ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ਊਰਜਾ ਯੋਧਿਆਂ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਪੰਜਾਬ

ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸਕਾਊਟ ਵਿਦਿਆਰਥੀਆਂ ਨੇ ਆਪਣੇ ਵਿਚਾਰ ਰੱਖੇ

ਰਾਜਪੁਰਾ, 19 ਅਗਸਤ,ਬੋਲੇ ਪੰਜਾਬ ਬਿਉਰੋ:

ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਹੈੱਡਮਿਸਟ੍ਰੈੱਸ ਵੀਨਾ ਅਰੋੜਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਊਰਜਾ ਯੋਧਿਆਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਬਿਜਲੀ ਦੀ ਬੱਚਤ ਅਤੇ ਊਰਜਾ ਦੀ ਸੰਭਾਲ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਇੰਸ ਮਿਸਟ੍ਰੈੱਸ ਰਾਜਦੀਪ ਕੌਰ ਨੇ ਕਿਹਾ ਕਿ ਵਿਦਿਆਰਥੀ ਜਦੋਂ ਵੀ ਜਮਾਤ ਦੇ ਕਮਰੇ ਵਿੱਚੋਂ ਬਾਹਰ ਆਉਣ, ਤਾਂ ਕਮਰੇ ਦੀਆਂ ਲਾਈਟਾਂ ਅਤੇ ਪੱਖੇ ਬੰਦ ਕਰਨ ਦੇ ਨਾਲ-ਨਾਲ ਸਾਰੇ ਸਵਿੱਚ ਵੀ ਬੰਦ ਕਰਕੇ ਆਉਣ। ਇਸ ਛੋਟੀ ਜਿਹੀ ਆਦਤ ਨਾਲ ਜਿੱਥੇ ਬਿਜਲੀ ਦੀ ਬੱਚਤ ਹੋਵੇਗੀ, ਉੱਥੇ ਵਿਦਿਆਰਥੀਆਂ ਵਿੱਚ ਊਰਜਾ ਸੰਭਾਲ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਆਦਤ ਘਰਾਂ ਵਿੱਚ ਵੀ ਅਪਣਾਈ ਜਾਣੀ ਚਾਹੀਦੀ ਹੈ, ਕਿਉਂਕਿ ਬਿਨਾਂ ਲੋੜ ਤੋਂ ਬਿਜਲੀ ਦੇ ਉਪਕਰਨ ਚਾਲੂ ਰੱਖਣ ਨਾਲ ਬਿਜਲੀ ਦੀ ਖਪਤ ਅਤੇ ਖਰਚਾ ਦੋਵੇਂ ਵਧਦੇ ਹਨ।

ਰਾਜਦੀਪ ਕੌਰ ਨੇ ਵਿਦਿਆਰਥੀਆਂ ਨੂੰ ਸਕੂਲ ਦੇ ਈਕੋ ਕਲੱਬ ਦੇ ਮੈਂਬਰ ਬਣਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਊਰਜਾ ਦੀ ਬੱਚਤ, ਵਾਤਾਵਰਣ ਦੀ ਸੰਭਾਲ ਅਤੇ ਸਫ਼ਾਈ ਵਰਗੇ ਕਾਰਜਾਂ ਵਿੱਚ ਵਿਦਿਆਰਥੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਵਿਦਿਆਰਥੀ ਊਰਜਾ ਯੋਧਿਆਂ ਵਜੋਂ ਆਪਣੀ ਡਿਊਟੀ ਵਧੀਆ ਢੰਗ ਨਾਲ ਨਿਭਾਉਣਗੇ, ਉਨ੍ਹਾਂ ਨੂੰ ਸਕੂਲ ਦੇ ਮੰਚ ਤੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਸ਼ਹੀਦ ਭਗਤ ਸਿੰਘ ਹਾਊਸ ਦੇ ਇੰਚਾਰਜ ਰਾਜਿੰਦਰ ਸਿੰਘ ਚਾਨੀ ਨੇ ਵਿਦਿਆਰਥੀਆਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਅਤੇ ਇਸ ਲਈ ਸਕੂਲ ਵਿੱਚ ਰੱਖੇ ਨੀਲੇ ਅਤੇ ਹਰੇ ਡਸਟਬਿਨਾਂ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਊਰਜਾ ਦੀ ਬੱਚਤ ਦੇ ਨਾਲ-ਨਾਲ ਸਕੂਲ ਦੀ ਸਾਫ਼-ਸਫ਼ਾਈ ਅਤੇ ਵਾਤਾਵਰਨ ਦੀ ਸੰਭਾਲ ਕਰਨਾ ਵੀ ਹਰੇਕ ਵਿਦਿਆਰਥੀ ਦੀ ਜ਼ਿੰਮੇਵਾਰੀ ਹੈ।

ਸਕਾਊਟ ਜਗਰੂਪ ਸਿੰਘ ਦੀ ਦੇਖ-ਰੇਖ ਹੇਠ ਸਕਾਊਟ ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਲਈ ਆਪਣੇ ਵਿਚਾਰ ਰੱਖੇ ਅਤੇ ਸਹੁੰ ਚੁੱਕੀ।

ਸਕੂਲ ਹੈੱਡ ਮਿਸਟ੍ਰੈਸ ਵੀਨਾ ਅਰੋੜਾ ਵੱਲੋਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਊਰਜਾ ਬਚਾਉਣ, ਸਫ਼ਾਈ ਰੱਖਣ ਅਤੇ ਵਾਤਾਵਰਣ ਦੀ ਸੰਭਾਲ ਲਈ ਖੁਦ ਵੀ ਜਾਗਰੂਕ ਹੋਣ ਅਤੇ ਆਪਣੇ ਪਰਿਵਾਰਾਂ ਤੇ ਸਮਾਜ ਨੂੰ ਵੀ ਜਾਗਰੂਕ ਕਰਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।