ਨੀਤੀ ਤਹਿਤ ਇਕੋ ਖਿੜਕੀ ਪ੍ਰਣਾਲੀ ਅਤੇ ਇਕੋ ਦਸਤਖ਼ਤ ਪ੍ਰਣਾਲੀ ਰਾਹੀਂ ਨਿਰਧਾਰਤ ਸਮੇਂ ਅੰਦਰ ਸਾਰੀਆਂ ਮਨਜ਼ੂਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਅਤੇ 5 ਲੱਖ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਉਦਯੋਗਪਤੀਆਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਹੋਣਾ ਪੈਂਦਾ ਸੀ, ਪਰ ਹੁਣ ਹਰ ਉਦਯੋਗ ਨੂੰ ਰੈੱਡ ਕਾਰਡ ਪ੍ਰਣਾਲੀ ਅਧੀਨ ਸੁਰੱਖਿਆ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਅਧਿਕਾਰੀ ਉਨ੍ਹਾਂ ਨੂੰ ਬੇਵਜ੍ਹਾ ਪਰੇਸ਼ਾਨ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਕਾਰੋਬਾਰ ਕਰਨ ਦੀ ਸੁਖਾਲਤਾ ਦੇ ਮਾਮਲੇ ਵਿੱਚ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਲ ਹੈ ਅਤੇ ਸਰਕਾਰ ਉਦਯੋਗਪਤੀਆਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝ ਕੇ ਹਰ ਸੰਭਵ ਸਹਿਯੋਗ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਹੋਰ ਉਦਯੋਗਿਕ ਕੇਂਦਰ ਪਹਿਲਾਂ ਹੀ ਦੇਸ਼ ਦੀ ਟੈਕਸਟਾਈਲ ਅਰਥਵਿਵਸਥਾ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਸੂਬਾ ਤਕਨੀਕੀ ਕੱਪੜਿਆਂ, ਮੈਡੀਕਲ ਵਰਤੋਂ ਵਾਲੇ ਕੱਪੜਿਆਂ, ਸੁਰੱਖਿਆ ਕੱਪੜਿਆਂ, ਸਮਾਰਟ ਫੈਬਰਿਕ, ਟਿਕਾਊ ਰੇਸ਼ਿਆਂ ਅਤੇ ਉੱਚ-ਗੁਣਵੱਤਾ ਵਾਲੇ ਖੇਡਾਂ ਦੇ ਕੱਪੜਿਆਂ ਦੇ ਨਿਰਮਾਣ ਵਿੱਚ ਵੱਡੀਆਂ ਸੰਭਾਵਨਾਵਾਂ ਰੱਖਦਾ ਹੈ ਅਤੇ ਸਰਕਾਰ ਇਸ ਖੇਤਰ ਵਿੱਚ ਖੋਜ, ਨਵੀਨਤਾ, ਹੁਨਰ ਵਿਕਾਸ ਅਤੇ ਨਿਰਯਾਤ ਨੂੰ ਹੋਰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਦੀਆਂ ਬਣੀਆਂ ਟੈਕਸਟਾਈਲ ਵਸਤਾਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਨਿਰਯਾਤ ਕੀਤੀਆਂ ਜਾ ਰਹੀਆਂ ਹਨ ਅਤੇ ਸੂਬਾ ਦੇਸ਼ ਦੇ ਕੁੱਲ ਟੈਕਸਟਾਈਲ ਅਤੇ ਪਹਿਰਾਵਾ ਨਿਰਯਾਤ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੁਨਿਆਦੀ ਢਾਂਚੇ, ਭਰੋਸੇਯੋਗ ਬਿਜਲੀ ਸਪਲਾਈ, ਨਿਵੇਸ਼ਕਾਂ ਲਈ ਸੁਖਾਲੀਆਂ ਸੇਵਾਵਾਂ ਅਤੇ ਨਿਰਯਾਤ ਨੂੰ ਹੋਰ ਮਜ਼ਬੂਤ ਕਰਕੇ ਪੰਜਾਬ ਨੂੰ ਉਦਯੋਗਿਕ ਵਿਕਾਸ ਦਾ ਮੋਹਰੀ ਸੂਬਾ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।












