ਨਵੀਂ ਦਿੱਲੀ, 10 ਅਗਸਤ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
1947 ਦੀ ਪੰਜਾਬ ਵੰਡ ਦੀ 80ਵੀਂ ਵਰ੍ਹੇਗੰਢ ਤੋਂ ਪਹਿਲਾਂ ਪਾਤਸ਼ਾਹੀ ਦਾਅਵਾ ਨਿਊਜ਼ੀਲੈਂਡ ਨੇ 15 ਅਗਸਤ ਨੂੰ ਪੰਜਾਬ ਅਤੇ ਸਿੱਖਾਂ ਲਈ ‘ਕਾਲਾ ਦਿਨ’ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਦਿਨ ਨੂੰ ਜਸ਼ਨ ਦੀ ਬਜਾਏ ਵੰਡ ਦੌਰਾਨ ਜਾਨਾਂ ਗੁਆਉਣ ਵਾਲੇ ਲਗਭਗ 10 ਲੱਖ ਪੰਜਾਬੀਆਂ ਅਤੇ ਉਜੜੇ ਲੱਖਾਂ ਪਰਿਵਾਰਾਂ ਦੀ ਯਾਦ ਵਿੱਚ ਮਨਾਇਆ ਜਾਣਾ ਚਾਹੀਦਾ ਹੈ। ਸੰਗਠਨ ਦੇ ਆਗੂ ਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪੰਜਾਬ ਦੀ ਤਕਲੀਫ਼ 1947 ਦੀ ਵੰਡ ਨਾਲ ਖ਼ਤਮ ਨਹੀਂ ਹੋਈ, ਸਗੋਂ ਪਿਛਲੇ ਦਹਾਕਿਆਂ ਦੌਰਾਨ ਪੰਜਾਬ ਨੂੰ ਸਿਆਸੀ, ਆਰਥਿਕ, ਸੱਭਿਆਚਾਰਕ ਅਤੇ ਵਾਤਾਵਰਣਕ ਪੱਧਰ ’ਤੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਪਾਤਸ਼ਾਹੀ ਦਾਅਵਾ ਨਿਊਜ਼ੀਲੈਂਡ ਨੇ ਕਿਹਾ ਕਿ 1947 ਸਮੇਂ ਸਿੱਖਾਂ ਨਾਲ ਕੀਤੇ ਗਏ ਸਿਆਸੀ, ਸੱਭਿਆਚਾਰਕ ਅਤੇ ਸੰਵਿਧਾਨਕ ਹੱਕਾਂ ਨਾਲ ਸਬੰਧਤ ਵਾਅਦੇ ਅਤੇ ਭਰੋਸੇ ਬਾਅਦ ਵਿੱਚ ਪੂਰੇ ਨਹੀਂ ਹੋਏ। ਸੰਗਠਨ ਅਨੁਸਾਰ 15 ਅਗਸਤ ਭਾਰਤ ਦਾ ਆਜ਼ਾਦੀ ਦਿਵਸ ਤਾਂ ਹੈ, ਪਰ ਸਿੱਖਾਂ ਜਾਂ ਪੰਜਾਬ ਦੀ ਆਜ਼ਾਦੀ ਦਾ ਦਿਨ ਨਹੀਂ। ਬਿਆਨ ਵਿੱਚ ਪੰਜਾਬ ਦੇ ਲੋਕਾਂ ਨੂੰ ਆਪਣੇ ਸਿਆਸੀ ਭਵਿੱਖ ਬਾਰੇ ਸ਼ਾਂਤੀਪੂਰਨ ਅਤੇ ਲੋਕਤੰਤਰਿਕ ਢੰਗ ਨਾਲ ਫੈਸਲਾ ਕਰਨ ਦਾ ਹੱਕ ਦੇਣ ਦੀ ਗੱਲ ਕਰਦਿਆਂ ਇੰਡੀਆਨਾਪੋਲਿਸ ਵਿੱਚ ਸਿੱਖਾਂ ਨੂੰ ਖਾਲਿਸਤਾਨ ਰੈਫਰੈਂਡਮ ਵਿੱਚ ਹਿੱਸਾ ਲੈਣ ਅਤੇ ਪੰਜਾਬ ਵਿੱਚ 14 ਅਗਸਤ ਨੂੰ ਦਲ ਖਾਲਸਾ ਵੱਲੋਂ ਕੀਤੇ ਜਾ ਰਹੇ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਸੰਗਠਨ ਨੇ ਕਿਹਾ ਕਿ 14 ਅਗਸਤ ਦਾ ਮਾਰਚ 1947 ਦੀ ਵੰਡ ਦੇ ਪੀੜਤਾਂ ਨੂੰ ਯਾਦ ਕਰਨ ਅਤੇ ਪੰਜਾਬ ਦੇ ਇਤਿਹਾਸ ਨਾਲ ਜੁੜੇ ਦੁੱਖ ਤੇ ਸਿਆਸੀ ਮਸਲਿਆਂ ਵੱਲ ਧਿਆਨ ਖਿੱਚਣ ਲਈ ਹੈ। ਪਾਤਸ਼ਾਹੀ ਦਾਅਵਾ ਨਿਊਜ਼ੀਲੈਂਡ ਨੇ ਵੰਡ ਦੌਰਾਨ ਮਾਰੇ ਗਏ ਲੱਖਾਂ ਪੰਜਾਬੀਆਂ ਨੂੰ ਯਾਦ ਕਰਦਿਆਂ ਪੰਜਾਬ ਦੀ ਆਜ਼ਾਦੀ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਅਰਦਾਸ ਕਰਨ ਦੀ ਅਪੀਲ ਵੀ ਕੀਤੀ। ਸੰਗਠਨ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਉਸ ਦੀ ਜੱਥੇਬੰਦੀ NZ Sikh Voice ਦੇ ਨਾਮ ਨਾਲ ਜਾਣੀ ਜਾਵੇਗੀ ਅਤੇ ਇਸ ਦੀ ਨਵੀਂ ਵੈੱਬਸਾਈਟ www.nzsikh.com ਵੀ ਲਾਂਚ ਕੀਤੀ ਗਈ ਹੈ।












