ਨਵੀਂ ਦਿੱਲੀ 14 ਜੁਲਾਈ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਨਵੀਂ ਦਿੱਲੀ ਵਿਖੇ ਭਾਰਤ ਟੈਕਸ-2026 ਦੌਰਾਨ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਨੂੰ 75 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਭਾਰਤ ਦੇ ਅਗੇਤੀ ਟੈਕਸਟਾਈਲ ਹੱਬ ਵਜੋਂ ਵਿਕਸਤ ਕਰਨ ਲਈ ਸਰਕਾਰ ਨੇ ਅਪੈਰਲ, ਟੈਕਨੀਕਲ ਟੈਕਸਟਾਈਲ, ਕਤਾਈ-ਬੁਣਾਈ ਅਤੇ ਰੰਗਾਈ-ਫਿਨਿਸ਼ਿੰਗ ਨਾਲ ਸਬੰਧਤ ਤਿੰਨ ਵਿਸ਼ੇਸ਼ ਨੀਤੀਆਂ ਲਾਗੂ ਕੀਤੀਆਂ ਹਨ। ਨਿਵੇਸ਼ਕਾਂ ਲਈ ਪੂੰਜੀ ਸਬਸਿਡੀ, ਐਸਜੀਐਸਟੀ ਰਿਇੰਬਰਸਮੈਂਟ ਅਤੇ ਹੋਰ ਆਕਰਸ਼ਕ ਪ੍ਰੋਤਸਾਹਨਾਂ ਦਾ ਵੀ ਐਲਾਨ ਕੀਤਾ ਗਿਆ ਹੈ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਐਸ.ਏ.ਐਸ. ਨਗਰ ਵਰਗੇ ਉਦਯੋਗਿਕ ਕਲੱਸਟਰ ਟੈਕਸਟਾਈਲ ਖੇਤਰ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬਾ ਹੁਣ ਰਵਾਇਤੀ ਟੈਕਸਟਾਈਲ ਦੇ ਨਾਲ-ਨਾਲ ਟੈਕਨੀਕਲ ਟੈਕਸਟਾਈਲ, ਮੈਡੀਟੈਕ, ਸਪੋਰਟਟੈਕ ਅਤੇ ਐਗਰੀਟੈਕ ਵਰਗੇ ਉਭਰਦੇ ਖੇਤਰਾਂ ਵਿੱਚ ਵੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਜਿਸ ਨਾਲ ਪੰਜਾਬ ਵਿਸ਼ਵ ਪੱਧਰ ‘ਤੇ ਮੁਕਾਬਲੇ ਲਈ ਤਿਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਬੂਤ ਉਦਯੋਗਿਕ ਢਾਂਚਾ, ਭਰੋਸੇਯੋਗ ਬਿਜਲੀ, ਆਧੁਨਿਕ ਲੌਜਿਸਟਿਕਸ, ਰਾਈਟ ਟੂ ਬਿਜ਼ਨਸ ਐਕਟ ਅਤੇ ਫਾਸਟਟ੍ਰੈਕ ਪੰਜਾਬ ਪੋਰਟਲ ਰਾਹੀਂ ਮਿਲ ਰਹੀਆਂ ਤੇਜ਼ ਪ੍ਰਵਾਨਗੀਆਂ ਪੰਜਾਬ ਨੂੰ ਟੈਕਸਟਾਈਲ ਨਿਵੇਸ਼ ਲਈ ਆਦਰਸ਼ ਮੰਜ਼ਿਲ ਬਣਾਉਂਦੀਆਂ ਹਨ।












