ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਅਗਸਤ,ਬੋਲੇ ਪੰਜਾਬ ਬਿਉਰੋ:
ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਅੱਜ ਸੈਕਟਰ-79 ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਕਰਵਾਏ ਸਮਾਗਮ ਦੌਰਾਨ ਹਲਕੇ ਦੇ 52 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਕੁੱਲ 5 ਕਰੋੜ ਰੁਪਏ ਦੇ ਗਰਾਂਟ ਚੈੱਕ ਵੰਡੇ। ਇਸ ਮੌਕੇ 18 ਲਾਭਪਾਤਰੀਆਂ ਨੂੰ ਕੱਚੇ ਘਰਾਂ ਦੀ ਮੁਰੰਮਤ ਲਈ ਪ੍ਰਤੀ ਘਰ 2 ਲੱਖ ਰੁਪਏ ਦੇ ਚੈੱਕ ਵੀ ਭੇਟ ਕੀਤੇ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਲਕਾ ਮੋਹਾਲੀ ਲਈ ਵਿਕਾਸ ਗਰਾਂਟਾਂ ਦੀ ਇਹ ਤੀਜੀ ਕਿਸ਼ਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜ ਇਸੇ ਰਫ਼ਤਾਰ ਨਾਲ ਜਾਰੀ ਰਹਿਣਗੇ।
ਵਿਧਾਇਕ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਮੁੱਚੀ ਮੰਤਰੀ ਮੰਡਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਖੁੱਲ੍ਹੇ ਦਿਲ ਨਾਲ ਗਰਾਂਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਗਰਾਂਟਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਰਫ਼ ਵਿਕਾਸ ਦੇ ਮਕਸਦ ਨਾਲ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ।
ਸ. ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਤੱਕ ਆਪਣੇ ਯਤਨਾਂ ਨਾਲ ਲਗਭਗ 250 ਲੋੜਵੰਦ ਪਰਿਵਾਰਾਂ ਲਈ ਮਕਾਨ ਬਣਵਾ ਕੇ ਦਿੱਤੇ ਜਾ ਚੁੱਕੇ ਹਨ, ਜਦਕਿ ਪੰਜਾਬ ਸਰਕਾਰ ਵੱਲੋਂ ਵੀ 300 ਤੋਂ ਵੱਧ ਘਰ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਨੇ ਵਿਕਾਸ ਕਾਰਜਾਂ ਦੇ ਨਾਲ-ਨਾਲ ਕੱਚੇ ਘਰਾਂ ਦੀ ਮੁਰੰਮਤ ਲਈ ਵੀ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜਿਸ ਕਾਰਨ ਭਾਰੀ ਵਰਖਾ ਦੌਰਾਨ ਵੀ ਪਾਣੀ ਲੰਬੇ ਸਮੇਂ ਤੱਕ ਨਹੀਂ ਖੜ੍ਹਦਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਿੰਘ ਸ਼ਹੀਦਾਂ, ਸੁਹਾਣਾ ਦੇ ਬਾਹਰ ਬਣ ਰਿਹਾ ਡੰਬਲ ਚੌਂਕ ਇੰਜੀਨੀਅਰਿੰਗ ਦਾ ਸ਼ਾਨਦਾਰ ਨਮੂਨਾ ਹੈ ਅਤੇ ਇਸੇ ਤਰ੍ਹਾਂ ਦੇ ਹੋਰ ਪੰਜ ਚੌਂਕ ਵੀ ਸ਼ਹਿਰ ਵਿੱਚ ਤਿਆਰ ਕੀਤੇ ਜਾ ਰਹੇ ਹਨ।
ਵਿਧਾਇਕ ਨੇ ਦੱਸਿਆ ਕਿ ‘ਰੰਗਲਾ ਪੰਜਾਬ’ ਸਕੀਮ ਤਹਿਤ ਵੰਡੀਆਂ ਗਈਆਂ ਗਰਾਂਟਾਂ ਨਾਲ ਵੱਖ-ਵੱਖ ਪਿੰਡਾਂ ਵਿੱਚ ਆਂਗਣਵਾੜੀ ਕੇਂਦਰਾਂ, ਕਮਿਊਨਿਟੀ ਸੈਂਟਰਾਂ, ਧਰਮਸ਼ਾਲਾਵਾਂ, ਗਲੀਆਂ-ਨਾਲੀਆਂ, ਸਟਰੀਟ ਲਾਈਟਾਂ, ਜਲਘਰਾਂ, ਸ਼ਮਸ਼ਾਨਘਾਟਾਂ, ਟੋਭਿਆਂ, ਖੇਡ ਮੈਦਾਨਾਂ, ਪਾਰਕਾਂ, ਸੜਕਾਂ ਅਤੇ ਹੋਰ ਬੁਨਿਆਦੀ ਵਿਕਾਸ ਕਾਰਜ ਕਰਵਾਏ ਜਾਣਗੇ।
ਇਸ ਦੌਰਾਨ ਪਿੰਡ ਸੁਖਗੜ੍ਹ ਵਿਖੇ ਜਨਰਲ ਧਰਮਸ਼ਾਲਾ ਲਈ 5 ਲੱਖ ਰੁਪਏ ਅਤੇ ਫਿਰਨੀ ਦੇ ਨਿਰਮਾਣ ਲਈ 4 ਲੱਖ ਰੁਪਏ, ਪਿੰਡ ਗੀਗੇ ਮਾਜਰਾ ਵਿਖੇ ਫਿਰਨੀ ਤੋਂ ਪੇਵਰ ਲਗਾਉਣ ਲਈ 6 ਲੱਖ ਰੁਪਏ, ਸਟਰੀਟ ਲਾਈਟਾਂ ਲਈ 5 ਲੱਖ ਰੁਪਏ ਅਤੇ ਗਲੀਆਂ-ਨਾਲੀਆਂ ਦੇ ਨਿਰਮਾਣ ਲਈ 4 ਲੱਖ ਰੁਪਏ, ਪਿੰਡ ਮਾਣਕ ਮਾਜਰਾ ਵਿਖੇ ਜਨਰਲ ਧਰਮਸ਼ਾਲਾ ਦੀ ਮੁਰੰਮਤ ਲਈ 4 ਲੱਖ ਰੁਪਏ, ਪਿੰਡ ਹੁਸੈਨਪੁਰ ਵਿਖੇ ਸ਼ਮਸ਼ਾਨਘਾਟ ਦੇ ਵਿਕਾਸ ਲਈ 5 ਲੱਖ ਰੁਪਏ, ਪਿੰਡ ਬਠਲਾਣਾ ਵਿਖੇ ਐਸ.ਸੀ. ਸ਼ਮਸ਼ਾਨਘਾਟ ਲਈ 3 ਲੱਖ ਰੁਪਏ ਅਤੇ ਟੋਭੇ ਦੇ ਕਿਨਾਰੇ ਦੀਵਾਰ ਦੀ ਉਸਾਰੀ ਲਈ 2 ਲੱਖ ਰੁਪਏ, ਪਿੰਡ ਕੰਬਾਲਾ ਵਿਖੇ ਗਲੀ ਉੱਚੀ ਕਰਕੇ ਬਣਾਉਣ ਲਈ 5 ਲੱਖ ਰੁਪਏ, ਪਿੰਡ ਕੁਰੜੀ ਵਿਖੇ ਐਸ.