ਨਵੀਂ ਦਿੱਲੀ 10 ਅਗਸਤ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ 300 ਸੀਟਾਂ ਵਾਲਾ ਮਾਡਰਨ ਤੇ ਉੱਤਮ ਤਕਨੀਕ ਨਾਲ ਲੈਸ ਆਡੀਟੋਰੀਅਮ ਬਣਾਇਆ ਜਾਵੇਗਾ। ਇਸ ਬਾਬਤ ਫੈਸਲਾ ਅੱਜ ਸਕੂਲ ਮੈਨੇਜਮੈਂਟ ਕਮੇਟੀ (ਐਸ.ਐਮ.ਸੀ.) ਦੀ ਸਕੂਲ ਦੇ ਕਾਨਫਰੰਸ ਹਾਲ ਵਿਖੇ ਹੋਈ ਇੱਕ ਮੀਟਿੰਗ ‘ਚ ਲਿਆ ਗਿਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਮੌਜੂਦ ਐਸ.ਐਮ.ਸੀ. ਮੈਂਬਰਾਂ ਨੇ ਸਕੂਲ ‘ਚ ਚਲ ਰਹੇ ਸਿੱਖਿਆ ਸੁਧਾਰਾਂ ਉਤੇ ਸੰਤੋਸ਼ ਜਤਾਇਆ। ਜਨਰਲ ਸਕੱਤਰ ਮਨਜੀਤ ਸਿੰਘ ਖੰਨਾ ਨੇ ਭਵਿੱਖ ਦੇ ਕਾਰਜਾਂ ਲਈ ਯੋਗ ਸੁਝਾਅ ਦਿੰਦੇ ਹੋਏ ਆਡੀਟੋਰੀਅਮ ਲਈ ਲੋੜੀਂਦੇ ਮਾਇਕ ਸਾਧਨਾਂ ਦਾ ਇੰਤਜ਼ਾਮ ਸਕੂਲ ਦੀ ਪੇਰੇਂਟਸ ਬਾਡੀ ਵੱਲੋਂ ਕਰਨ ਦਾ ਭਰੋਸਾ ਦਿੱਤਾ। ਸਕੂਲ ਦੇ ਚੇਅਰਮੈਨ ਰਾਜਾ ਬਲਦੀਪ ਸਿੰਘ ਨੇ ਸਕੂਲ ‘ਚ ਢਾਂਚਾਗਤ ਵਿਕਾਸ ਅਤੇ ਸਿੱਖਿਅਕ ਸੁਧਾਰਾਂ ਕਰਕੇ ਸਕੂਲ ‘ਚ ਵੱਧ ਰਹੇ ਦਾਖਲਿਆਂ ਦੀ ਜਾਣਕਾਰੀ ਦਿੱਤੀ। ਸਕੂਲ ਦੇ ਮੈਨੇਜਰ ਜਗਜੀਤ ਸਿੰਘ ਨੇ ਤਕਨੀਕੀ ਤੌਰ ‘ਤੇ ਸਕੂਲ ਨੂੰ ਹਾਈਟੇਕ ਕਰਨ ਦੀ ਦਿਸ਼ਾ ‘ਚ ਚੁੱਕੇ ਗਏ ਕਦਮਾਂ ਦੀ ਗੱਲ ਕੀਤੀ। ਜਗਜੀਤ ਸਿੰਘ ਨੇ ਸਕੂਲ ਦੀ ਖੇਡ ਅਕਾਦਮੀ ਵਜੋਂ ਫੁਟਬਾਲ, ਕ੍ਰਿਕੇਟ, ਪਿਕੱਲ ਬਾਲ ਅਤੇ ਜਿਮਨਾਸਟਿਕਸ ਖੇਡਾਂ ਲਈ ਤਿਆਰ ਕੀਤੇ ਗਏ ਆਧੁਨਿਕ ਢਾਂਚੇ ਦਾ ਲਾਹਾ ਨੌਜਵਾਨ ਖਿਡਾਰੀਆਂ ਨੂੰ ਮਿਲਣ ਦਾ ਦਾਅਵਾ ਕੀਤਾ। ਜਗਜੀਤ ਸਿੰਘ ਨੇ ਵਿਰਸੇ ਦੀ ਸਾਂਭ, ਵਿਦਿਆਰਥੀਆਂ ਦੇ ਮਨੁੱਖੀ ਵਿਕਾਸ ਅਤੇ ਸਮਾਜ ਦੀ ਸਾਂਸਕ੍ਰਿਤਕ ਪੂੰਜੀ ਨੂੰ ਆਪਣਾ ਹੁਨਰ ਵਿਖਾਉਣ ਵਾਸਤੇ ਆਡੀਟੋਰੀਅਮ ਦੀ ਲੋੜ ਨੂੰ ਜ਼ਰੂਰੀ ਦੱਸਿਆ। ਆਖਰ ‘ਚ ਤਮਾਮ ਰਸਮੀ ਨੁਕਤਿਆਂ ਤੋਂ ਬਾਅਦ ਸਮੂਹ ਐਸ.ਐਮ.ਸੀ. ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਹਰਮਨਜੀਤ ਸਿੰਘ ਨੇ 10 ਮਹੀਨਿਆਂ ਦੇ ਅੰਦਰ ਆਧੁਨਿਕ ਆਡੀਟੋਰੀਅਮ ਦਾ ਕੰਮ ਸਿਰੇ ਚੜ੍ਹਾਉਣ ਦਾ ਅਹਿਦ ਲਿਆ। ਇਸ ਮੌਕੇ ਐਸ.ਐਮ.ਸੀ. ਮੈਂਬਰ ਡਾਕਟਰ ਪਰਮਿੰਦਰ ਪਾਲ ਸਿੰਘ, ਕੁਲਦੀਪ ਸਿੰਘ, ਅਜੀਤ ਸਿੰਘ ਮੋਂਗਾ ਸਣੇ ਟੀਚਰ ਪ੍ਰਤਿਨਿਧੀ ਮੌਜੂਦ ਸਨ।












