ਸਾਂਝਾ ਫਰੰਟ ਅਤੇ ਸਾਂਝਾ ਮੰਚ ਵੱਲੋਂ 07 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਅਤੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਵੀ ਹੋਵੇਗਾ ਇਤਿਹਾਸਕ
ਚੰਡੀਗੜ੍ਹ , 03 ਅਗਸਤ ,ਬੋਲੇ ਪੰਜਾਬ ਬਿਊਰੋ;
07 ਅਗਸਤ ਨੂੰ ਅਨਾਜ ਮੰਡੀ ਸੈਕਟਰ 39 ਚੰਡੀਗੜ੍ਹ ਵਿਖੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਹੋਣ ਵਾਲੀ ਮਹਾਂ ਰੈਲੀ ਅਤੇ ਵਿਧਾਨ ਸਭਾ ਵੱਲ ਮਾਰਚ ਸਬੰਧੀ ਅੱਜ ਇੱਥੇ ਸਾਂਝਾ ਫਰੰਟ ਅਤੇ ਸਾਂਝਾ ਮੰਚ ਦੇ ਆਗੂਆਂ ਵੱਲੋਂ ਰੈਲੀ ਸਥਾਨ ਦਾ ਜਾਇਜ਼ਾ ਲਿਆ ਗਿਆ ਅਤੇ ਪ੍ਰਬੰਧਾ ਸਬੰਧੀ ਸਮੀਖਿਆ ਕੀਤੀ ਗਈ, ਇਸ ਉਪਰੰਤ ਇੱਥੇ ਹੀ “ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ” ਅਤੇ “ਸਾਂਝਾ ਮੁਲਾਜ਼ਮ ਮੰਚ, ਪੰਜਾਬ” ਦੀ ਸਾਂਝੀ ਮੀਟਿੰਗ ਸਾਂਝਾ ਫਰੰਟ ਦੇ ਕਨਵੀਨਰ ਸਾਥੀ ਕਰਮ ਸਿੰਘ ਧਨੋਆ ਅਤੇ ਸਾਂਝਾ ਮੰਚ ਦੇ ਮੁੱਖ ਕਨਵੀਨਰ ਸਾਥੀ ਗੁਰਨਾਮ ਸਿੰਘ ਵਿਰਕ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਅਤੇ ਸਾਂਝਾ ਮੰਚ ਦੇ ਕੋਆਰਡੀਨੇਟਰਜ਼ ਸਤੀਸ਼ ਰਾਣਾ ਅਤੇ ਸੁਖਚੈਨ ਸਿੰਘ ਖਹਿਰਾ, ਸਾਂਝਾ ਫਰੰਟ ਤੇ ਕਨਵੀਨਰਜ਼ ਰਣਜੀਤ ਸਿੰਘ ਰਾਣਵਾਂ, ਸੁਖਦੇਵ ਸਿੰਘ ਸੈਣੀ, ਰਾਧੇ ਸ਼ਾਮ, ਸ਼ਿਵ ਕੁਮਾਰ ਤਿਵਾੜੀ, ਐਨ.ਡੀ. ਤਿਵਾੜੀ, ਹਰਪ੍ਰੀਤ ਸਿੰਘ, ਰਘਵੀਰ ਸਿੰਘ, ਕਰਤਾਰ ਪਾਲ, ਸਾਂਝਾ ਮੰਚ ਦੇ ਪ੍ਰਮੁੱਖ ਆਗੂਆਂ ਸੁਸ਼ੀਲ ਕੁਮਾਰ ਫੌਜੀ, ਸਾਹਿਲ ਸ਼ਰਮਾ, ਰਘਵੀਰ ਸਿੰਘ ਬੈਨੀਪਾਲ, ਅਮਿਤ ਕਟੋਚ, ਮਨਪ੍ਰੀਤ ਸਿੰਘ, ਹਰਨੇਕ ਸਿੰਘ, ਹਰਚਰਨ ਸਿੰਘ, ਕੁਲਵੰਤ ਸਿੰਘ ਸਿਕੰਦਰ ਸਿੰਘ ਅਤੇ ਕਮਲਪ੍ਰੀਤ ਸਿੰਘ ਨੇ ਆਖਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿਗਾਈ ਭੱਤੇ ਸਬੰਧੀ ਜੋ ਫੈਸਲਾ ਅੱਜ ਮਾਨਯੋਗ ਉੱਚ ਅਦਾਲਤ ਵਲੋਂ ਦਿੱਤਾ ਗਿਆ ਹੈ, ਉਹ ਇਕ ਇਤਿਹਾਸਿਕ ਫੈਸਲਾ ਹੈ, ਜਿਸ ਦਾ ਸਾਂਝਾ ਫਰੰਟ ਅਤੇ ਸਾਂਝਾ ਮੰਚ ਸਵਾਗਤ ਕਰਦਾ ਹੈ। ਆਗੂਆਂ ਆਖਿਆ ਕਿ ਹੁਣ ਇਸ ਫੈਸਲੇ ਨੂੰ ਲਾਗੂ ਕਰਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਕਿਉਂਕਿ ਪੰਜਾਬ ਸਰਕਾਰ ਦੀ ਮੁਲਾਜ਼ਮਾ ਅਤੇ ਪੈਨਸ਼ਨਰਾਂ ਪ੍ਰਤੀ ਨੀਤੀ ਅਤੇ ਨੀਅਤ ਸਾਫ ਨਹੀਂ ਹੈ। ਆਗੂਆਂ ਅੱਗੇ ਆਖਿਆ 07 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ 18% ਮਹਿਗਾਈ ਭੱਤੇ ਨੂੰ ਲਾਗੂ ਕਰਾਉਣ, ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਅਨਰਵਾਈਜਡ ਅਤੇ ਪੈਨਸ਼ਨਰਾਂ ਤੇ 2.59 ਗਣਾਕ ਲਾਗੂ ਕਰਾਉਣ, 01.01.2004 ਤੋ ਭਰਤੀ ਹੋਏ ਮੁਲਾਜ਼ਮਾ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੂਰੀਆਂ ਤਨਖਾਵਾਂ ਅਤੇ ਭੱਤਿਆਂ ਸਮੇਤ ਪੱਕੇ ਕਰਵਾਉਣ, ਮਿਡ ਡੇ ਮੀਲ, ਆਸ਼ਾ ਅਤੇ ਆਗਣਵਾੜੀ ਵਰਕਰਾਂ ਤੇ ਘੱਟੋ ਘੱਟ 18000 ਰੁਪਏ ਤਨਖਾਹ ਲਾਗੂ ਕਰਵਾਉਣ, ਜਬਰੀ ਕੇਂਦਰੀ ਤਨਖਾਹ ਸਕੇਲ ਥੋਪਣ ਵਾਲਾ 17.07.2020 ਦਾ ਪੱਤਰ ਰੱਦ ਕਰਵਾਉਣ, ਪ੍ਰੋਵੇਸ਼ਨਲ ਪੀਰੀਅਡ ਦੌਰਾਨ ਮੁਢਲੀ ਤਨਖਾਹ ਦੇਣ ਵਾਲਾ 15.01.2015 ਦਾ ਪੱਤਰ ਰੱਦ ਕਰਵਾਉਣ, ਸੋਧਣ ਦੇ ਨਾਮ ਤੇ ਬੰਦ ਕੀਤੇ 37 ਭੱਤੇ ਬਹਾਲ ਕਰਵਾਉਣ, ਵਿਕਾਸ ਟੈਕਸ ਦੇ ਨਾਮ ਤੇ ਹਰ ਮਹੀਨੇ ਵਸੂਲਿਆ ਜਾ ਰਿਹਾ 200 ਰੁਪਏ ਜਜੀਆ ਬੰਦ ਕਰਵਾਉਣ ਅਤੇ ਸਮੁੱਚੇ ਵਿਭਾਗਾਂ ਵਿੱਚ ਪਈਆਂ ਖਾਲੀ ਅਸਾਮੀਆਂ ਪੱਕੇ ਤੌਰ ਤੇ ਪੂਰੇ ਪੂਰੀਆਂ ਤਨਖਾਹਾਂ ਵਿੱਚ ਭਰਵਾਉਣ ਲਈ ਕੀਤੀ ਜਾ ਰਹੀ ਹੈ। ਆਗੂਆਂ ਆਖਿਆ ਕਿ 07 ਅਗਸਤ ਦੀ ਅਨਾਜ ਮੰਡੀ ਸੈਕਟਰ 39 ਚੰਡੀਗੜ੍ਹ ਵਿਖੇ ਹੋਣ ਵਾਲੀ ਮਹਾਂ ਰੈਲੀ ਅਤੇ ਵਿਧਾਨ ਸਭਾ ਵੱਲ ਮਾਰਚ ਇੱਕ ਇਤਿਹਾਸਿਕ ਰੈਲੀ ਤੇ ਮਾਰਚ ਹੋਵੇਗਾ ਜੋ ਇਕ ਲੱਖ ਦੇ ਅੰਕੜੇ ਨੂੰ ਪਾਰ ਕਰੇਗਾ ਅਤੇ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦੇਵੇਗਾ। ਆਗੂਆਂ ਅੱਗੇ ਆਖਿਆ ਕਿ ਜੇ ਸਰਕਾਰ ਨੇ ਇਸ ਮਹਾਂ ਰੈਲੀ ਤੋਂ ਵੀ ਸਬਕ ਨਾ ਸਿੱਖਿਆ ਤਾਂ ਲਾਜਮੀ ਤੌਰ ਤੇ 07 ਅਗਸਤ ਨੂੰ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।