ਸੀ. ਧਰਮਸ਼ਾਲਾ ਲਈ 5 ਲੱਖ ਰੁਪਏ, ਪਿੰਡ ਮਿੱਡੇ ਮਾਜਰਾ ਵਿਖੇ ਫਿਰਨੀ ਦੇ ਨਿਰਮਾਣ ਲਈ 10 ਲੱਖ ਰੁਪਏ, ਪਿੰਡ ਮੋਟੇ ਮਾਜਰਾ ਵਿਖੇ ਸਟਰੀਟ ਲਾਈਟਾਂ ਲਈ 5 ਲੱਖ ਰੁਪਏ, ਪਿੰਡ ਬੜ ਮਾਜਰਾ ਵਿਖੇ ਟੋਭੇ ਦੇ ਵਿਕਾਸ ਲਈ 10 ਲੱਖ ਰੁਪਏ ਅਤੇ ਗਲੀਆਂ-ਨਾਲੀਆਂ ਲਈ 20 ਲੱਖ ਰੁਪਏ, ਪਿੰਡ ਸਨੇਟਾ ਵਿਖੇ ਗਲੀਆਂ ਲਈ 10 ਲੱਖ ਰੁਪਏ ਅਤੇ ਟੋਭੇ ਦੇ ਨਵੀਨੀਕਰਨ ਲਈ 5 ਲੱਖ ਰੁਪਏ, ਪਿੰਡ ਧਰਮਗੜ੍ਹ ਵਿਖੇ ਗਲੀਆਂ-ਨਾਲੀਆਂ ਲਈ 10 ਲੱਖ ਰੁਪਏ, ਪਿੰਡ ਅਲੀਪੁਰ ਵਿਖੇ ਪਾਰਕ ਦੇ ਨਿਰਮਾਣ ਲਈ 3 ਲੱਖ ਰੁਪਏ, ਪਿੰਡ ਰਾਏਪੁਰ ਖੁਰਦ ਦੀ ਪੰਚਾਇਤ ਲਈ 5 ਲੱਖ ਰੁਪਏ ਅਤੇ ਆਂਗਣਵਾੜੀ ਕੇਂਦਰ ਲਈ 4 ਲੱਖ ਰੁਪਏ, ਪਿੰਡ ਤਰੌਲੀ ਵਿਖੇ ਗਲੀਆਂ-ਨਾਲੀਆਂ ਲਈ 5 ਲੱਖ ਰੁਪਏ, ਪਿੰਡ ਤੰਗੋਰੀ ਵਿਖੇ ਸਟੇਡੀਅਮ ਦੀ ਚਾਰਦੀਵਾਰੀ ਲਈ 5 ਲੱਖ ਰੁਪਏ, ਪਿੰਡ ਝੋਰੜੀ ਵਿਖੇ ਸ਼ਮਸ਼ਾਨਘਾਟ ਲਈ 5 ਲੱਖ ਰੁਪਏ, ਪਿੰਡ ਮਨੌਲੀ ਵਿਖੇ ਗਲੀਆਂ-ਨਾਲੀਆਂ ਲਈ 9 ਲੱਖ ਰੁਪਏ, ਪਿੰਡ ਮਟਰਾਂ ਵਿਖੇ ਟੋਭੇ ਦੇ ਫੁੱਟਪਾਥ ਲਈ 5 ਲੱਖ ਰੁਪਏ, ਪਿੰਡ ਜਗਤਪੁਰਾ ਵਿਖੇ ਗਲੀਆਂ-ਨਾਲੀਆਂ ਲਈ 5 ਲੱਖ ਰੁਪਏ, ਪਿੰਡ ਭਾਗੋ ਮਾਜਰਾ ਵਿਖੇ ਸ਼ਮਸ਼ਾਨਘਾਟ ਲਈ 3 ਲੱਖ ਰੁਪਏ, ਸਟਰੀਟ ਲਾਈਟਾਂ ਲਈ 3 ਲੱਖ ਰੁਪਏ, ਐਸ.ਸੀ. ਧਰਮਸ਼ਾਲਾ ਲਈ 4 ਲੱਖ ਰੁਪਏ ਅਤੇ ਮੁੱਖ ਸੜਕ ਤੋਂ ਗੁਰਦੁਆਰਾ ਜੀਵਨ ਸਿੰਘ ਵਾਲਾ ਤੱਕ ਸੜਕ ਦੇ ਨਿਰਮਾਣ ਲਈ 5 ਲੱਖ ਰੁਪਏ, ਪਿੰਡ ਬੜੀ ਵਿਖੇ ਫਿਰਨੀ ਦਾ ਕੁਝ ਹਿੱਸਾ ਚੌੜਾ ਕਰਨ ਲਈ 5 ਲੱਖ ਰੁਪਏ ਅਤੇ ਅੰਬ ਸਾਹਿਬ ਕਲੋਨੀ ਵਿਖੇ ਸੜਕ ਦੇ ਨਿਰਮਾਣ ਲਈ 20 ਲੱਖ ਰੁਪਏ ਦੇ ਚੈੱਕ ਵੰਡੇ ਗਏ।
ਇਸ ਮੌਕੇ ਪਿੰਡ ਭਾਗੋ ਮਾਜਰਾ, ਮੋਟੇ ਮਾਜਰਾ, ਦਾਊ, ਮਟਰਾਂ, ਮਨਾਣਾ, ਬਠਲਾਣਾ, ਗੋਬਿੰਦਗੜ੍ਹ, ਕੈਲੋ, ਰਾਏਪੁਰ ਕਲਾਂ, ਸੁਖਗੜ੍ਹ, ਬਾਕਰਪੁਰ, ਨਗਾਰੀ ਅਤੇ ਜੁਝਾਰ ਨਗਰ ਸਮੇਤ ਵੱਖ-ਵੱਖ ਪਿੰਡਾਂ ਦੇ 18 ਲਾਭਪਾਤਰੀਆਂ ਨੂੰ ਕੱਚੇ ਘਰਾਂ ਦੀ ਮੁਰੰਮਤ ਲਈ 2-2 ਲੱਖ ਰੁਪਏ ਦੇ ਚੈੱਕ ਵੀ ਵੰਡੇ ਗਏ।
ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸਰਪੰਚ, ਪੰਚ, ਪੰਚਾਇਤ ਨੁਮਾਇੰਦੇ ਅਤੇ ਇਲਾਕਾ ਵਾਸੀ ਹਾਜ਼ਰ ਸਨ।











