153 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਦੇ ਦੋਵੇਂ ਪਾਇਲਟ 36 ਹਜ਼ਾਰ ਫੁੱਟ ਦੀ ਉਚਾਈ ’ਤੇ ਸੁੱਤੇ

ਚੰਡੀਗੜ੍ਹ ਪੰਜਾਬ

28 ਮਿੰਟ ਤੱਕ ਏਅਰ ਟ੍ਰੈਫਿਕ ਕੰਟਰੋਲ ਨੂੰ ਨਹੀਂ ਮਿਲਿਆ ਜਵਾਬ


ਜਹਾਜ਼ ਆਪਣੇ ਨਿਰਧਾਰਤ ਰੂਟ ਤੋਂ ਭਟਕਿਆ

ਮੋਹਾਲੀ, 20 ਅਗਸਤ ,ਬੋਲੇ ਪੰਜਾਬ ਬਿਊਰੋ;

ਇੰਡੋਨੇਸ਼ੀਆ ਦੇ ਉੱਪਰ ਕਰੀਬ 36,000 ਫੁੱਟ ਦੀ ਉਚਾਈ ’ਤੇ ਉੱਡ ਰਹੇ ਇੱਕ Airbus A320 ਜਹਾਜ਼ ਵਿੱਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਉਡਾਣ ਦੌਰਾਨ ਦੋਵੇਂ ਹੀ ਪਾਇਲਟ ਇੱਕੋ ਹੀ ਸਮੇਂ ਸੌਂ ਗਏ। ਇਸ ਦੌਰਾਨ ਜਹਾਜ਼ ਦੇ ਪਾਇਲਟ ਕਰੀਬ 28 ਮਿੰਟ ਤੱਕ ਏਅਰ ਟ੍ਰੈਫਿਕ ਕੰਟਰੋਲ ਦੇ ਕਾਲਾਂ ਦਾ ਜਵਾਬ ਨਹੀਂ ਦੇ ਸਕੇ ਅਤੇ ਜਹਾਜ਼ ਆਪਣੇ ਨਿਰਧਾਰਤ ਰਸਤੇ ਤੋਂ ਭਟਕ ਗਿਆ। ਜਹਾਜ਼ ਬਾਤਿਕ ਏਅਰ ਦੀ ਉਡਾਣ ਸੀ, ਜੋ ਕੇਂਦਾਰੀ ਤੋਂ ਜਕਾਰਤਾ ਜਾ ਰਹੀ ਸੀ। ਇਸ ਵਿੱਚ 153 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ, ਯਾਨੀ ਕੁੱਲ 159 ਲੋਕ ਸਵਾਰ ਸਨ।

ਉਡਾਣ ਦੌਰਾਨ ਕੈਪਟਨ ਨੇ ਕੋ-ਪਾਇਲਟ ਨੂੰ ਕੰਟਰੋਲ ਸੌਂਪ ਕੇ ਕੁਝ ਸਮੇਂ ਲਈ ਆਰਾਮ ਕਰਨ ਦੀ ਇਜਾਜ਼ਤ ਲਈ। ਪਰ ਕੁੱਝ ਸਮੇਂ ਬਾਅਦ ਕੋ-ਪਾਇਲਟ ਵੀ ਸੌਂ ਗਿਆ। ਇਸ ਤਰ੍ਹਾਂ ਕੁਝ ਸਮੇਂ ਲਈ ਕਾਕਪਿਟ ਵਿੱਚ ਦੋਵੇਂ ਪਾਇਲਟ ਸੌਂ ਰਹੇ ਸਨ, ਜਦਕਿ ਜਹਾਜ਼ ਆਟੋਪਾਇਲਟ ਮੋਡ ’ਤੇ ਉੱਡ ਰਿਹਾ ਸੀ। ਆਟੋਪਾਇਲਟ ਲੱਗਾ ਹੋਣ ਕਾਰਨ ਜਹਾਜ਼ ਹੌਲੀ-ਹੌਲੀ ਆਪਣੇ ਨਿਰਧਾਰਤ ਰੂਟ ਤੋਂ ਦੂਰ ਹੁੰਦਾ ਗਿਆ। ਏਅਰ ਟ੍ਰੈਫਿਕ ਕੰਟਰੋਲ ਵੱਲੋਂ ਜਹਾਜ਼ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਲਗਭਗ 28 ਮਿੰਟ ਤੱਕ ਕੋਈ ਜਵਾਬ ਨਹੀਂ ਮਿਲਿਆ।

ਆਖ਼ਰਕਾਰ ਕੋ-ਪਾਇਲਟ ਦੀ ਅੱਖ ਖੁੱਲ੍ਹੀ, ਉਸ ਨੇ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ ਅਤੇ ਜਹਾਜ਼ ਨੂੰ ਮੁੜ ਸਹੀ ਰੂਟ ’ਤੇ ਲਿਆਂਦਾ। ਬਾਅਦ ਵਿੱਚ ਜਹਾਜ਼ ਸੁਰੱਖਿਅਤ ਢੰਗ ਨਾਲ ਮੰਜ਼ਿਲ ’ਤੇ ਉਤਰ ਗਿਆ ਅਤੇ ਕਿਸੇ ਵੀ ਯਾਤਰੀ ਨੂੰ ਨੁਕਸਾਨ ਨਹੀਂ ਪਹੁੰਚਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵੇਂ ਪਾਇਲਟ ਉਡਾਣ ਤੋਂ ਪਹਿਲਾਂ ਹੋਈ ਰੁਟੀਨ ਫਿਟਨੈੱਸ ਜਾਂਚ ਵਿੱਚ ਉਡਾਣ ਲਈ ਯੋਗ ਪਾਏ ਗਏ ਸਨ। ਹਾਲਾਂਕਿ, ਅਜਿਹੀਆਂ ਜਾਂਚਾਂ ਵਿੱਚ ਆਮ ਤੌਰ ’ਤੇ ਨੀਂਦ ਦੀ ਕਮੀ ਜਾਂ ਪਿਛਲੀ ਰਾਤ ਦੀ ਥਕਾਵਟ ਨੂੰ ਸਿੱਧੇ ਤੌਰ ’ਤੇ ਮਾਪਣ ਦਾ ਕੋਈ ਤੁਰੰਤ ਤਰੀਕਾ ਨਹੀਂ ਹੁੰਦਾ।

ਇੰਡੋਨੇਸ਼ੀਆ ਦੀ ਟਰਾਂਸਪੋਰਟ ਸੇਫਟੀ ਜਾਂਚ ਵਿੱਚ ਇਸ ਘਟਨਾ ਦਾ ਮੁੱਖ ਕਾਰਨ ਥਕਾਵਟ ਦਾ ਢੁੱਕਵਾਂ ਪ੍ਰਬੰਧ ਨਾ ਹੋਣਾ ਦੱਸਿਆ ਗਿਆ। ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ ਏਅਰਲਾਈਨ ਵੱਲੋਂ ਕਾਕਪਿਟ ਵਿੱਚ ਨਿਯਮਿਤ ਜਾਂਚ ਦੀ ਵਿਵਸਥਾ ਤਾਂ ਸੀ, ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਸੀ ਕਿ ਇਸ ਦੀ ਜ਼ਿੰਮੇਵਾਰੀ ਕਿਸ ਪਾਇਲਟ ਦੀ ਹੋਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।