ਸਿੱਖਿਆ ਬੋਰਡ ਮੁਲਾਜ਼ਮਾਂ ਵੱਲੋਂ DPI ਦਫ਼ਤਰ ਅੱਗੇ ਭਰਵੀਂ ਰੋਸ ਰੈਲੀ

ਪੰਜਾਬ

ਵਿੱਤ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ; 

ਡੀ.ਪੀ.ਆਈ. ਇਮਾਰਤ ਦਾ 40 ਕਰੋੜ ਰੁਪਏ ਕਿਰਾਇਆ ਦੇਣ ਦੀ ਮੰਗ

ਮੋਹਾਲੀ, 12 ਅਗਸਤ, ਬੋਲੇ ਪੰਜਾਬ ਬਿਊਰੋ : 

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਬੋਰਡ ਦੀ ਗੰਭੀਰ ਹੋ ਰਹੀ ਵਿੱਤੀ ਸਥਿਤੀ ਅਤੇ ਸਰਕਾਰ ਵੱਲੋਂ ਬਣਦੀ ਰਕਮ ਜਾਰੀ ਨਾ ਕਰਨ ਦੇ ਰੋਸ ਵਜੋਂ ਅੱਜ ਦੂਜੇ ਦਿਨ ਸਿੱਖਿਆ ਵਿਭਾਗ (ਡੀ.ਪੀ.ਆਈ.) ਦੇ ਗੇਟ ’ਤੇ ਭਰਵੀਂ ਰੋਸ ਰੈਲੀ ਕੀਤੀ ਗਈ। ਮੁਲਾਜ਼ਮਾਂ ਨੇ ਵਿੱਤ ਵਿਭਾਗ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਵੀ ਕੀਤਾ।

ਰੈਲੀ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀ ਆਮਦਨ ਅਤੇ ਵਸੀਲਿਆਂ ਨਾਲ ਚੱਲਣ ਵਾਲਾ ਖੁਦਮੁਖਤਿਆਰ ਅਦਾਰਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲ ਬੋਰਡ ਦੀ 574.55 ਕਰੋੜ ਰੁਪਏ ਦੀ ਰਕਮ ਲੰਮੇ ਸਮੇਂ ਤੋਂ ਬਕਾਇਆ ਹੈ, ਜਿਸ ਕਾਰਨ ਬੋਰਡ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ.ਪੀ.ਆਈ. ਵੱਲੋਂ ਵਰਤੀ ਜਾ ਰਹੀ ਬੋਰਡ ਦੀ ਇਮਾਰਤ ਦਾ ਲਗਭਗ 40 ਕਰੋੜ ਰੁਪਏ ਕਿਰਾਇਆ ਵੀ ਬਕਾਇਆ ਹੈ।

ਸੀ. ਮੀਤ ਪ੍ਰਧਾਨ ਗੁਰਚਰਨ ਸਿੰਘ ਤਰਮਾਲਾ ਨੇ ਕਿਹਾ ਕਿ ਵਿੱਤੀ ਸੰਕਟ ਦਾ ਪ੍ਰਭਾਵ ਮੁਲਾਜ਼ਮਾਂ ਦੇ ਪੇ-ਕਮਿਸ਼ਨ ਬਕਾਏ ਅਤੇ ਬੋਰਡ ਦੇ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ’ਤੇ ਪੈ ਰਿਹਾ ਹੈ। ਸੰਯੁਕਤ ਸਕੱਤਰ ਲਖਵਿੰਦਰ ਸਿੰਘ ਘੜੂੰਆਂ ਅਤੇ ਆਗੂ ਮਨੋਜ ਰਾਣਾ ਨੇ ਵੀ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ।

ਐਸੋਸੀਏਸ਼ਨ ਨੇ ਵਿੱਤ ਮੰਤਰੀ ਤੋਂ ਬਕਾਇਆ ਰਕਮ ਜਾਰੀ ਕਰਵਾਉਣ ਅਤੇ ਡੀ.ਪੀ.ਆਈ. ਇਮਾਰਤ ਦਾ ਕਿਰਾਇਆ ਪੀ.ਡਬਲਿਊ.ਡੀ. ਦੇ ਮੌਜੂਦਾ ਰੇਟਾਂ ਅਨੁਸਾਰ ਤੈਅ ਕਰਨ ਦੀ ਮੰਗ ਕੀਤੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮਸਲੇ ਹੱਲ ਨਾ ਹੋਣ ’ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। 

ਰੈਲੀ ਵਿੱਚ ਸੁਖਚੈਨ ਸਿੰਘ ਸਮੇਤ ਮਲਕੀਤ ਸਿੰਘ ਗੱਗੜ, ਗੁਰਜੀਤ ਸਿੰਘ ਬੀਦੋਵਾਲੀ, ਮਨਜਿੰਦਰ ਸਿੰਘ ਹੁਲਕਾ, ਸਵਰਨ ਤਿਊੜ, ਮਨਜੀਤ ਸਿੰਘ ਲਹਿਰਾਗਾਗਾ ਅਤੇ ਹੋਰ ਮੁਲਾਜ਼ਮ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਬੋਰਡ ਮੁਲਾਜ਼ਮ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।